ਗੁਰਦਾਸਪੁਰ ’ਚ ਹੜ੍ਹਾਂ ਦੀ ਮਾਰ ਕਾਰਨ 35 ਹਜ਼ਾਰ ਹੈਕਟੇਅਰ ਰਕਬਾ ਹੋਇਆ ਪ੍ਰਭਾਵਿਤ
Sunday, Sep 14, 2025 - 04:58 PM (IST)

ਗੁਰਦਾਸਪੁਰ(ਹਰਮਨ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਆਏ ਭਿਆਨਕ ਹੜ੍ਹਾਂ ਕਾਰਨ ਜ਼ਿਲ੍ਹੇ ਦੇ ਤਕਰੀਬਨ 329 ਪਿੰਡਾਂ ’ਚ 35 ਹਜ਼ਾਰ ਹੈਕਟੇਅਰ ਦੇ ਕਰੀਬ ਰਕਬਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ’ਚ ਕਿਸਾਨਾਂ ਵੱਲੋਂ ਬੀਜੀਆਂ ਗਈਆਂ ਵੱਖ-ਵੱਖ ਫਸਲਾਂ ਨੂੰ ਹੜ੍ਹਾਂ ਦੇ ਪਾਣੀ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਐਲਾਨ ਤਹਿਤ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਵਿਸ਼ੇਸ਼ ਗਿਰਦਾਵਰੀਆਂ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵੱਲੋਂ 13 ਸਤੰਬਰ ਤੋਂ ਗਿਰਦਾਵਰੀਆਂ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ,ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਇਸ ਤੋਂ ਪਹਿਲਾਂ ਵੀ ਵੱਖ-ਵੱਖ ਪਟਵਾਰੀਆਂ ਅਤੇ ਹੋਰ ਸਬੰਧਤ ਅਧਿਕਾਰੀਆਂ ਵੱਲੋਂ ਖੇਤਾਂ ’ਚ ਹੋਏ ਨੁਕਸਾਨ ਸਬੰਧੀ ਆਪਣੀਆਂ ਰਿਪੋਰਟਾਂ ਤਿਆਰ ਕਰ ਕੇ ਮੁੱਢਲਾ ਅਨੁਮਾਨ ਉੱਚ ਅਧਿਕਾਰੀਆਂ ਨੂੰ ਭੇਜਿਆ ਜਾ ਚੁੱਕਾ ਹੈ ਅਤੇ ਹੁਣ ਨੁਕਸਾਨ ਦਾ ਬਾਰੀਕੀ ਨਾਲ ਅਨੁਮਾਨ ਲਗਾ ਕੇ ਪੀੜਤ ਕਿਸਾਨਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਵਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ, ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕਰਨਗੇ ਦੌਰਾ
ਕਿਹੜੀ-ਕਿਹੜੀ ਫਸਲ ਦਾ ਕਿੰਨੇ ਰਕਬੇ ’ਚ ਹੋਇਆ ਨੁਕਸਾਨ?
ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਅਜੇ ਵੀ ਬਹੁਤ ਸਾਰੇ ਖੇਤਰਾਂ ’ਚ ਨੁਕਸਾਨੀ ਗਈ ਫਸਲ ਦਾ ਪੂਰਾ ਅਨੁਮਾਨ ਨਹੀਂ ਲਗਾਇਆ ਜਾ ਸਕਿਆ ਪਰ ਖੇਤੀਬਾੜੀ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਵੱਲੋਂ ਕੀਤੇ ਮੁੱਢਲੇ ਸਰਵੇਖਣ ਦੌਰਾਨ 35608 ਹੈਕਟੇਅਰ ਦੇ ਕਰੀਬ ਰਕਬੇ ਨੂੰ ਹੜ੍ਹਾਂ ਦੇ ਪਾਣੀ ਨੇ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲੇ ਅੰਦਰ ਇਸ ਸੀਜ਼ਨ ’ਚ 1 ਲੱਖ 70 ਹਜ਼ਾਰ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਈ ਕੀਤੀ ਗਈ ਸੀ, ਜਿਸ ’ਚੋਂ ਤਕਰੀਬਨ 27 ਹਜ਼ਾਰ ਹੈਕਟਰ ਰਕਬਾ ਹੜ੍ਹਾਂ ਕਾਰਨ ਪ੍ਰਭਾਵਿਤ ਹੋਇਆ ਹੈ। ਇਸੇ ਤਰ੍ਹਾਂ ਜ਼ਿਲੇ ਅੰਦਰ ਗੰਨੇ ਹੇਠ ਕੁੱਲ 23 ਹਜ਼ਾਰ ਹੈਕਟੇਅਰ ਰਕਬੇ ’ਚੋਂ 6855 ਹੈਕਟੇਅਰ ਰਕਬੇ ਨੂੰ ਹੜ੍ਹਾਂ ਦੇ ਪਾਣੀ ਨੇ ਨੁਕਸਾਨ ਪਹੁੰਚਾਇਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਪਹਿਲ: ਕਿਸਾਨਾਂ ਲਈ ਚੁੱਕਿਆ ਵੱਡਾ ਕਦਮ
ਉਨ੍ਹਾਂ ਦੱਸਿਆ ਕਿ ਮੱਕੀ ਦੀ ਫਸਲ ਵੀ ਪ੍ਰਭਾਵਿਤ ਹੋਈ ਹੈ। ਇਸੇ ਤਰ੍ਹਾਂ 1305 ਹੈਕਟੇਅਰ ’ਚ ਪਸ਼ੂਆਂ ਦਾ ਚਾਰਾ ਅਤੇ 253 ਹੈਕਟੇਅਰ ਰਕਬੇ ’ਚ ਬੀਜੀਆਂ ਗਈਆਂ ਹੋਰ ਫਸਲਾਂ ਨੂੰ ਵੀ ਹੜ੍ਹਾਂ ਦੇ ਪਾਣੀ ਨੇ ਲਪੇਟ ਵਿਚ ਲਿਆ ਹੈ। ਇਹ ਪੂਰਾ ਰਕਬਾ ਅਨੁਮਾਨਿਤ ਹੈ ਅਤੇ ਮੁੱਢਲੇ ਸਰਵੇਖਣ ਦੇ ਆਧਾਰ ’ਤੇ ਸਰਕਾਰ ਨੂੰ ਉਕਤ ਰਿਪੋਰਟ ਭੇਜੀ ਗਈ ਹੈ। ਇਸ ਦੀ ਅਸਲ ਸਥਿਤੀ ਅਤੇ ਵੱਖ-ਵੱਖ ਖੇਤਾਂ ’ਚ ਹੋਏ ਨੁਕਸਾਨ ਦੀ ਅਸਲ ਜਾਣਕਾਰੀ ਵਿਸ਼ੇਸ਼ ਗਿਰਦਾਵਰੀ ਦੇ ਬਾਅਦ ਹੀ ਪਤਾ ਲੱਗ ਸਕੇਗੀ ਕਿ ਕਿਹੜੇ ਖੇਤ ’ਚ ਕਿਸ ਫਸਲ ਦਾ ਕਿੰਨੇ ਫੀਸਦੀ ਨੁਕਸਾਨ ਹੋਇਆ ਹੈ।
ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ’ਚ ਜਾ ਕੇ ਫਸਲਾਂ ਦਾ ਜਾਇਜ਼ਾ ਲਿਆ ਜਾ ਰਿਹੈ : ਮੁੱਖ ਖੇਤੀਬਾੜੀ ਅਫਸਰ
ਇਸ ਸਬੰਧ ਵਿੱਚ ਜ਼ਿਲਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ’ਚ ਜਾ ਕੇ ਫਸਲਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਵਿਭਾਗ ਦੇ ਸਬੰਧਤ ਅਧਿਕਾਰੀਆਂ ਵੱਲੋਂ ਇਕ ਮੁੱਢਲੀ ਰਿਪੋਰਟ ਜ਼ਿਲਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਚੁੱਕੀ ਹੈ ਅਤੇ ਹੁਣ ਵੀ ਜਦੋਂ ਪਟਵਾਰੀਆਂ ਵੱਲੋਂ ਗਿਰਦਾਵਰੀ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ ਤਾਂ ਪ੍ਰਭਾਵਿਤ ਪਿੰਡਾਂ ’ਚ ਖੇਤੀਬਾੜੀ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੀ ਡਿਊਟੀ ਮਾਲ ਵਿਭਾਗ ਦੇ ਪਟਵਾਰੀਆਂ ਦੇ ਨਾਲ ਲਗਾਈ ਗਈ ਹੈ ਤਾਂ ਜੋ ਗਿਰਦਾਵਰੀ ਦਾ ਕੰਮ ਜਲਦੀ ਸੰਪੰਨ ਹੋ ਸਕੇ ਅਤੇ ਫਸਲਾਂ ਦੇ ਹੋਏ ਨੁਕਸਾਨ ਦੀ ਸਹੀ ਰਿਪੋਰਟ ਕਰਕੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਵਾਇਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਜਿਹੜੇ ਥਾਈਂ ਫਸਲ ਦਾ ਰੰਗ ਬਦਲਿਆ ਹੈ ਅਤੇ ਫਸਲ ਸੁੱਕ ਰਹੀ ਹੈ, ਉੱਥੇ ਕਿਸੇ ਡੀਲਰ ਦੇ ਕਹਿਣ ’ਤੇ ਕੋਈ ਖਾਦ ਜਾਂ ਦਵਾਈ ਦੀ ਵਰਤੋਂ ਨਾ ਕਰਨ ਕਿਉਂਕਿ ਇਸ ਨਾਲ ਉਨ੍ਹਾਂ ਦੇ ਖੇਤੀ ਖਰਚੇ ਵਧਣਗੇ।
ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਅਤੇ ਆਮ ਲੋਕਾਂ ਦੇ ਨਾਲ ਖੜ੍ਹਾ : ਵਧੀਕ ਡਿਪਟੀ ਕਮਿਸ਼ਨਰ
ਫਸਲਾਂ ਦੀ ਸ਼ੁਰੂ ਕੀਤੀ ਜਾਣ ਵਾਲੀ ਗਿਰਦਾਵਰੀ ਦੇ ਸਬੰਧ ’ਚ ਜਦੋਂ ਜ਼ਿਲਾ ਗੁਰਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਹਰਜਿੰਦਰ ਸਿੰਘ ਬੇਦੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਕਿਸਾਨਾਂ ਅਤੇ ਹੋਰ ਆਮ ਲੋਕਾਂ ਦੇ ਨਾਲ ਹਮੇਸ਼ਾ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਤੇ ਗਿਰਦਾਵਰੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿਚ ਬਕਾਇਦਾ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਬਹੁਤ ਜਲਦੀ ਇਹ ਕੰਮ ਨਿਪਟਾ ਲਿਆ ਜਾਵੇਗਾ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਯੋਗ ਮੁਆਵਜ਼ਾ ਜਲਦੀ ਤੋਂ ਜਲਦੀ ਮਿਲ ਸਕੇ। ਉਨ੍ਹਾਂ ਕਿਹਾ ਕਿ ਗਿਰਦਾਵਰੀ ਕਰਨ ਵਾਲੀਆਂ ਟੀਮਾਂ ਨੂੰ ਇਹ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਸਮੇਂ ਸਿਰ ਗਿਰਦਾਵਰੀ ਦਾ ਕੰਮ ਨਿਪਟਾਇਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8