ਗੁਰਦਾਸਪੁਰ ਦੇ ਪਿੰਡਾਂ ਵਿਚ ਆਵਾਰਾ ਕੁੱਤਿਆਂ ਕਾਰਨ ਸਕੂਲੀ ਬੱਚੇ ਅਤੇ ਬਜ਼ੁਰਗ ਹੋ ਰਹੇ ਹਨ ਸ਼ਿਕਾਰ

03/19/2023 3:35:43 PM

ਗੁਰਦਾਸਪੁਰ (ਵਿਨੋਦ)- ਸ਼ਹਿਰ ਵਿਚ ਆਵਾਰਾਂ ਕੁੱਤਿਆਂ ਕਾਰਨ ਇਸ ਸਮੇਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਨ੍ਹਾਂ ਆਵਾਰਾ ਕੁੱਤਿਆਂ ਦਾ ਸਭ ਤੋਂ ਵੱਧ ਸ਼ਿਕਾਰ ਸਕੂਲੀ ਬੱਚੇ ਅਤੇ ਬਜ਼ੁਰਗ ਹੁੰਦੇ ਹਨ। ਨਗਰ ਕੌਂਸਲ ਜਿਸ ਦਾ ਕੰਮ ਇਨ੍ਹਾਂ ਆਵਾਰਾ ਕੁੱਤਿਆਂ ’ਤੇ ਕਾਬੂ ਪਾਉਣਾ ਹੈ, ਉਹ ਹੁਣ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਭੱਜ ਰਹੀ ਹੈ। ਆਵਾਰਾ ਕੁੱਤਿਆਂ ਸਬੰਧੀ ਭਾਰੀ ਸਾਧਨਾਂ ਦੀ ਘਾਟ ਵੀ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਨੂੰ ਰੋਕਣ ’ਚ ਨਾਕਾਮ ਸਾਬਤ ਹੋ ਰਹੀ ਹੈ।

ਕੀ ਹੈ ਸਥਿਤੀ ਸ਼ਹਿਰਾਂ ਅਤੇ ਪਿੰਡਾਂ ਵਿਚ

ਜੇਕਰ ਕਿਸੇ ਵੀ ਸ਼ਹਿਰ ਜਾਂ ਪਿੰਡ ਵਿਚ ਦੇਖਿਆ ਜਾਵੇ ਤਾਂ ਆਵਾਰਾ ਕੁੱਤਿਆਂ ਦੇ ਝੁੰਡ ਘੁੰਮਦੇ ਨਜ਼ਰ ਆਉਂਦੇ ਹਨ। ਗੁਰਦਾਸਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਇਹ ਕੁੱਤੇ ਹੋਟਲਾਂ, ਢਾਬਿਆਂ ਦੇ ਨੇੜੇ ਝੁੰਡਾਂ ਦੇ ਰੂਪ ਵਿਚ ਘੁੰਮਦੇ ਆਮ ਦਿਖਾਈ ਦਿੰਦੇ ਹਨ।ਇਨ੍ਹਾਂ ਆਵਾਰਾ ਕੁੱਤਿਆਂ ਨੇ ਹਰ ਬਾਜ਼ਾਰ ਵਿਚ ਆਪਣਾ ਸਾਮਰਾਜ ਕਾਇਮ ਕਰ ਲਿਆ ਹੈ। ਇਹ ਕੁੱਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਗੁਰਦਾਸਪੁਰ ਸ਼ਹਿਰ ਵਿਚ ਇਨ੍ਹਾਂ ਆਵਾਰਾ ਕੁੱਤਿਆਂ ਦਾ ਸਭ ਤੋਂ ਵੱਧ ਸ਼ਿਕਾਰ ਬਜ਼ੁਰਗ ਅਤੇ ਸਕੂਲੀ ਬੱਚੇ ਹੋ ਰਹੇ ਹਨ। ਬੀਤੇ ਦਿਨੀਂ ਇਨ੍ਹਾਂ ਆਵਾਰਾ ਕੁੱਤਿਆਂ ਨੇ ਗੀਤਾ ਭਵਨ ਰੋਡ ’ਤੇ ਇਕ ਬਜ਼ੁਰਗ ਵਿਅਕਤੀ ਨੂੰ ਵੱਢ ਕੇ ਮਾਰ ਦਿੱਤਾ ਸੀ ,ਫਿਰ ਨਗਰ ਕੌਂਸਲ ਕੁਝ ਦਿਨਾਂ ਲਈ ਸਰਗਰਮ ਹੋ ਗਈ ਅਤੇ ਆਵਾਰਾ ਕੁੱਤਿਆਂ ਨੂੰ ਫੜਨ ਲਈ ਮੁਹਿੰਮ ਵੀ ਚਲਾਈ ਗਈ ਪਰ ਉਸ ਤੋਂ ਬਾਅਦ ਲੰਮੇ ਸਮੇਂ ਤੱਕ ਆਵਾਰਾ ਕੁੱਤਿਆਂ ਨੂੰ ਫੜਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ- ਮੰਨਣ ਵਿਖੇ ਅਣਪਛਾਤਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ, ਸੰਗਤਾਂ ’ਚ ਭਾਰੀ ਰੋਸ

ਹਾਲਾਤ ਇਹ ਬਣ ਗਏ ਹਨ ਕਿ ਇਹ ਆਵਾਰਾ ਕੁੱਤੇ ਸਕੂਲੀ ਬੱਚਿਆਂ ਦੇ ਬੈਗਾਂ ’ਚੋਂ ਜ਼ਬਰਦਸਤੀ ਭੋਜਨ ਕੱਢ ਲੈਂਦੇ ਹਨ। ਜੇਕਰ ਸਕੂਲੀ ਬੱਚਾ ਕੁੱਤਿਆਂ ਦਾ ਵਿਰੋਧ ਕਰਦਾ ਹੈ ਤਾਂ ਇਹ ਕੁੱਤੇ ਉਸ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਸਕੂਲੀ ਬੱਚੇ ਆਪਣਾ ਬੈਗ ਛੱਡ ਕੇ ਭੱਜਣਾ ਬਿਹਤਰ ਅਤੇ ਸੁਰੱਖਿਅਤ ਸਮਝਦੇ ਹਨ। ਇਸੇ ਤਰ੍ਹਾਂ ਸਵੇਰ ਦੀ ਸੈਰ ਲਈ ਜਾਣ ਵਾਲੇ ਲੋਕਾਂ ਨੂੰ ਵੀ ਇਨ੍ਹਾਂ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹੀਆਂ ਕਈ ਘਟਨਾਵਾਂ ਸ਼ਹਿਰਾਂ ਅਤੇ ਪਿੰਡਾਂ 'ਚ ਵਾਪਰਦੀਆਂ ਰਹਿੰਦੀਆਂ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਚੁੱਪ ਧਾਰੀ ਹੋਈ ਹੈ।

ਕੀ ਕਹਿਣਾ ਹੈ ਪ੍ਰਮੁੱਖ ਨਾਗਰਿਕਾਂ ਦਾ

ਇਸ ਸਬੰਧੀ ਗੋਲਡਨ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਮੋਹਿਤ ਮਹਾਜਨ, ਸੁਖਜਿੰਦਰਾ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸਵਿੰਦਰ ਗਿੱਲ ਨੇ ਦੱਸਿਆ ਕਿ ਇਨ੍ਹਾਂ ਆਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਗੁਰਦਾਸਪੁਰ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਨਸਬੰਦੀ ਸਬੰਧੀ ਸਰਕਾਰ ਅਤੇ ਪ੍ਰਸ਼ਾਸਨ ਕੋਲ ਕੋਈ ਯੋਜਨਾ ਨਹੀਂ ਹੈ। ਜੇਕਰ ਇਨ੍ਹਾਂ ਦੀ ਨਸਬੰਦੀ ਨਾ ਕੀਤੀ ਗਈ ਤਾਂ ਇਨ੍ਹਾਂ ਦੀ ਗਿਣਤੀ ਵੱਧਣੀ ਸੁਭਾਵਿਕ ਹੈ। ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਹੁਣ ਕੁੱਤਿਆਂ ਨੂੰ ਮਾਰਨਾ ਕਾਨੂੰਨੀ ਜੁਰਮ ਬਣ ਗਿਆ ਹੈ ਜਿਸ ਕਾਰਨ ਆਵਾਰਾ ਕੁੱਤਿਆਂ ਦੀ ਗਿਣਤੀ 'ਚ ਰਿਕਾਰਡਤੋੜ ਵਾਧਾ ਹੋ ਰਿਹਾ ਹੈ। ਜਦ ਕਿ ਲੋੜ ਹੈ ਕਿ ਸ਼ਹਿਰਾਂ 'ਚ ਨਗਰ ਕੌਂਸਲਾਂ ਅਤੇ ਪਿੰਡਾਂ 'ਚ ਪੰਚਾਇਤਾਂ ਨੂੰ ਇਨ੍ਹਾਂ ਆਵਾਰਾ ਕੁੱਤਿਆਂ ਦੀ ਨਸਬੰਦੀ ਸਬੰਧੀ ਵਿਸ਼ੇਸ ਮੁਹਿੰਮ ਚਲਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ

ਕੀ ਕਹਿਣਾ ਹੈ ਸਿਵਲ ਹਸਪਤਾਲ ਦੇ SMO ਡਾ.ਚੇਤਨਾ ਦਾ

ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੀ ਐੱਸ.ਐੱਮ.ਓ. ਡਾ. ਚੇਤਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਰੋਜ਼ਾਨਾ ਆਉਂਦੇ ਹਨ। ਸਾਡੇ ਕੋਲ ਇਸ ਸਬੰਧ ਵਿਚ ਲੋੜ ਅਨੁਸਾਰ ਟੀਕੇ ਉਪਲੱਬਧ ਹਨ ਪਰ ਸਿਹਤ ਵਿਭਾਗ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਕਈ ਵਾਰ ਕੁੱਤੇ ਦੇ ਕੱਟਣ ਵਾਲੇ ਮਰੀਜ਼ ਦੀ ਹਾਲਤ ਬਹੁਤ ਨਾਜੁਕ ਹੋ ਜਾਂਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ।

ਕੀ ਕਹਿਣਾ ਹੈ ਨਗਰ ਕੌਂਸਲ ਅਧਿਕਾਰੀਆਂ ਦਾ

ਇਸ ਸਮੱਸਿਆ ਸਬੰਧੀ ਜਦੋਂ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁੱਤਿਆਂ ਦੀ ਨਸਬੰਦੀ ਦਾ ਪ੍ਰਾਜੈਕਟ ਬਹੁਤ ਮਹਿੰਗਾ ਹੈ ਅਤੇ ਨਗਰ ਕੌਂਸਲ ਕੋਲ ਲੋੜੀਂਦੇ ਫੰਡ ਨਹੀਂ ਹਨ। ਦੂਜਾ, ਆਵਾਰਾ ਕੁੱਤਿਆਂ ਨੂੰ ਫੜ ਕੇ ਰੱਖਣਾ ਵੀ ਇਕ ਸਮੱਸਿਆ ਹੈ। ਜੇਕਰ ਇਨ੍ਹਾਂ ਨੂੰ ਸ਼ਹਿਰਾਂ ਵਿਚੋਂ ਫੜ ਕੇ ਪੇਂਡੂ ਖੇਤਰਾਂ ਵਿਚ ਛੱਡ ਦਿੱਤਾ ਜਾਂਦਾ ਹੈ ਤਾਂ ਪੇਂਡੂ ਖੇਤਰ ਦੇ ਲੋਕਾਂ ਲਈ ਮੁਸਕਲਾਂ ਖੜੀਆਂ ਹੋ ਜਾਣਗੀਆਂ। ਇਸੇ ਤਰ੍ਹਾਂ ਜੇਕਰ ਇਨ੍ਹਾਂ ਕੁੱਤਿਆਂ ਨੂੰ ਪੇਂਡੂ ਖੇਤਰਾਂ ਵਿਚੋਂ ਫੜ ਕੇ ਸ਼ਹਿਰੀ ਖੇਤਰਾਂ ਵਿਚ ਛੱਡ ਦਿੱਤਾ ਜਾਵੇ ਤਾਂ ਸ਼ਹਿਰਾਂ ਵਿਚ ਸਮੱਸਿਆ ਹੋਰ ਵੱਧ ਜਾਵੇਗੀ। ਇਸ ਲਈ ਇਨ੍ਹਾਂ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਨ੍ਹਾਂ ਦੀ ਨਸਬੰਦੀ ਲਈ ਮੁਹਿੰਮ ਚਲਾਉਣ ਦੀ ਲੋੜ ਹੈ ਅਤੇ ਇਸ ਲਈ ਸਰਕਾਰ ਨੂੰ ਵੱਖਰਾ ਫੰਡ ਦੇਣਾ ਚਾਹੀਦਾ ਹੈ ਜਾਂ ਵੱਖਰਾ ਵਿਭਾਗ ਬਣਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News