ਸੇਵਾਮੁਕਤ ਸੂਬੇਦਾਰ ਦੀ ਸੜਕ ਹਾਦਸੇ ''ਚ ਮੌਤ, ਇਲਾਕੇ ਅੰਦਰ ਸੋਗ ਦੀ ਲਹਿਰ
Thursday, Sep 25, 2025 - 10:39 PM (IST)

ਕਲਾਨੌਰ, (ਹਰਜਿੰਦਰ ਗੋਰਾਇਆ/ਮਨਮੋਹਨ)- ਕਲਾਨੌਰ ਦੀ 406 ਏਕੜ ਪੰਚਾਇਤੀ ਜ਼ਮੀਨ ਵਿੱਚ ਸੋਲਰ ਸਿਸਟਮ ਪ੍ਰੋਜੈਕਟ ਨਾ ਲੱਗਣ ਦੇ ਵਿਰੋਧ ਵਿੱਚ ਵੱਖ-ਵੱਖ ਆਗੂਆਂ ਸਮੇਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦੇ ਕੇ ਵਾਪਸ ਪਰਤ ਰਹੇ ਸੇਵਾਮੁਕਤ ਸੂਬੇਦਾਰ ਜਸਵੰਤ ਸਿੰਘ ਕਾਹਲੋਂ ਦੀ ਕਲਾਨੌਰ ਗੁਰਦਾਸਪੁਰ ਮਾਰਗ 'ਤੇ ਪੈਂਦੇ ਨਬੀਪੁਰ ਨਜ਼ਦੀਕ ਟਰੈਕਟਰ ਟਰਾਲੀ ਹੇਠਾਂ ਆਉਣ ਮੌਤ ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਕਸਾਈਜ਼ ਵਿਭਾਗ ਦੇ ਸੇਵਾ ਮੁਕਤ ਇੰਸਪੈਕਟਰ ਸੁਰਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਉਸ ਦੇ ਪਿਤਾ ਸੇਵਾ ਮੁਕਤ ਸੂਬੇਦਾਰ ਜਸਵੰਤ ਸਿੰਘ ਕਾਹਲੋਂ ਕਸਬਾ ਕਲਾਨੌਰ ਦੀ ਪੰਚਾਇਤੀ ਜ਼ਮੀਨ ਵਿੱਚ ਲੱਗ ਰਹੇ ਸੋਲਰ ਸਿਸਟਮ ਪ੍ਰੋਜੈਕਟ ਨੂੰ ਰੱਦ ਕਰਵਾਉਣ ਲਈ ਕਸਬਾ ਕਲਾਨੌਰ ਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਣ ਗਏ ਹੋਏ ਸਨ। ਜਦੋਂ ਉਹ ਵਾਪਸ ਪਰਤ ਰਹੇ ਸਨ ਕਿ ਅੱਡਾ ਨਬੀਪੁਰ ਨੇੜੇ ਪਿੱਛੋਂ ਆ ਰਹੀ ਓਵਰਲੋਡ ਟਰੈਕਟਰ ਟਰਾਲੀ ਨੇ ਉਸ ਦੇ ਪਿਤਾ ਦੀ ਮੋਪਿਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਸ ਦੇ ਪਿਤਾ ਦੀ ਮੌਤ ਹੋ ਗਈ। ਇਸ ਘਟਨਾ ਕਰਕੇ ਪੂਰੇ ਇਲਾਕੇ ਅੰਦਰ ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ।