ਲੁੱਟੇਰਿਆਂ ਵੱਲੋਂ ਵੱਡੀ ਵਾਰਦਾਤ, ਪੁਲਸ ਮੁਲਾਜ਼ਮ ਨੂੰ ਬਣਾਇਆ ਸ਼ਿਕਾਰ

Tuesday, Dec 10, 2024 - 03:37 PM (IST)

ਅੰਮ੍ਰਿਤਸਰ (ਗੁਰਪ੍ਰੀਤ)-ਅੰਮ੍ਰਿਤਸਰ 'ਚ ਲੁੱਟਖੋਹ ਦੀਆਂ ਵਾਰਦਾਤਾਂ ਇੱਕ ਵਾਰ ਫਿਰ ਤੋਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਤਾਜ਼ਾ ਮਾਮਲਾ ਬੀਤੀ ਰਾਤ ਦਾ ਥਾਣਾ ਸਦਰ ਅਧੀਨ ਆਉਂਦੇ ਇਲਾਕੇ 'ਚੋਂ ਸਾਹਮਣੇ ਆਇਆ ਜਿੱਥੇ ਕਿ ਥਾਣਾ ਵੇਰਕਾ 'ਚ ਤਾਇਨਾਤ ਪੁਲਸ ਮੁਲਾਜ਼ਮ ਆਪਣੀ ਆਪਣੀ ਡਿਊਟੀ ਕਰਕੇ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਅਣਪਛਾਤੇ 5 ਨੌਜਵਾਨਾਂ ਵੱਲੋਂ ਉਸ 'ਤੇ ਹਮਲਾ ਕੀਤਾ ਗਿਆ। ਨੌਜਵਾਨਾਂ ਵੱਲੋਂ ਪੁਲਸ ਮੁਲਾਜ਼ਮ ਨੂੰ ਰੋਕ ਕੇ ਉਸਦੀ ਪਿਸਤੌਲ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪੁਲਸ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਜਦੋਂ ਡਿਊਟੀ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਪੰਜ ਨੌਜਵਾਨਾਂ ਵੱਲੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਗੱਡੀ ਰੋਕ ਕੇ ਬਾਹਰ ਆਇਆ ਤਾਂ ਨੌਜਵਾਨਾਂ ਵੱਲੋਂ ਉਸਦੀ ਪਿਸਤੌਲ ਖੋਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿ ਆਖਿਰਕਾਰ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਕਿਉਂ ਕੀਤਾ ਗਿਆ। 

ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਸ ਸਮੇਂ ਹਮਲਾਵਾਰਾਂ ਵੱਲੋਂ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਸਮੇਂ ਤਿੰਨ ਰੋਂਦ ਵੀ ਮੌਕੇ 'ਤੇ ਨਿਕਲ ਗਏ ਅਤੇ ਮੌਕੇ 'ਤੇ ਉਨ੍ਹਾਂ ਦੇ ਹੱਥ 'ਤੇ ਵੀ ਗੰਭੀਰ ਸੱਟ ਲੱਗੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 

ਦੂਜੇ ਪਾਸੇ ਇਸ ਮਾਮਲੇ 'ਚ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਬੀਤੀ ਰਾਤ ਦਾ ਹੈ ਅਤੇ ਇੱਕ ਪੁਲਸ ਅਧਿਕਾਰੀ ਬੂਟਾ ਸਿੰਘ 'ਤੇ ਕੁਝ ਹਮਲਾਵਰਾਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਲ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ  ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਪੰਜ ਹਮਲਾਵਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। 


Shivani Bassan

Content Editor

Related News