ਕੋਰੋਨਾ ਦੌਰਾਨ ਮਾਨਵਤਾ ਦੀ ਸੇਵਾ ਲਈ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਮਿਲਿਆ ਸਨਮਾਨ
Friday, May 21, 2021 - 06:38 PM (IST)
ਅੰਮ੍ਰਿਤਸਰ/ਸੁਲਤਾਨਪੁਰ ਲੋਧੀ (ਬਿਊਰੋ, ਸੁਰਿੰਦਰ ਸਿੰਘ ਸੋਢੀ) : ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਮਨੁੱਖਤਾ ਦੀ ਭਲਾਈ ਲਈ ਨਿਭਾਈਆਂ ਸੇਵਾਵਾਂ ਦੀ ਵਡਿਆਈ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਂ ਪ੍ਰਸ਼ੰਸਾ ਪੱਤਰ ਭੇਜਿਆ ਗਿਆ ਹੈ। ਇਸ ਪ੍ਰਸ਼ੰਸਾ ਪੱਤਰ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਜ ਲਈ ਇਮਾਨਦਾਰੀ ਅਤੇ ਪ੍ਰਤੀਬੱਧਤਾ ਨਾਲ ਨਿਭਾਈਆਂ ਸੇਵਾਵਾਂ ਨੂੰ ਵਿਸ਼ੇਸ਼ ਤੌਰ ’ਤੇ ਉਭਾਰਿਆ ਗਿਆ ਹੈ।
ਲੰਡਨ ਦੀ ਸੰਸਥਾ ਵਲੋਂ ਬੀਬੀ ਜਗੀਰ ਕੌਰ ਨੂੰ ਦਿੱਤੇ ਗਏ ਇਸ ਵਿਸ਼ੇਸ਼ ਸਨਮਾਨ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ ਗਈ ਹੈ । ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜੇ ਗਏ ਸਨਮਾਨ ਪੱਤਰ ਵਿੱਚ ਸੰਸਥਾ ਵੱਲੋਂ ਕਿਹਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਦੀਆਂ ਹਿਦਾਇਤਾਂ ਅਨੁਸਾਰ ਕੋਰੋਨਾ ਦੇ ਪੀੜਤ ਮਰੀਜ਼ਾਂ ਦੇ ਇਲਾਜ ਅਤੇ ਮਰੀਜ਼ਾਂ ਦੇ ਦੁੱਖ ਦਰਦ ਨੂੰ ਵੰਡਾ ਕੇ ਘਟਾਉਣ ਲਈ ਜੋ ਸੇਵਾਵਾਂ ਨਿਭਾਈਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਪੰਜਵਾਂ ਕੋਰੋਨਾ ਕੇਅਰ ਕੇਂਦਰ ਸਥਾਪਤ
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਵੱਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਬੀਤੇ ਸਾਲ ਤੋਂ ਹੀ ਸਿੱਖ ਸੰਸਥਾ ਨੇ ਜਿਥੇ ਲੋੜਵੰਦਾਂ ਲਈ ਲੰਗਰਾਂ ਦਾ ਪ੍ਰਬੰਧ ਕੀਤਾ, ਉਥੇ ਹੀ ਇਕਾਂਤਵਾਸ ਲਈ ਸਰਾਵਾਂ ਦੇ ਨਾਲ-ਨਾਲ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਵੀ ਵਿਸ਼ੇਸ਼ ਯਤਨ ਕੀਤੇ। ਹੁਣ ਜਦੋਂ ਕੋਰੋਨਾ ਦੀ ਦੂਜੀ ਲਹਿਰ ਸਿਖ਼ਰ ’ਤੇ ਹੈ, ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਿਰਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਪੂਰੇ ਪੰਜਾਬ ਅੰਦਰ ਕੋਰੋਨਾ ਮਰੀਜਾਂ ਨੂੰ ਮੈਡੀਕਲ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਦੇ ਚੱਲਦਿਆਂ ਹੀ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਸੇਵਾਵਾਂ ਨੂੰ ਸਲਾਹੁੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪ੍ਰਸ਼ੰਸਾ ਪੱਤਰ ਭੇਜਿਆ ਗਿਆ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਮਾਨਵ ਭਲਾਈ ਕਾਰਜਾਂ ਵਿਚ ਅੱਗੇ ਰਹਿੰਦੀ ਹੈ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਕਾਰਜ ਕਰਦੀ ਰਹੇਗੀ।
ਇਹ ਵੀ ਪੜ੍ਹੋ:ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਲਈ ਸ਼ੁਰੂ ਕਰੇਗੀ ਗੁਰਮਤਿ ਸਬੰਧੀ ਵੱਖ ਵੱਖ ਕੋਰਸ : ਬੀਬੀ ਜਗੀਰ ਕੌਰ
ਨੋਟ: ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਕਾਲ 'ਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਕੀ ਹੈ ਤੁਹਾਡੀ ਰਾਏ?