ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਖੋਹੀ ਮੋਟਰਸਾਈਕਲ ਅਤੇ ਨਕਦੀ

09/27/2019 11:34:34 PM

ਝਬਾਲ,(ਨਰਿੰਦਰ)- ਝਬਾਲ ਨੇਡ਼ੇ ਤਰਨਤਾਰਨ ਰੋਡ ’ਤੇ ਬੀਤੀ ਰਾਤ ਮੂੰਹ ਬੰਨ੍ਹੀ ਬਿਨਾਂ ਨੰਬਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਇਕ ਵਿਅਕਤੀ ਕੋਲੋਂ ਮੋਟਰਸਾਈਕਲ ਅਤੇ ਨਕਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਥਾਣਾ ਝਬਾਲ ਵਿਖੇ ਦਿੱਤੀ ਦਰਖਾਸਤ ’ਚ ਜੁਗਰਾਜ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਫਤਾਹਪੁਰ ਨੇ ਦੱਸਿਆ ਕਿ ਬੀਤੀ ਰਾਤ ਉਹ ਕੋਈ 10 ਕੁ ਵਜੇ ਜਦੋਂ ਤਰਨਤਾਰਨ ਸਾਈਡ ਤੋਂ ਝਬਾਲ ਨੂੰ ਆ ਰਿਹਾ ਸੀ ਕਿ ਝਬਾਲ ਨੇਡ਼ੇ ਬਣੇ ਇਕ ਪੈਲੇਸ ਕੋਲ ਜਦੋਂ ਪਹੁੰਚਿਆ ਤਾਂ ਪਿੱਛੋਂ ਇਕ ਬਿਨਾਂ ਨੰਬਰ ਮੋਟਰਸਾਈਕਲ ’ਤੇ ਆਏ ਤਿੰਨ ਨੌਜਵਾਨ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ, ਨੇ ਨੇਡ਼ੇ ਆਉਂਦਿਆਂ ਉਸ ’ਤੇ ਦਾਤਰ ਨਾਲ ਵਾਰ ਕੀਤਾ ਪਰ ਖੁਸ਼ਕਿਸਮਤੀ ਨਾਲ ਉਸ ਦਾ ਦਾਤਰ ਵੱਜਣ ਤੋਂ ਬਚਾਅ ਹੋ ਗਿਆ ਅਤੇ ਉਹ ਡਰ ਕੇ ਇਕ ਦਮ ਸਡ਼ਕ ’ਤੇ ਡਿੱਗ ਗਿਆ ਤੇ ਪੈਲੀਆਂ ਵੱਲ ਦੌਡ਼ ਗਿਆ।

ਅਣਪਛਾਤੇ ਲੁਟੇਰੇ ਉਸ ਦਾ ਮੋਟਰਸਾਈਕਲ ਡਿਸਕਵਰ ਅਤੇ ਉਸ ਦਾ ਹੈਂਡ ਬੈਗ (ਜੋ ਮੋਟਰਸਾਈਕਲ ਨਾਲ ਬੰਨ੍ਹਿਆ ਸੀ) ’ਚੋਂ ਏ. ਟੀ. ਐੱਮ. ਕਾਰਡ ਅਤੇ ਜ਼ਰੂਰੀ ਕਾਗਜ਼ਾਤ ਤੋਂ ਇਲਾਵਾ 1500 ਰੁਪਏ ਦੀ ਨਕਦੀ ਲੈ ਕੇ ਤਰਨਤਾਰਨ ਰੋਡ ਵੱਲ ਫਰਾਰ ਹੋ ਗਏ। ਝਬਾਲ ਪੁਲਸ ਨੇ ਜੁਗਰਾਜ ਸਿੰਘ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News