SGPC ਦੀ ਸਭ ਤੋਂ ਮਸ਼ਹੂਰ ਸਰਾਂ ਸਾਰਾਗੜ੍ਹੀ ਦੇ AC ਬੰਦ, ਸ਼ਰਧਾਲੂਆਂ ਨੂੰ ਕਰਨਾ ਪੈ ਰਿਹੈ ਭਾਰੀ ਮੁਸ਼ਕਲਾਂ ਦਾ ਸਾਹਮਣਾ

Friday, Jun 28, 2024 - 11:04 AM (IST)

SGPC ਦੀ ਸਭ ਤੋਂ ਮਸ਼ਹੂਰ ਸਰਾਂ ਸਾਰਾਗੜ੍ਹੀ ਦੇ AC ਬੰਦ, ਸ਼ਰਧਾਲੂਆਂ ਨੂੰ ਕਰਨਾ ਪੈ ਰਿਹੈ ਭਾਰੀ ਮੁਸ਼ਕਲਾਂ ਦਾ ਸਾਹਮਣਾ

ਅੰਮ੍ਰਿਤਸਰ (ਸਰਬਜੀਤ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਸਭ ਤੋਂ ਮਸ਼ਹੂਰ ਸਰਾਂ ਸਾਰਾਗੜ੍ਹੀ ਵਿਖੇ ਕਰੀਬ 50 ਕਮਰਿਆਂ ਦੇ ਏ. ਸੀ. ਬੰਦ ਹੋਣ ਕਾਰਨ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪੂਰੇ ਸਾਰਾਗੜ੍ਹੀ ਵਿਚ ਪਿਛਲੇ ਡੇਢ ਦੋ ਮਹੀਨਿਆਂ ਤੋਂ ਏ. ਸੀ. ਬੰਦ ਰਹਿਣ ਦਾ ਸਿਲਸਿਲਾ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ 23 ਜੂਨ ਨੂੰ ਕੁੱਲ 200 ਕਮਰਿਆਂ ਵਿੱਚੋਂ 46 ਕਮਰਿਆਂ ਦੇ ਏ. ਸੀ. ਬੰਦ ਹੋਣ ਕਾਰਨ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਯਾਤਰੀਆਂ ਵੱਲੋਂ ਸਰਾਵਾਂ ਦੇ ਇੰਚਾਰਜ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਆਪਣੀ ਸਮੱਸਿਆ ਦਾ ਹੱਲ ਕਰਵਾਉਣ ਲਈ ਐੱਸ. ਜੀ. ਪੀ. ਸੀ. ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ।

ਇਸ ਸਬੰਧੀ ਜਦੋਂ ਇੱਥੇ ਰੁਕੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਦਿੱਲੀ ਤੋਂ ਆਏ ਰੋਹਿਣੀ, ਸੰਜੇ ਠਾਕੁਰ ਅਤੇ ਹੋਰ ਸ਼ਰਧਾਲੂਆਂ ਨੇ ਆਪਣੀਆਂ ਮੁਸ਼ਕਿਲਾਂ ਦੱਸਦਿਆਂ ਦੱਸਿਆ ਕਿ ਤੇਜ਼ ਗਰਮੀ ਵਿਚ ਦਿਨ-ਰਾਤ ਰੁਕਣ ਤੋਂ ਬਾਅਦ ਉਹ ਇਸ ਅਸਥਾਨ ’ਤੇ ਪੁੱਜੇ। ਬੁੱਧਵਾਰ ਸਵੇਰੇ 11.30 ਵਜੇ ਚੈਕਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਕਮਰੇ ਦਾ ਏ. ਸੀ. ਚੱਲਣ ਨਾ ਕਾਰਨ ਸਾਡੇ ਪਰਿਵਾਰਕ ਮੈਂਬਰ ਦਾ ਗਰਮੀ ਨਾਲ ਬੁਰਾ ਹਾਲ ਹੋ ਗਿਆ ਹੈ। ਉਹ ਨੇੜਲੇ ਹੋਟਲ ਵਿਚ ਸ਼ਿਫਟ ਹੋ ਰਹੇ ਹਨ। ਉਨ੍ਹਾਂ ਨੇ ਇਸ ਦੀ ਮੁਰੰਮਤ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਅਧਿਕਾਰੀ ਨੂੰ ਕਈ ਵਾਰ ਫੋਨ ’ਤੇ ਅਪੀਲ ਕੀਤੀ ਪਰ ਮੰਗਲਵਾਰ ਬਾਅਦ ਦੁਪਹਿਰ ਤੋਂ ਵਾਰ-ਵਾਰ ਅਪੀਲ ਕਰਨ ’ਤੇ ਬੁੱਧਵਾਰ ਨੂੰ ਏ. ਸੀ. ਠੀਕ ਹੋ ਗਿਆ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਖ਼ਤ ਹੁਕਮ ਜਾਰੀ, ਹਰਿਮੰਦਰ ਸਾਹਿਬ 'ਚ ਫ਼ਿਲਮਾਂ ਦੀ ਪ੍ਰਮੋਸ਼ਨ 'ਤੇ ਰੋਕ

ਉਨ੍ਹਾਂ ਏ. ਸੀ. ਠੀਕ ਹੋਣ ਤੋਂ ਪਹਿਲਾਂ ਹੀ ਚੈੱਕਆਊਟ ਕਰ ਦਿੱਤਾ। ਲੁਧਿਆਣਾ ਦੇ ਸ਼ਿਮਲਾਪੁਰੀ ਤੋਂ ਆਏ ਸ਼ਰਧਾਲੂ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਸਰਾਵਾਂ ਏਅਰ ਕੰਡੀਸ਼ਨਡ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਬਿਨ੍ਹਾਂ ਏ. ਸੀ. ਦੇ ਪੱਖੇ ਤੋਂ ਹੀ ਰਾਤ ਕੱਟਣੀ ਪਈ ਹੈ। ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸਵੇਰੇ 10 ਵਜੇ ਤੱਕ ਏ. ਸੀ. ਠੀਕ ਨਾ ਹੋਣ ਨਾਲ ਹੋਈਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਸ਼੍ਰੋਮਣੀ ਕਮੇਟੀ ਨੇ ਏ. ਸੀ. ਦੀ ਮੁਰੰਮਤ ਲਈ 20 ਲੱਖ ’ਚ ਦਿੱਤੈ ਸਾਲਾਨਾ ਠੇਕਾ : ਮੈਨੇਜਰ ਗੁਰਪ੍ਰੀਤ

ਇਸ ਸਬੰਧੀ ਜਦੋਂ ਸਰਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਪਰ ਸਰਾਂ ਦੇ ਕਮਰਿਆਂ ਵਿਚ ਚੱਲ ਰਹੇ ਏ. ਸੀ. ਦੀ ਮੁਰੰਮਤ ਲਈ ਸ਼੍ਰੋਮਣੀ ਕਮੇਟੀ ਵੱਲੋਂ 20 ਲੱਖ ਰੁਪਏ ਦਾ ਸਾਲਾਨਾ ਠੇਕਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਨਿਹੰਗਾਂ ਦੇ ਬਾਣੇ 'ਚ ਆਏ ਵਿਅਕਤੀਆਂ ਨੇ ਦਿਨ-ਦਿਹਾੜੇ ਕਰ ਦਿੱਤਾ ਵੱਡਾ ਕਾਂਡ

ਉਨ੍ਹਾਂ ਇਸ ਸਬੰਧੀ ਟੈਂਡਰ ਲੈਣ ਵਾਲੇ ਅਰਵਿੰਦਰ ਸਿੰਘ ਨੂੰ ਵੀ ਸੂਚਿਤ ਕਰ ਦਿੱਤਾ ਹੈ। ਇਹ ਠੇਕਾ ਸ਼੍ਰੋਮਣੀ ਕਮੇਟੀ ਦੇ ਉਪ ਸਕੱਤਰ ਦੇ ਪੁੱਤਰ ਨੂੰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੰਗਤਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਟੈਂਡਰ ਤਹਿਤ ਕਿਸੇ ਕੰਪਨੀ ਨੂੰ ਠੇਕਾ ਅਲਾਟ ਕਰਨ ਦੀ ਬਜਾਏ ਏ. ਸੀ. ਦੀ ਮੁਰੰਮਤ ਦਾ ਠੇਕਾ ਸ਼੍ਰੋਮਣੀ ਕਮੇਟੀ ਦੇ ਉਪ ਸਕੱਤਰ ਦੇ ਪੁੱਤਰ ਅਰਵਿੰਦਰ ਸਿੰਘ ਨੂੰ ਸਾਲਾਨਾ 20 ਲੱਖ ਰੁਪਏ ਵਿਚ ਅਲਾਟ ਕੀਤਾ ਗਿਆ ਹੈ ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਨੇ ਉਪ ਸਕੱਤਰ ਦੇ ਦਬਾਅ ਹੇਠ ਡੇਢ ਮਹੀਨਾ ਪਹਿਲਾਂ ਇਹ ਠੇਕਾ ਉਨ੍ਹਾਂ ਦੇ ਪੁੱਤਰ ਠੇਕੇਦਾਰ ਅਰਵਿੰਦਰ ਸਿੰਘ ਨੂੰ ਦਿੱਤਾ ਸੀ ਪਰ ਸ਼ਰਧਾਲੂਆਂ ਦੀਆਂ ਵਧਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਠੇਕੇਦਾਰ ਅਰਵਿੰਦਰ ਤੋਂ ਇਹ ਠੇਕਾ ਵਾਪਸ ਲੈ ਕੇ ਦੁਬਾਰਾ ਸੈਮਸੰਗ ਕੰਪਨੀ ਨੂੰ ਦਿੱਤਾ ਗਿਆ ਹੈ, ਜੋ ਕੱਲ ਤੋਂ ਹੀ ਆਪਣੇ ਕੰਮ ’ਤੇ ਧਿਆਨ ਦੇ ਰਹੀ ਹੈ। ਸਰਾਂ ’ਚ ਬੰਦ ਪਏ ਏ. ਸੀ. ਦੀ ਮੁਰੰਮਤ ਕਰਵਾ ਕੇ ਸ਼ਰਧਾਲੂਆਂ ਦੀਆਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰੇਗੀ।

ਇਹ ਵੀ ਪੜ੍ਹੋ- ਕਰਾਚੀ 'ਚ ਹੀਟਵੇਵ ਨੇ ਮਚਾਇਆ ਕਹਿਰ, ਮੁਰਦਾ ਘਰਾਂ ’ਚ ਲੱਗੇ ਲਾਸ਼ਾਂ ਦੇ ਢੇਰ, ਨਹੀਂ ਮਿਲ ਰਹੀ ਰੱਖਣ ਦੀ ਜਗ੍ਹਾ

ਇਹ ਸਾਰਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੈਮਸੰਗ ਕੰਪਨੀ ਨਾਲ ਸਬੰਧਤ ਇੱਕ ਡਿਸਟ੍ਰੀਬਿਊਟਰ ਨੂੰ ਇਹ ਠੇਕਾ ਅਲਾਟ ਕੀਤਾ ਗਿਆ ਸੀ, ਜਿਸ ਦੀ ਇੱਕ ਸਾਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਅਰਵਿੰਦਰ ਸਿੰਘ ਨੂੰ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। ਅਰਵਿੰਦਰ ਦੀ ਟੀਮ ਵੱਲੋਂ ਏ. ਸੀ. ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨਾ ਕਰਨ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਇਸ ਲਈ ਇਹ ਠੇਕਾ ਉਨ੍ਹਾਂ ਤੋਂ ਵਾਪਸ ਲੈ ਕੇ ਦੁਬਾਰਾ ਕੰਪਨੀ ਨੂੰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News