‘ਆਪ’ ਦੇ ਕੌਂਸਲਰ ਦੇ ਘਰ ’ਤੇ ਕਾਤਲਾਨਾ ਹਮਲਾ, 4 ਵਿਰੁੱਧ ਕੇਸ ਦਰਜ

Monday, Mar 10, 2025 - 10:57 AM (IST)

‘ਆਪ’ ਦੇ ਕੌਂਸਲਰ ਦੇ ਘਰ ’ਤੇ ਕਾਤਲਾਨਾ ਹਮਲਾ, 4 ਵਿਰੁੱਧ ਕੇਸ ਦਰਜ

ਰਾਜਾਸਾਂਸੀ (ਜ.ਬ)- ਕਸਬਾ ਰਾਜਾਸਾਂਸੀ ਦੇ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਕੌਂਸਲਰ ਤੇ ਹਲਕਾ ਰਾਜਾਸਾਂਸੀ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਦਿਆਲ ਸਿੰਘ ਦੇ ਘਰ ’ਤੇ ਕੁਝ ਨੌਜਵਾਨਾਂ ਵੱਲੋਂ ਬੀਤੀ ਰਾਤ ਕਾਤਲਾਨਾ ਹਮਲਾ ਕੀਤਾ ਗਿਆ। ਦਿਆਲ ਸਿੰਘ ਨੇ ਦੱਸਿਆ ਕੇ ਬੀਤੀ ਰਾਤ ਉਹ ਸਾਰਾ ਪਰਿਵਾਰ ਆਪਣੇ ਘਰ ਵਿਚ ਸੁੱਤੇ ਹੋਏ ਸਨ। ਕੁਝ ਨੌਜਵਾਨ ਜੋ ਕਿ ਸਾਡੇ ਘਰ ਦੇ ਪਿਛਲੇ ਦਰਵਾਜ਼ੇ ਨੂੰ ਤੇਜ਼ ਹਥਿਆਰਾਂ ਨਾਲ ਵੱਢ ਰਹੇ ਸਨ ਤਾਂ ਅਸੀਂ ਖੜਾਕ ਸੁਣ ਕੇ ਸਾਰਾ ਪਰਿਵਾਰ ਉੱਠੇ ਤਾਂ ਉਨ੍ਹਾਂ ਨੇ ਸਾਡੇ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਭੱਦੀ ਸ਼ਬਦਾਵਲੀ ਵਾਲੀਆਂ ਗਾਲਾਂ ਕੱਢ ਰਹੇ ਸਨ ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਹੋਣ ਜਾ ਰਿਹਾ ਬਦਲਾਅ, ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ

ਇਸ ਸਬੰਧੀ ਪ੍ਰਧਾਨ ਦਿਆਲ ਨੇ ਦੱਸਿਆ ਕਿ ਸਾਡੀ ਵਾਰਡ ਵਿਚ ਹੀ ਭੂਪੀ ਸੁਨੀਲ ਜੋ ਕਿ ਦੋਵੇਂ ਸਕੇ ਭਰਾ ਹਨ ਅਤੇ ਉਨ੍ਹਾਂ ਨਾਲ ਇਕ ਸੰਨੀ ਨਾਂ ਦੇ ਲੜਕੇ ਵੱਲੋਂ ਆਪਣੇ ਕਰੀਬ 5-7 ਅਣਪਛਾਤੇ ਵਿਅਕਤੀਆਂ ਨਾਲ ਬੀਤੇ ਰਾਤ ਕਰੀਬ 11 ਵਜੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਕਤ ਲੜਕਿਆਂ ਵੱਲੋਂ ਸਾਡੇ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਅਸੀਂ ਸਾਰੇ ਪਰਿਵਾਰ ਨੇ ਭੱਜ ਕੇ ਰੌਲਾ-ਰੱਪਾ ਪਾਉਣ ਉਪਰੰਤ ਮੁਹੱਲੇ ਵਾਲਿਆਂ ਨੂੰ ਇਕੱਠਾ ਕੀਤਾ ਜਦ ਸਾਰੇ ਲੋਕ ਇਕੱਠੇ ਹੋ ਗਏ ਤਾਂ ਉਕਤ ਨੌਜਵਾਨ ਫਰਾਰ ਹੋ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਸਾਡੀ ਕੋਈ ਰੰਜਿਸ਼ ਨਹੀਂ ਸੀ ਉਹ ਨਸ਼ਾ ਵੇਚਦੇ ਸਨ ਤੇ ਅਸੀਂ ਉਸ ਦਾ ਵਿਰੋਧ ਕਰ ਰਹੇ ਸੀ। ਪ੍ਰਧਾਨ ਦਿਆਲ ਨੇ ਅੱਗੇ ਦੱਸਿਆ ਕਿ ਜਿਸ ਸਮੇਂ ਸਾਡੇ ਪਰਿਵਾਰ ’ਤੇ ਨੌਜਵਾਨ ਨੇ ਹਮਲਾ ਕੀਤਾ ਤਾਂ ਮੈਂ ਉਸੇ ਸਮੇਂ ਥਾਣਾ ਰਾਜਾਸਾਂਸੀ ਦੇ ਐੱਸ. ਐੱਚ. ਓ. ਅਵਤਾਰ ਸਿੰਘ ਨੂੰ ਸੂਚਨਾ ਦਿੱਤੀ ਸੀ। ਉਨ੍ਹਾਂ ਵੱਲੋਂ ਮੌਕੇ ’ਤੇ ਇਕ ਥਾਣੇਦਾਰ ਤੇ ਦੋ ਪੁਲਸ ਕਰਮਚਾਰੀਆਂ ਨੂੰ ਭੇਜਿਆ ਸੀ ਪਰੰਤੂ ਉਨ੍ਹਾਂ ਵੱਲੋਂ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ। ਦਿਆਲ ਸਿੰਘ ਨੇ ਦੱਸਿਆ ਕਿ ਪੁਲਸ ਵਾਲਿਆਂ ਨੂੰ ਕਾਰਤੂਸਾਂ ਦੇ ਖਾਲੀ ਖੋਲ੍ਹ ਵੀ ਵਿਖਾਏ ਗਏ ਸਨ ਪਰ ਉਹ ਉਸੇ ਤਰ੍ਹਾਂ ਹੀ ਛੱਡ ਕੇ ਚਲੇ ਗਏ। ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਨਹੀਂ ਲਿਆ। ਉਨ੍ਹਾਂ ਦੱਸਿਆ ਕਿ ਉਹ ਹੈਰਾਨ ਹਨ ਕਿ ਪੁਲਸ ਵੱਲੋਂ ਇਕ ਮਾਮੂਲੀ ਜਿਹਾ ਝਗੜਾ ਸਮਝ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁੰਡਿਆਂ ਨੂੰ ਥਾਣੇ ਵਿਚ ਪੇਸ਼ ਕਰਾਉਣ ਲਈ ਕਹਿ ਦਿੱਤਾ ਗਿਆ ਜਦ ਕਿ ਕੋਈ ਛਾਪੇਮਾਰੀ ਕਰ ਕੇ ਗ੍ਰਿਫਤਾਰੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ- ਗ੍ਰੰਥੀ ਦਾ ਹੈਰਾਨ ਕਰ ਦੇਣ ਵਾਲਾ ਕਾਰਾ, 18 ਦਿਨਾਂ 'ਚ ਕੀਤਾ ਅਜਿਹਾ ਕਾਂਡ ਕਿ...

ਦਿਆਲ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਤੇ ਕਾਤਲਾਨਾ ਹਮਲਾ ਕਰਨ ਵਾਲਿਆਂ 'ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐੱਸ. ਐੱਚ. ਓ. ਅਵਤਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਦਰਖਾਸਤਕਰਤਾ ਦਿਆਲ ਸਿੰਘ ਦੇ ਬਿਆਨਾਂ ’ਤੇ 4 ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News