ਲੁੱਟਾਂ-ਖੋਹਾਂ ਅਤੇ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼, 3 ਗ੍ਰਿਫ਼ਤਾਰ
Thursday, May 12, 2022 - 04:10 PM (IST)
ਫਤਿਹਗੜ੍ਹ ਚੂੜੀਆਂ (ਸਾਰੰਗਲ, ਜ. ਬ.) : ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਵੱਲੋਂ ਲੁੱਟਾਂ-ਖੋਹਾਂ ਅਤੇ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐੱਸ. ਐੱਚ. ਓ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਪੁਲਸ ਮੁਲਾਜ਼ਮਾਂ ਸਮੇਤ ਪੁਲ ਡਰੇਨ ਬੱਦੋਵਾਲ ਵਿਖੇ ਚੈਕਿੰਗ ਲਈ ਨਾਕਾ ਲਗਾਇਆ ਹੋਇਆ ਸੀ, ਇਸ ਦੌਰਾਨ ਸਪਲੈਂਡਰ ਪਲੱਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ 3 ਨੌਜਵਾਨਾਂ ਨੂੰ ਪੁਲਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਤਿੰਨੋਂ ਘਬਰਾ ਗਏ। ਉਨ੍ਹਾਂ 'ਤੇ ਸ਼ੱਕ ਜਤਾਉਂਦਿਆਂ ਪੁਲਸ ਮੁਲਾਜ਼ਮਾਂ ਨੇ ਤਿੰਨਾਂ ਨੌਜਵਾਨਾਂ ਨੂੰ ਹਿਰਾਸਤ ’ਚ ਲੈਂਦਿਆਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣੇ ਨਾਮ ਕ੍ਰਮਵਾਰ ਦਲਬੀਰ ਸਿੰਘ ਉਰਫ ਫੋਰਮੈਨ ਪੁੱਤਰ ਮੰਗਲ ਸਿੰਘ ਵਾਸੀ ਅਲੀਵਾਲ ਜੱਟਾਂ, ਪ੍ਰਿੰਸ ਮਸੀਹ ਉਰਫ ਭੂਪੀ ਪੁੱਤਰ ਬੱਬਲ ਕੁਮਾਰ ਵਾਸੀ ਵਾਰਡ ਨੰ-12 ਫਤਿਹਗੜ੍ਹ ਚੂੜੀਆਂ ਅਤੇ ਗੁਰਸੋਰਬਜੀਤ ਸਿੰਘ ਉਰਫ ਰੂਬੀ ਪੁੱਤਰ ਸਵ. ਗੁਰਲਾਲਜੀਤ ਸਿੰਘ ਵਾਸੀ ਵਾਰਡ ਨੰ.1 ਹਵੇਲੀਆਂ, ਫਤਿਹਗੜ੍ਹ ਚੂੜੀਆਂ ਦੱਸੇ।
ਇਹ ਵੀ ਪੜੋ:- ਲੁਟੇਰਿਆਂ ਨੇ ਕੱਢੀ ਹਾਈ ਅਲਰਟ ਦੀ ਹਵਾ : ਗੋਲੀਆਂ ਚਲਾ ਕੇ ਫੈਕਟਰੀ ਅਕਾਊਟੈਂਟ ਤੋਂ ਲੁੱਟੇ 15 ਲੱਖ
ਥਾਣਾ ਮੁੱਖੀ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੂੰ ਜਦੋਂ ਮੋਟਰਸਾਈਕਲ ’ਤੇ ਦਸਤਾਵੇਜ਼ ਦਿਖਾਉਣ ਲਈ ਕਿਹਾ ਤਾਂ ਉਹ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ ਅਤੇ ਜਾਂਚ ਕਰਨ ’ਤੇ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ। ਇਸ ਤੋਂ ਬਾਅਦ ਪੁਲਸ ਵਲੋਂ ਮੋਟਰਸਾਈਕਲ ਦੀ ਡਿੱਗੀ ਦੀ ਤਲਾਸ਼ੀ ਲੈਣ ’ਤੇ 293 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਨੇ ਆਪਣਾ ਗਿਰੋਹ ਬਣਾਇਆ ਹੋਇਆ ਹੈ, ਜੋ ਲੁੱਟਾਂ-ਖੋਹਾਂ ਅਤੇ ਵਾਹਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਕਰਦੇ ਸਨ।ਐੱਸ. ਐੱਚ. ਓ. ਪ੍ਰਭਜੋਤ ਨੇ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਉਕਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ। ਇਸ ਉਪਰੰਤ ਤਿੰਨਾਂ ਨੂੰ ਪੁਲਸ ਮੁਲਜ਼ਮਾ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਮਾਣਯੋਗ ਜੱਜ ਵੱਲੋਂ ਇਨ੍ਹਾਂ ਦਾ 2 ਦਿਨਾਂ ਦਾ ਪੁਲਸ ਰਿਮਾਂਡ ਮਿਲਿਆ ਤੇ ਫਿਰ ਕੀਤੀ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 11 ਮੋਟਰਸਾਈਕਲ ਅਤੇ 1 ਐਕਟਿਵਾ ਬਰਾਮਦ ਕੀਤੇ ਗਏ। ਇਸ ਦੇ ਨਾਲ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟੇ ਗਏ ਲੋਕਾਂ ਕੋਲੋਂ 11 ਮੋਬਾਇਲ ਵੀ ਕਬਜ਼ੇ ਵਿਚ ਲੈ ਗਏ ਹਨ।
ਇਹ ਵੀ ਪੜੋ :- ਵਧਦੀ ਮਹਿੰਗਾਈ : ਨਾਸ਼ਤਾ-ਡਿਨਰ, ਘਰ ਤੋਂ ਲੈ ਕੇ ਆਫਿਸ ਤੱਕ ਦੀਆਂ ਚੀਜ਼ਾਂ ਦੀਆਂ ਕੀਮਤਾਂ 100 ਫੀਸਦੀ ਤੱਕ ਵਧੀਆਂ
ਥਾਣਾ ਮੁੱਖੀ ਨੇ ਦੱਸਿਆ ਕਿ ਉਕਤ ਫੜੇ ਗਏ ਨੌਜਵਾਨ ਵਿਰੁੱਧ ਪਹਿਲਾਂ ਵੀ 4-4 ਮੁਕੱਦਮੇ ਥਾਣਿਆਂ ਵਿਚ ਦਰਜ ਹਨ ਅਤੇ ਇਹ ਜ਼ਿਲਾ ਅੰਮ੍ਰਿਤਸਰ ਅਤੇ ਜ਼ਿਲਾ ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ ’ਚ ਮੋਟਰਸਾਈਕਲ ਚੋਰੀ ਕਰਨ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ। ਇਸ ਗਿਰੋਹ ਨੂੰ ਅੱਜ ਕਾਬੂ ਕਰ ਲਿਆ ਗਿਆ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।