ਫਿਰੌਤੀ ਤੇ ਫਾਇਰਿੰਗ ਦੇ ਮਾਮਲਿਆਂ ''ਚ ਲੋੜੀਂਦੇ 2 ਮੁਲਜ਼ਮ ਪੁਲਸ ਮੁਕਾਬਲੇ ਦੌਰਾਨ ਜ਼ਖ਼ਮੀ
Friday, Sep 11, 2026 - 03:21 PM (IST)
ਤਰਨਤਾਰਨ (ਰਮਨ)-ਡੀ.ਆਈ.ਜੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ, ਆਈ. ਪੀ. ਐੱਸ. ਦੀ ਰਹਿਨੁਮਾਈ ਅਤੇ ਐੱਸ. ਐੱਸ. ਪੀ. ਤਰਨਤਾਰਨ ਸੁਰਿੰਦਰ ਲਾਂਬਾ, ਆਈ. ਪੀ. ਐੱਸ. ਦੀ ਅਗਵਾਈ ਹੇਠ ਤਰਨਤਾਰਨ ਪੁਲਸ ਵੱਲੋਂ ਅਪਰਾਧਿਕ ਤੱਤਾਂ ਅਤੇ ਫਿਰੌਤੀ ਨਾਲ ਸਬੰਧਤ ਫਾਇਰਿੰਗ ਦੀਆਂ ਵਾਰਦਾਤਾਂ ’ਚ ਸ਼ਾਮਲ ਵਿਅਕਤੀਆਂ ਖਿਲਾਫ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭਿੱਖਿਵਿੰਡ ਅਤੁਲ ਸੋਨੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸੀ. ਆਈ. ਏ ਸਟਾਫ ਤਰਨਤਾਰਨ ਅਤੇ ਥਾਣਾ ਵਲਟੋਹਾ ਦੀਆਂ ਪੁਲਸ ਟੀਮਾਂ ਵੱਲੋਂ ਵਲਟੋਹਾ ਇਲਾਕੇ ’ਚ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ- ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ
ਇਸ ਦੌਰਾਨ ਫਿਰੌਤੀ ਨਾਲ ਸਬੰਧਤ ਫਾਇਰਿੰਗ ਦੀਆਂ ਵਾਰਦਾਤਾਂ ਵਿਚ ਲੋੜੀਂਦੇ 2 ਮੁਲਜ਼ਮ ਪੁਲਸ ਨਾਲ ਹੋਏ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਏ। ਡੀ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜੋਬਨ ਸਿੰਘ, ਵਾਸੀ ਅਸਲ ਉਤਾੜ ਅਤੇ ਅਰਜੁਨ ਸਿੰਘ, ਵਾਸੀ ਵਾਲਟੋਹਾ ਵਜੋਂ ਹੋਈ ਹੈ। ਕਾਰਵਾਈ ਦੌਰਾਨ ਦੋਵਾਂ ਮੁਲਜ਼ਮਾਂ ਵੱਲੋਂ ਪੁਲਸ ਪਾਰਟੀ ’ਤੇ ਕਥਿਤ ਤੌਰ ’ਤੇ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਵੱਲੋਂ ਸਵੈ-ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ ਗਈ। ਇਸ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਗੋਲੀ ਲੱਗਣ ਕਾਰਨ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡੀ.ਐੱਸ.ਪੀ. ਅਤੁਲ ਸੋਨੀ ਨੇ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮਾਂ ਕੋਲੋਂ 02 ਪਿਸਤੌਲ .30 ਬੋਰ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਹਥਿਆਰਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਇਨ੍ਹਾਂ ਦੀ ਜਾਂਚ ਅਗਲੇਰੀ ਤਫ਼ਤੀਸ਼ ਦਾ ਹਿੱਸਾ ਹੈ।
ਇਹ ਵੀ ਪੜ੍ਹੋ-ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ 3 ਘੰਟੇ ਰਹੇਗਾ ਚੱਕਾ ਜਾਮ
ਮੁੱਢਲੀ ਜਾਂਚ ਅਨੁਸਾਰ, ਦੋਵੇਂ ਮੁਲਜ਼ਮ ਵਿਦੇਸ਼ ਬੈਠੇ ਇਕ ਆਦਤਨ ਅਪਰਾਧੀ ਦੇ ਗੈਂਗ ਨਾਲ ਸਬੰਧਤ ਸਨ ਅਤੇ ਕਥਿਤ ਤੌਰ ’ਤੇ ਫਿਰੌਤੀ ਦੀ ਮੰਗ ਨੂੰ ਲੈ ਕੇ ਕੀਤੀਆਂ ਚਾਰ ਫਾਇਰਿੰਗ ਦੀਆਂ ਵਾਰਦਾਤਾਂ ਵਿਚ ਸ਼ਾਮਲ ਸਨ। ਇਨ੍ਹਾਂ ’ਚੋਂ 2 ਫਾਇਰਿੰਗ ਦੀਆਂ ਵਾਰਦਾਤਾਂ ਵਲਟੋਹਾ, ਇਕ ਅਮਰਕੋਟ ਅਤੇ ਇਕ ਮਹਿੰਦੀਪੁਰ ਵਿਖੇ ਹੋਈਆਂ ਸਨ। ਮਾਮਲੇ ’ਚ ਮੁਲਜ਼ਮਾਂ ਦੀ ਪੂਰੀ ਭੂਮਿਕਾ, ਉਨ੍ਹਾਂ ਦੇ ਸਾਥੀਆਂ, ਅਪਰਾਧਿਕ ਪਿਛੋਕੜ ਅਤੇ ਵਿਆਪਕ ਅਪਰਾਧਿਕ ਨੈੱਟਵਰਕ ਨਾਲ ਸੰਭਾਵਿਤ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਤਰਨਤਾਰਨ ਪੁਲਸ ਵੱਲੋਂ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ, ਫਿਰੌਤੀਖੋਰਾਂ, ਗੈਰ-ਕਾਨੂੰਨੀ ਹਥਿਆਰ ਰੱਖਣ ਵਾਲਿਆਂ ਅਤੇ ਹੋਰ ਅਪਰਾਧਿਕ ਤੱਤਾਂ ਖ਼ਿਲਾਫ਼ ਸਖ਼ਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਜ਼ਿਲੇ ਦੇ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਨੂੰ ਯਕੀਨੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਗੁਰਦੁਆਰਿਆਂ 'ਚ ਹੋ ਗਈ ਅਨਾਊਂਸਮੈਂਟ, ਪੁਲਸ ਨੇ ਕੀਤਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
