ਕਰੇਟਾ ਗੱਡੀ ਨਾਲ ਟੱਕਰ ਦੌਰਾਨ ਸਕੂਟੀ ਸਵਾਰ ਦੀ ਮੌਤ

10/03/2019 6:05:34 PM

ਬਟਾਲਾ,(ਬੇਰੀ): ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਧੀਰ ਕੋਲ ਅੱਜ ਕਰੇਟਾ ਗੱਡੀ ਤੇ ਸਕੂਟੀ ਦੀ ਟੱਕਰ 'ਚ ਸਕੂਟੀ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਪ੍ਰੇਮ ਸਿੰਘ ਦੇ ਲੜਕੇ ਗੁਰਬਾਜ ਸਿੰਘ ਵਾਸੀ ਪਿੰਡ ਦਮੋਦਰ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰੇਮ ਸਿੰਘ ਪੁੱਤਰ ਸੂਰਤਾ ਸਿੰਘ ਆਪਣੀ ਸਕੂਟੀ 'ਤੇ ਸਵਾਰ ਹੋ ਕੇ ਕੰਮ ਲਈ ਜਾ ਰਹੇ ਸਨ। ਜਦੋਂ ਉਹ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੇੜੇ ਪਿੰਡ ਧੀਰ ਕੋਲ ਪਹੁੰਚੇ ਤਾਂ ਅੰਮ੍ਰਿਤਸਰ ਤੋਂ ਆ ਰਹੀ ਤੇਜ਼ ਰਫਤਾਰ ਕਰੇਟਾ ਕਾਰ ਜੋ ਕਿ ਗੁਰਦਾਸਪੁਰ ਵੱਲ ਜਾ ਰਹੀ ਸੀ, ਨੇ ਉਸ ਦੇ ਪਿਤਾ ਪ੍ਰੇਮ ਸਿੰਘ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਉਸ ਦੇ ਪਿਤਾ ਸੜਕ 'ਤੇ ਡਿੱਗਣ ਨਾਲ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਨੇ ਸਿਵਲ ਹਸਪਤਾਲ ਬਟਾਲਾ ਇਲਾਜ ਲਈ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਦੇ ਪਿਤਾ ਪ੍ਰੇਮ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬਣਦੀ ਕਾਰਵਾਈ ਆਰੰਭ ਕਰ ਦਿੱਤੀ। ਖਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।


Related News