ਬੱਚਿਆਂ ਦੀ ਜਾਨ ਜ਼ੋਖਮ ''ਚ, ਸੰਘਣੀ ਧੁੰਦ ''ਚ ਬਿਨਾਂ ਲਾਈਟਾਂ ਜਗ੍ਹਾ ਕੇ ਚਲਾਈਆਂ ਜਾ ਰਹੀਆਂ ਸਕੂਲੀ ਬੱਸਾਂ, ਪ੍ਰਸ਼ਾਸਨ ਬੇਖਬਰ

Monday, Jan 19, 2026 - 10:59 AM (IST)

ਬੱਚਿਆਂ ਦੀ ਜਾਨ ਜ਼ੋਖਮ ''ਚ, ਸੰਘਣੀ ਧੁੰਦ ''ਚ ਬਿਨਾਂ ਲਾਈਟਾਂ ਜਗ੍ਹਾ ਕੇ ਚਲਾਈਆਂ ਜਾ ਰਹੀਆਂ ਸਕੂਲੀ ਬੱਸਾਂ, ਪ੍ਰਸ਼ਾਸਨ ਬੇਖਬਰ

ਤਰਨਤਾਰਨ (ਵਾਲੀਆ)- ਜਨਵਰੀ ਮਹੀਨਾ ਸ਼ੁਰੂ ਹੋਣ ਨਾਲ ਹੀ ਉੱਤਰੀ ਭਾਰਤ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਵੇਰੇ ਅਤੇ ਦੇਰ ਸ਼ਾਮ ਪੈ ਰਹੀ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਧੁੰਦ ਦੀ ਚਾਦਰ ਕਾਰਨ ਵਿਜ਼ੀਬਿਲਟੀ ਘੱਟ ਹੋਣ ਨਾਲ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਬਹੁਤ ਹੌਲੀ ਹੋ ਗਈ ਹੈ, ਜਿਸ ਨਾਲ ਦਫ਼ਤਰ ਜਾਣ ਵਾਲੇ ਕਰਮਚਾਰੀ, ਵਿਦਿਆਰਥੀ ਤੇ ਹੋਰ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।

ਇਹ ਵੀ ਪੜ੍ਹੋ-ਅੱਜ ਪੰਜਾਬ 'ਚ ਲੱਗੇਗਾ ਲੰਬਾ Power Cut! ਇਹ ਇਲਾਕੇ ਹੋਣਗੇ ਪ੍ਰਭਾਵਿਤ

ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਠੰਡ ਦੇ ਕਾਰਨ ਸਵੇਰੇ ਸਮੇਂ ਵਿਜ਼ੀਬਿਲਟੀ ਕਈ ਥਾਵਾਂ ’ਤੇ 20 ਤੋਂ 30 ਮੀਟਰ ਤੱਕ ਹੀ ਰਹਿ ਗਈ ਹੈ। ਇਸ ਕਾਰਨ ਰੋਡਵੇਜ਼ ਬੱਸਾਂ, ਨਿੱਜੀ ਵਾਹਨਾਂ ਅਤੇ ਦੋ ਪਹੀਆ ਸਵਾਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ’ਤੇ ਛੋਟੇ-ਮੋਟੇ ਸੜਕ ਹਾਦਸਿਆਂ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਟ੍ਰੈਫਿਕ ਪੁਲਸ ਵੱਲੋਂ ਡਰਾਈਵਰਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ-ਸ਼ਿਫਟਾਂ ਦੇ ਹਿਸਾਬ ਨਾਲ ਖੁੱਲ੍ਹਣਗੇ ਸਕੂਲ, ਚੰਡੀਗੜ੍ਹ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ

ਪਰ ਹੈਰਾਨੀ ਦੀ ਗੱਲ ਵੇਖਣ ਨੂੰ ਇਹ ਮਿਲੀ ਹੈ ਸਕੂਲੀ ਬੱਸਾਂ ਦੇ ਡਰਾਈਵਰ ਸ਼ਾਇਦ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਸਮਝਦੇ ਜਾਂ ਫਿਰ ਸਕੂਲ ਪ੍ਰਬੰਧਕ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਪੂਰੀ ਤਰ੍ਹਾਂ ਠੀਕ ਬੱਸਾਂ ਹੀ ਨਹੀਂ ਦਿੰਦੇ?

ਦੱਸਣਾ ਬਣਦਾ ਹੈ ਕਿ ਹਰ ਰੋਜ਼ ਪੈ ਰਹੀ ਸੰਘਣੀ ਧੁੰਦ ਦੇ ਚੱਲਦਿਆਂ ਜ਼ਿਲ੍ਹੇ ਭਰ ਦੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਕੂਲੀ ਦੀਆਂ ਨਿੱਜੀ ਬੱਸਾਂ ਉਤੇ ਸਵਾਰ ਹੋ ਕੇ ਸਕੂਲ ਪਹੁੰਚਦੇ ਹਨ, ਜਿਨ੍ਹਾਂ ਨੂੰ ਸਹੀ ਸਲਾਮਤ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਪਹੁੰਚਾਉਣ ਦੀ ਅਹਿਮ ਜ਼ਿੰਮੇਵਾਰੀ ਬੱਸ ਡਰਾਈਵਰਾਂ ਅਤੇ ਸਕੂਲ ਪ੍ਰਬੰਧਕਾਂ ਦੀ ਬਣਦੀ ਹੈ ਪਰ ਜਦੋਂ ਸਾਡੇ ਪ੍ਰਤੀਨਿਧੀ ਦੁਆਰਾ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਬੱਸਾਂ ਦੀ ਹਾਲਤ ਵੇਖੀ ਗਈ ਤਾਂ ਉਸ ਵਿਚੋਂ ਜ਼ਿਆਦਾਤਰ ਸਕੂਲੀ ਬੱਸਾਂ ਕੰਡਮ ਹਾਲਤ ਵਿਚ ਦੇਖੀਆਂ ਗਈਆਂ, ਜਿਨ੍ਹਾਂ ਦੀ ਰਿਪੇਅਰ ਜਾਂ ਤਾਂ ਡਰਾਈਵਰ ਨਹੀਂ ਕਰਵਾ ਰਹੇ ਅਤੇ ਜਾਂ ਫਿਰ ਸਕੂਲ ਪ੍ਰਬੰਧਕ ਜਾਣਦੇ ਹੋਏ ਵੀ ਬੱਚਿਆਂ ਦੀ ਜਾਨ ਜ਼ੋਖਮ ਵਿਚ ਪਾ ਰਹੇ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ ਹਾਦਸੇ ਮਗਰੋਂ ਸਕੂਲਾਂ ਦਾ ਸਮਾਂ ਬਦਲਣ ਦੀ ਉੱਠੀ ਮੰਗ

ਇਸ ਤੋਂ ਇਲਾਵਾ ਹੋਰ ਵੀ ਹੈਰਾਨੀ ਦੀ ਗੱਲ ਵੇਖਣ ਨੂੰ ਮਿਲੀ ਕਿ ਇਕ ਪ੍ਰਸਿੱਧ ਕਾਰ ਸੇਵਾ ਅਤੇ ਇਕ ਵੱਡੇ ਪ੍ਰਾਈਵੇਟ ਹਸਪਤਾਲ ਦੇ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਚੱਲ ਰਹੇ ਪਿੰਡ ਕੈਰੋਂਵਾਲ ਵਿਖੇ ਇਕ ਨਿੱਜੀ ਅਕੈਡਮੀ ਦੀ ਬੱਸ ਜੋ ਕਿ ਹਰ ਰੋਜ਼ ਗੋਇੰਦਵਾਲ ਵਾਲੀ ਸਾਇਡ ਤੋਂ ਵਾਇਆ ਸੰਘੇ, ਬੱਚੜੇ, ਗੋਇੰਦਵਾਲ ਬਾਈਪਾਸ ਰਾਹੀਂ ਕੈਰੋਂਵਾਲ ਵਿਖੇ ਬੱਚਿਆਂ ਨੂੰ ਲੈ ਕੇ ਪਹੁੰਚੀਆਂ ਹੈ, ਵੱਲੋਂ ਹਰ ਰੋਜ਼ ਧੁੰਦ ਵਿਚ ਬੱਚੇ ਲਿਆਂਦੇ ਜਾਂਦੇ ਹਨ, ਪਰ ਉਸਦੀਆਂ ਕਦੇ ਵੀ ਲਾਈਟਾਂ ਜਗ੍ਹਦੀਆਂ ਨਹੀਂ ਵੇਖੀਆਂ ਗਈਆਂ, ਕੇਵਲ ਬੈਕ ਸਾਈਡ ’ਤੇ ਇਕ ਸਾਈਡ ਦੀ ਡਿੱਪਰ (ਇਸ਼ਾਰਾ) ਲਾਇਟ ਹੀ ਜਗ੍ਹ ਰਹੀ ਹੁੰਦੀ ਹੈ, ਜਿਸ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜੋ ਸ਼ਾਇਦ ਡਰਾਈਵਰ ਨਾਲੋਂ ਪ੍ਰਬੰਧਕਾਂ ਦੀ ਵਧੇਰੇ ਗਲਤੀ ਹੈ।

ਇਹ ਵੀ ਪੜ੍ਹੋ- ਖੁਸ਼ੀਆਂ ਮਾਤਮ 'ਚ ਬਦਲੀਆਂ, 4 ਮਹੀਨੇ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਮੌਤ, ਭੈਣ ਦੀ ਮੰਗਣੀ 'ਤੇ ਆਉਣਾ ਸੀ ਘਰ

ਇਸ ਸਬੰਧੀ ਸਮਾਜ ਸੇਵਕ ਹਰਜਿੰਦਰ ਸਿੰਘ ਵਿੱਕੀ ਠਰੂ, ਸਵਿੰਦਰ ਸਿੰਘ ਅਰੋੜਾ, ਲਖਵੀਰ ਸਿੰਘ ਸੈਣੀ, ਸੌਰਵ ਆਦਿ ਨੇ ਕਿਹਾ ਕਿ ਠੰਡ ਵੱਧਣ ਦੇ ਨਾਲ ਹੀ ਪੰਜਾਬ ਵਿਚ ਧੁੰਦ ਵੀ ਖਤਰਨਾਕ ਰੂਪ ਧਾਰਨ ਚੁੱਕੀ ਹੈ। ਸਵੇਰ ਤੋਂ ਹੀ ਇਲਾਕੇ ਵਿਚ ਸੰਘਣੀ ਧੁੰਦ ਛਾ ਜਾਂਦੀ ਹੈ, ਜਿਸ ਦੇ ਚੱਲਦਿਆਂ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਣ ਲੱਗਾ, ਉਥੇ ਹੀ ਸੜਕੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗ ਪਈ। ਸੰਘਣੀ ਧੁੰਦ ਨਾਲ ਵਿਜੀਬਿਲਟੀ ਸਿਰਫ 50 ਮੀਟਰ ਤੱਕ ਹੀ ਰਹਿ ਗਈ, ਜਿਸ ਨਾਲ ਜਿੱਥੇ ਮਾਰਗਾਂ ’ਤੇ ਆਮ ਵਾਹਨ ਲਾਈਟਾਂ ਜਗ੍ਹਾ ਕੇ ਹੌਲੀ ਚਲਦੇ ਨਜ਼ਰ ਆਉਂਦੇ ਹਨ, ਉਥੇ ਹੀ ਸਕੂਲਾਂ ਨੂੰ ਜਾਣ ਵਾਲੇ ਵਿਦਿਆਰਥੀਆਂ ਤੇ ਸਕੂਲੀ ਵਾਹਨ ਚਾਲਕਾਂ ਨੂੰ ਸੰਘਣੀ ਧੁੰਦ ਕਾਰਨ ਕੁਝ ਲੇਟ ਲਤੀਫੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਾਲੇ ਪ੍ਰਬੰਧਕ ਆਏ ਸਾਲ ਸਕੂਲ ਫੀਸਾਂ ਵਿਚ ਵਾਧਾ ਬਿਨਾਂ ਬੱਚਿਆਂ ਦੇ ਮਾਪਿਆਂ ਨੂੰ ਦੱਸੇ ਕਰ ਦਿੰਦੇ ਹਨ, ਇਥੋਂ ਤੱਕ ਕਿ ਸਕੂਲ ਯੂਨੀਫਾਰਮ, ਕਿਤਾਬਾਂ ਅਤੇ ਬੂਟ, ਜੁਰਾਬਾਂ ਆਦਿ ਦਾ ਕੰਟਰੈਕਟ ਵੀ ਸਕੂਲ ਪ੍ਰਬੰਧਕਾਂ ਨਾਲ ਗੰਢਤੁੱਪ ਕਰਨ ਵਾਲੇ ਦੁਕਾਨਦਾਰ ਨੂੰ ਦਿੱਤਾ ਜਾਂਦਾ ਹੈ, ਪਰ ਜਦੋਂ ਬੱਚਿਆਂ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਸਕੂਲ ਪ੍ਰਬੰਧਕਾਂ ਵੱਲੋਂ ਜਾਣਬੁਝ ਕੇ ਪੁਰਾਣੀਆਂ ਕੰਡਮ ਹੋਈਆਂ ਬੱਸਾਂ ਖਰੀਦ ਕੇ ਸਕੂਲੀ ਬੱਚਿਆਂ ਨੂੰ ਛੱਡਣ ਅਤੇ ਲਿਆਉਣ ਲਈ ਲਗਾਈਆਂ ਜਾਂਦੀਆਂ ਹਨ, ਜਿਸ ਵਿਚ ਸਕੂਲ ਪ੍ਰਬੰਧਕ ਕੇਵਲ ਆਪਣਾ ਹੀ ਫਾਇਦਾ ਸੋਚਦੇ ਹਨ ਅਤੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਕਿਸੇ ਵੀ ਸਹੂਲਤ ਨੂੰ ਮੁੱਖ ਨਹੀਂ ਰੱਖਿਆ ਜਾਂਦਾ। ਉਨ੍ਹਾਂ ਕਿਹਾ ਕਿ ਸਕੂਲੀ ਬੱਸਾਂ ਦੇ ਡਰਾਈਵਰਾਂ ਅਤੇ ਪ੍ਰਬੰਧਕਾਂ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਸਕੂਲੀ ਬੱਸਾਂ ਨੂੰ ਸਮੇਂ-ਸਮੇਂ ’ਤੇ ਰਿਪੇਅਰ ਕਰਵਾਇਆ ਜਾਵੇ। ਬਿਨਾਂ ਲਾਈਟਾਂ ਵਾਲੀਆਂ ਸਕੂਲੀ ਬੱਸਾਂ ਨੂੰ ਬੱਚੇ ਲੈਣ ਨਾ ਭੇਜਿਆ ਜਾਵੇ। ਨਾਲ ਹੀ ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਕੂਲੀ ਵਾਹਨਾਂ ਵਿਚ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਬੱਸ ਅੰਦਰ ਕੈਮਰਾ, ਲਾਈਟਾਂ, ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਅਤੇ ਉਸ ਉਪਰ ਪੱਟੀ ਵਿਚ ਸਕੂਲ ਦਾ ਨਾਮ ਲਿਖਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ, ਫਿੱਟਨੈਸ ਸਰਟੀਫਿਕੇਟ, ਲੇਡੀਜ਼ ਅਟੈਂਡੈਂਟ ਆਦਿ ਸਹੂਲਤਾਂ ਹੋਣੀਆਂ ਲਾਜ਼ਮੀ ਹਨ।

ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਬਹੁਤ ਅਹਿਮ ਹੈ, ਇਸ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੀਆਂ ਵੈਨਾਂ, ਡਰਾਇਵਰਾਂ ਅਤੇ ਵੈਨਾਂ ਸਬੰਧੀ ਕਾਗਜ਼ ਪੱਤਰਾਂ ਦਾ ਡਾਟਾ ਇਕੱਠਾ ਕੀਤਾ ਜਾਵੇ ਤਾਂ ਜੋ ਇਸ ਸੂਚੀ ਦੇ ਆਧਾਰ ’ਤੇ ਸਮੇਂ-ਸਮੇਂ ’ਤੇ ਸਕੂਲੀ ਬੱਸਾਂ ਦੀ ਚੈਕਿੰਗ ਕਰਕੇ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਨਿਯਮਾਂ ’ਤੇ ਪੂਰਾ ਨਾ ਉਤਰਣ ਵਾਲੀਆਂ ਸਕੂਲੀ ਬੱਸਾਂ ਪ੍ਰਬੰਧਕਾਂ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News