ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਫਾਇਨਾਂਸ ਦਫ਼ਤਰ ਨੂੰ ਬਣਾਇਆ ਨਿਸ਼ਾਨਾ, ਕਰੀਬ 2 ਲੱਖ ਦੀ ਨਕਦੀ ਲੁੱਟ ਕੇ ਫਰਾਰ
Wednesday, Mar 29, 2023 - 06:43 PM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਭਾਰਤ ਫਾਇਨਾਂਸ ਲਿਮਟਿਡ ਕੰਪਨੀ ਦੇ ਦਫ਼ਤਰ 'ਚੋਂ ਅੱਜ ਸਵੇਰੇ 4 ਅਣਪਛਾਤੇ ਲੁਟੇਰੇ ਪਿਸਤੌਲ ਦੀ ਨੋਕ 'ਤੇ ਕਰੀਬ 2 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ। ਲੁਟੇਰਿਆਂ ਨੇ ਕੱਪੜੇ ਨਾਲ ਮੂੰਹ ਢਕੇ ਹੋਏ ਸਨ। ਇਹ ਘਟਨਾ ਸਵੇਰੇ 9.30 ਵਜੇ ਦੀ ਦੱਸੀ ਜਾ ਰਹੀ ਹੈ। ਉਥੇ ਹੀ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : NDRF ਜਵਾਨ ਦੀ ਟ੍ਰੇਨਿੰਗ ਦੌਰਾਨ ਗੰਗਾ ਨਦੀ ਦੇ ਤੇਜ਼ ਵਹਾਅ 'ਚ ਡੁੱਬਣ ਕਾਰਨ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਨਾਂਸ ਕੰਪਨੀ ਦੇ ਮੈਨੇਜਰ ਨੀਰਜ ਕੁਮਾਰ ਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਕੁਝ ਵਿਅਕਤੀ ਜਿਨ੍ਹਾਂ ਨੇ ਕੱਪੜੇ ਨਾਲ ਮੂੰਹ ਢਕੇ ਹੋਏ ਸਨ, ਦਫ਼ਤਰ ਅੰਦਰ ਆਏ ਤੇ ਆਉਂਦਿਆਂ ਹੀ ਪਿਸਤੌਲ ਦੀ ਨੋਕ 'ਤੇ ਕਰੀਬ 1.90 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਉਥੇ ਹੀ ਇਸ ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਫਤਿਹਗੜ੍ਹ ਚੂੜੀਆਂ ਦੇ ਡੀਐੱਸਪੀ ਸਰਵਣਜੀਤ ਸਿੰਘ ਬੱਲ ਤੇ ਐੱਸਐੱਚਓ ਪ੍ਰਭਜੋਤ ਸਿੰਘ ਮੌਕੇ 'ਤੇ ਪਹੁੰਚ ਗਏ। ਥਾਣਾ ਇੰਚਾਰਜ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਫਾਇਨਾਂਸ ਦਫ਼ਤਰ ਦੇ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ 'ਚ ਲੱਗੇ ਸੀਸੀਟੀਵੀ ਕੈਮਰੇ ਬੰਦ ਪਏ ਹਨ, ਜਦਕਿ ਉਨ੍ਹਾਂ ਵੱਲੋਂ ਆਸ-ਪਾਸ ਦੇ ਇਲਾਕੇ ਦੇ ਸੀਸੀਟੀਵੀ ਖੰਘਾਲੇ ਜਾ ਰਹੇ ਹਨ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਇੰਚਾਰਜ ਨੇ ਦਾਅਵਾ ਕੀਤਾ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।