ਰੰਜਿਸ਼ ਕਾਰਨ ਸਲੂਨ ਮਾਲਕ ਨੂੰ ਮਾਰੀ ਗੋਲੀ, ਜ਼ਖ਼ਮੀ
Sunday, Sep 20, 2026 - 03:48 PM (IST)
ਤਰਨਤਾਰਨ (ਰਮਨ)- ਮਾਮੂਲੀ ਰੰਜਿਸ਼ ਦੇ ਚੱਲਦਿਆਂ ਸੈਲੂਨ ਮਾਲਕ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਸਬੰਧ ਵਿਚ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ 10 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨਿਹੰਗ ਸਿੰਘਾਂ ਦਰਮਿਆਨ ਝੜਪ, ਬਚਾਅ ਲਈ ਪਹੁੰਚੀ ਮਹਿਲਾ SHO ਨੂੰ ਮਾਰੇ ਧੱਕੇ
ਮਨਜਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਖਹਿਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਕੱਲ ਸ਼ਾਮ ਕਰੀਬ 5:30 ਵਜੇ ਉਹ ਆਪਣੇ ਸੈਲੂਨ, ਜੋ ਅੱਡਾ ਡਾਲੇਕੇ ਵਿਖੇ ਮੌਜੂਦ ਹੈ, ਅੰਦਰ ਕੰਮ ਕਰ ਰਿਹਾ ਸੀ। ਜਦੋਂ ਉਹ ਬਾਹਰ ਆਇਆ ਤਾਂ ਇਸ ਦੌਰਾਨ ਭਗਵਾਨ ਸਿੰਘ ਪੁੱਤਰ ਹਰਦੀਪ ਸਿੰਘ, ਬਲਜਿੰਦਰ ਸਿੰਘ ਪੁੱਤਰ ਹਰਦੀਪ ਸਿੰਘ, ਸੁਮਨਦੀਪ ਕੌਰ ਪਤਨੀ ਬਲਜਿੰਦਰ ਸਿੰਘ, ਹਰਦੀਪ ਸਿੰਘ ਪੁੱਤਰ ਜਿਉਣ ਸਿੰਘ, ਸੁਖਦੇਵ ਸਿੰਘ ਪੁੱਤਰ ਹਰਦੀਪ ਸਿੰਘ ਵਾਸੀਆਨ ਪਿੰਡ ਖਹਿਰਾ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਅਤੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ ਵੱਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇਕ ਗੋਲੀ ਉਸਦੀ ਲੱਤ ਵਿਚ ਜਾ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਹਮਲੇ ਦੀ ਵਜ੍ਹਾ ਰੰਜਿਸ਼ ਕੁਝ ਦਿਨ ਪਹਿਲਾਂ ਹੋਇਆ ਝਗੜਾ ਹੈ।
ਇਹ ਵੀ ਪੜ੍ਹੋ- ਜਥੇਦਾਰ ਨੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਮਲਕੀਤ ਸਿੰਘ ਨੂੰ ਪੰਥ 'ਚੋਂ ਛੇਕਿਆ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਏ.ਐੱਸ.ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੇ ਉਕਤ ਮੁਲਜ਼ਮਾਂ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਇਕ ਹੋਰ ਵੱਡੀ ਵਾਰਦਾਤ; ਡਿਲੀਵਰੀ ਬੁਆਏ ਦਾ ਪੁਲਸ ਥਾਣੇ ਕੋਲ ਗੋਲੀਆਂ ਮਾਰ ਕੇ ਕਤਲ
