ਹੜ੍ਹਾਂ ਦੀ ਮਾਰ ਕਾਰਨ ਸਰਹੱਦੀ ਖੇਤਰ ਦੀਆਂ ਸੜਕਾਂ ਹੋਈਆਂ ਤਹਿਸ-ਨਹਿਸ, ਰਾਹਗੀਰ ਪ੍ਰੇਸ਼ਾਨ

Monday, Sep 08, 2025 - 01:30 PM (IST)

ਹੜ੍ਹਾਂ ਦੀ ਮਾਰ ਕਾਰਨ ਸਰਹੱਦੀ ਖੇਤਰ ਦੀਆਂ ਸੜਕਾਂ ਹੋਈਆਂ ਤਹਿਸ-ਨਹਿਸ, ਰਾਹਗੀਰ ਪ੍ਰੇਸ਼ਾਨ

ਗੁਰਦਾਸਪੁਰ (ਵਿਨੋਦ)-ਰਾਵੀ ਦਰਿਆ ਵਿਚ ਆਏ ਹੜ੍ਹ ਕਾਰਨ ਸਰਹੱਦੀ ਏਰੀਏ ਦੀਆਂ ਕਰੀਬ ਸਾਰੀਆਂ ਸੜਕਾਂ ਟੁੱਟ ਭੱਜ ਗਈਆਂ ਹਨ। ਇਨ੍ਹਾਂ ਸੜਕਾਂ ’ਤੇ ਕਈ ਥਾਵਾਂ ’ਤੇ ਅਜੇ ਵੀ ਪਾਣੀ ਖੜ੍ਹਾ ਹੋਇਆ ਹੈ। ਜਾਣਕਾਰੀ ਅਨੁਸਾਰ ਹੜ੍ਹ ਕਾਰਨ ਗੁਰਦਾਸਪੁਰ ਦੇ ਲਹਿੰਦੇ ਪਾਸੇ ਜਿਵੇਂ ਗਾਹਲੜ੍ਹੀ ਤੋਂ ਦੋਰਾਂਗਲਾ, ਟੋਟੇ ਤੋਂ ਦੋਰਾਂਗਲਾ, ਗੁਰਦਾਸਪੁਰ ਤੋਂ ਗਾਹਲੜ੍ਹੀ, ਗਾਹਲੜ੍ਹੀ ਤੋਂ ਸੰਦਰਪੁਰ, ਸੰਦਰਪੁਰ ਤੋਂ ਜੈਨਪੁਰ, ਬਹਿਰਾਮਪੁਰ ਤੋਂ ਗਾਹਲੜ੍ਹੀ, ਬਹਿਰਾਮਪੁਰ ਤੋਂ ਬਾਹਮਣੀ, ਝਬਕਰਾ, ਝਬਕਰੇ ਤੋਂ ਟਾਂਡਾ, ਠੱਠੀ, ਗੁਰਦਾਸਪੁਰ ਤੋਂ ਬਹਿਰਾਮਪੁਰ ਤੋਂ ਇਲਾਵਾ ਡੇਰਾ ਬਾਬਾ ਨਾਨਕ ਆਦਿ ਇਲਾਕੇ ਵੱਲ ਹੜ੍ਹ ਕਾਰਨ ਸਾਰੀਆਂ ਸੜਕਾਂ ਬਹੁਤ ਤਰ੍ਹਾਂ ਨਾਲ ਟੁੱਟ ਚੁੱਕੀਆਂ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਨਹੀਂ ਖੁੱਲ੍ਹਣਗੇ ਸਕੂਲ, DC ਨੇ ਦਿੱਤੇ ਵੱਡੇ ਹੁਕਮ

ਸੜਕਾਂ ਵਿਚਕਾਰ ਵੱਡੇ ਪਾੜ ਪੈ ਚੁੱਕੇ ਹਨ, ਜਿਨ੍ਹਾਂ ਵਿਚ ਕਈ ਵਾਹਨ ਚਾਲਕ ਡਿੱਗ ਕੇ ਸੱਟਾਂ ਲਗਵਾ ਰਹੇ ਹਨ। ਕਈਆਂ ਲੋਕਾਂ ਵੱਲੋਂ ਸੜਕ ਦੇ ਟੁੱਟੇ ਹਿੱਸਿਆਂ ’ਤੇ ਝਾੜੀਆਂ ਵਗੈਰਾ ਰੱਖੀਆਂ ਗਈਆਂ ਹਨ ਕਿ ਕੋਈ ਅਣਜਾਣ ਰਾਹਗੀਰ ਹੇਠਾਂ ਨਾ ਡਿੱਗ ਪਏ। ਜਦੋਂ ਕਿ ਸਬੰਧਤ ਵਿਭਾਗ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਕੋਈ ਬੈਰੀਕੇਡ ਵਗੈਰਾ ਨਹੀਂ ਲਗਾਇਆ ਗਿਆ। ਕੁਝ ਸੜਕਾਂ ’ਤੇ ਪਾਣੀ ਅਜੇ ਵੀ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਹੈ ਅਤੇ ਲੋਕ ਵਗਦੇ ਪਾਣੀ ’ਚ ਸੜਕਾਂ ਤੋਂ ਬੜੀ ਮੁਸ਼ਕਲ ਨਾਲ ਲੰਘ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸਕੂਲਾਂ ਅੰਦਰ 10 ਸਤੰਬਰ ਤੱਕ ਵੱਧ ਸਕਦੀਆਂ ਨੇ ਛੁੱਟੀਆਂ

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਪਾਣੀ ਚੱਲਦਾ ਰਿਹਾ ਹਾਂ ਸੜਕਾਂ ਪੂਰੀ ਤਰ੍ਹਾਂ ਨਾਲ ਪਾਣੀ ਵਿਚ ਰੁੜ ਜਾਣਗੀਆਂ ਅਤੇ ਰਸਤਾ ਬਿਲਕੁਲ ਬੰਦ ਹੋ ਜਾਵੇਗਾ ਜਿਸ ਨਾਲ ਵੱਡੀ ਸਮੱਸਿਆ ਪੈਦਾ ਹੋਵੇਗੀ। ਉਨ੍ਹਾਂ ਕਿਹਾ ਵੱਡੇ-ਵੱਡੇ ਟੋਇਆਂ ਵਿਚ ਪਾਣੀ ਭਰ ਜਾਣ ਨਾਲ ਟੋਏ ਦਿਖਾਈ ਨਹੀਂ ਦਿੰਦੇ ਅਤੇ ਵਾਹਨ ਚਾਲਕ ਟੋਇਆਂ ਵਿਚ ਡਿਗ ਕੇ ਸੱਟਾਂ ਲਗਵਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦਿਆਂ ਟੁੱਟੀਆਂ ਇਨ੍ਹਾਂ ਸੜਕਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।

ਇਹ ਵੀ ਪੜ੍ਹੋ- ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸੰਗਤ ਨੂੰ ਵੱਡੇ ਹੁਕਮ

ਉਨ੍ਹਾਂ ਰਾਹਗੀਰਾਂ ਨੂੰ ਵੀ ਅਗਾਹ ਕੀਤਾ ਕਿ ਉਹ ਸਰਹੱਦੀ ਖੇਤਰ ਵਿਚ ਆਉਣ ਸਮੇਂ ਹਮੇਸ਼ਾਂ ਧਿਆਨ ਨਾਲ ਅਤੇ ਹੌਲੀ ਗਤੀ ਵਿਚ ਆਪਣੇ ਵਾਹਨ ਚਲਾਉਣ, ਕਿਉਂਕਿ ਸੜਕਾਂ ਦੇ ਕੰਢੇ ਕਿਸੇ ਸਮੇਂ ਵੀ ਖੁਰ ਸਕਦੇ ਹਨ। ਲੋਕਾਂ ਨੇ ਦੱਸਿਆ ਕਿ ਸੜਕ ਦਾ ਅੱਧਾ ਹਿੱਸਾ ਪਾਣੀ ਵਿਚ ਖੁਰ ਜਾਣ ਨਾਲ ਵਾਹਨ ਚਾਲਕ ਬੜ੍ਹੀ ਮੁਸ਼ਕਿਲ ਨਾਲ ਆਪਣੇ ਵਾਹਨ ਸੜਕ ਦੇ ਠੀਕ ਹਿੱਸੇ ਤੋਂ ਲੰਘਾ ਰਹੇ ਹਨ, ਜੋ ਕਿਸੇ ਖ਼ਤਰੇ ਤੋਂ ਘੱਟ ਨਹੀਂ। ਸੜਕਾਂ ’ਤੇ ਕਈ-ਕਈ ਫੁੱਟ ਪਾਣੀ ਖੜ੍ਹਾਂ ਰਹਿਣ ਨਾਲ ਸੜਕਾਂ ਤਹਿਸ ਨਹਿਸ ਹੋ ਗਈਆਂ ਹਨ।

ਇਨ੍ਹਾਂ ਸੜਕਾਂ ਵਿਚ ਡੂੰਘੇ-ਡੂੰਘੇ ਟੋਏ ਪੈ ਗਏ ਹਨ, ਜਿਨ੍ਹਾਂ ’ਚੋਂ ਲੰਘਣਾ ਕਾਫੀ ਮੁਸ਼ਕਲ ਹੋ ਗਿਆ ਹੈ। ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਦਾ ਦਿਨ ਅਤੇ ਰਾਤ ਨੂੰ ਚਲਣਾ ਖਤਰੇ ਤੋਂ ਖਾਲੀ ਨਹੀਂ। ਹੁਣ ਪੰਜਾਬ ਸਰਕਾਰ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ੍ਹਾਂ ਹੜ੍ਹਾਂ ਤੇ ਵਰਖਾ ਕਾਰਨ ਟੁੱਟੀਆਂ ਸੜਕਾਂ ਦੀ ਪਛਾਣ ਕਰ ਕੇ ਇਨ੍ਹਾਂ ਦੀ ਜਲਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਦੇਰ-ਸਵੇਰ ਟੁੱਟੀਆਂ ਭੱਜੀਆਂ ਸੜਕਾਂ ’ਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News