ਦਾਤਰ ਨਾਲ ਵਾਰ ਕਰਕੇ ਸਕੂਟਰੀ ਸਵਾਰ ਵਿਅਕਤੀ ਤੋਂ ਸਾਮਾਨ ਖੋਹ ਫ਼ਰਾਰ ਹੋਏ ਲੁਟੇਰੇ
Friday, Sep 30, 2022 - 02:59 PM (IST)
ਤਰਨਤਾਰਨ (ਰਮਨ, ਜ.ਬ) - ਅੰਮ੍ਰਿਤਸਰ-ਤਰਨਤਾਰਨ ਮਾਰਗ ’ਤੇ ਪੈਂਦੇ ਪਿੰਡ ਖਾਰਾ ਦੇ ਨਜ਼ਦੀਕ ਤਿੰਨ ਮੋਟਰ ਸਾਈਕਲ ਸਵਾਰ ਵਿਅਕਤੀਆਂ ਨੇ ਦਾਤਰ ਮਾਰ ਕੇ ਸਕੂਟਰੀ ਸਵਾਰ ਵਿਅਕਤੀ ਦਾ ਪਰਸ, 3 ਹਜ਼ਾਰ ਰੁਪਏ, ਏ.ਟੀ.ਐੱਮ., ਡਾਇਰੀ ਅਤੇ ਸਕੂਟਰੀ ਦੀ ਚਾਬੀ ਖੋਹ ਲਏ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ 3 ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਪਵਨ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਪ੍ਰੀਤ ਨਗਰ ਅੰਮ੍ਰਿਤਸਰ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਵਕਤ ਕਰੀਬ 02.30 ਵਜੇ ਉਹ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਤਰਨਤਾਰਨ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਖਾਰਾ ਕੋਲ ਪੁੱਜਾ ਤਾਂ ਤਿੰਨ ਅਣਪਛਾਤੇ ਵਿਅਕਤੀ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆ ਗਏ, ਜਿਨ੍ਹਾਂ ਨੇ ਦਾਤਰ ਨਾਲ ਵਾਰ ਕਰਕੇ ਮੇਰਾ ਪਰਸ, ਏ.ਟੀ.ਐੱਮ., 3 ਹਜ਼ਾਰ ਰੁਪਏ, ਡਾਇਰੀ ਅਤੇ ਸਕੂਟਰੀ ਦੀ ਚਾਬੀ ਖੋਹ ਕੇ ਲੈ ਗਏ।
ਘਟਨਾ ਦੀ ਸ਼ਿਕਾਇਤ ਉਸ ਨੇ ਤੁਰੰਤ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।