ਅੈਕਸਾਈਜ਼ ਵਿਭਾਗ ਅਤੇ ਸੈੱਲ ਦੀ ਸਾਂਝੀ ਟੀਮ ਨੇ ਦੋ ਪਿੰਡਾਂ ’ਚੋਂ ਬਰਾਮਦ ਕੀਤੀ ਹਜ਼ਾਰਾਂ ਲੀਟਰ ਲਾਹਣ
Friday, Oct 12, 2018 - 02:49 AM (IST)

ਤਰਨਤਾਰਨ, (ਰਮਨ)- ਅੈਕਸਾਈਜ਼ ਵਿਭਾਗ ਅਤੇ ਪੰਜਾਬ ਪੁਲਸ ਦੇ ਅੈਕਸਾਈਜ਼ ਸੈੱਲ ਦੀ ਸਾਂਝੀ ਟੀਮ ਵੱਲੋਂ ਹਜ਼ਾਰਾਂ ਲੀਟਰ ਲਾਹਣ ਅਤੇ 80 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਝਾਲੂ ਭੱਠੀ ਬਰਾਮਦ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ, ਭਾਵੇਂ ਟੀਮ ਦੇ ਕਾਬੂ ਕੋਈ ਵੀ ਦੋਸ਼ੀ ਨਹੀਂ ਆਇਆ ਪਰ ਇਸ ਸਬੰਧੀ ਪੁਲਸ ਵਿਭਾਗ ਵੱਲੋਂ ਦੋਸ਼ੀਆਂ ਦੀ ਭਾਲ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੈਕਸਾਈਜ਼ ਵਿਭਾਗ ਦੇ ਇੰਸਪੈਕਟਰ ਹਰਭਜਨ ਸਿੰਘ ਮੰਡ ਨੇ ਦੱਸਿਆ ਕਿ ਅੱਜ ਪਿੰਡ ਸਰਹਾਲੀ ਅਤੇ ਗੰਡੀਵਿੰਡ ਵਿਖੇ ਗੁਪਤ ਸੂਚਨਾ ਦੇ ਅਾਧਾਰ ’ਤੇ ਇਕ ਵਿਸ਼ੇਸ਼ ਟੀਮ ਜਿਸ ਵਿਚ ਅੈਕਸਾਈਜ਼ ਵਿਭਾਗ ਅਤੇ ਪੁਲਸ ਦੇ ਅੈਕਸਾਈਜ਼ ਸੈੱਲ ਦੇ ਕਰਮਚਾਰੀ ਸ਼ਾਮਲ ਸਨ, ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ।
ਇਸ ਟੀਮ ਵਿਚ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਸ਼ਾਮਲ ਸਨ, ਜਿਨ੍ਹਾਂ ਵੱਲੋਂ ਪਿੰਡ ਸ਼ਕਰੀ ਦੇ ਇਕ ਘਰ ’ਚੋਂ ਹਜ਼ਾਰਾਂ ਲੀਟਰ ਲਾਹਣ ਸਮੇਤ ਚਾਲੂ ਭੱਠੀ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਟੀਮ ਦੇ ਭਾਲ ’ਚ ਲੱਗਦੇ ਹੀ ਦੋਸ਼ੀ ਘਰ ’ਚੋਂ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ ਅਤੇ ਪਛਾਣ ਸਬੰਧਤ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਗੰਡੀਵਿੰਡ ਵਿਚ ਮੌਜੂਦ ਸ਼ਮਸ਼ਾਨਘਾਟ ਨੇਡ਼ੇ ਖਾਲੀ ਥਾਂ ’ਚੋਂ ਵੀ ਹਜ਼ਾਰਾਂ ਲੀਟਰ ਲਾਹਣ ਅਤੇ ਕਰੀਬ 80 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ। ਮੰਡ ਨੇ ਦੱਸਿਆ ਕਿ ਦੋਹਾਂ ਥਾਵਾਂ ਤੋਂ ਬਰਾਮਦ ਕੀਤੀ ਗਈ ਹਜ਼ਾਰਾਂ ਲੀਟਰ ਲਾਹਣ ਤੋਂ ਇਲਾਵਾ ਕਰੀਬ 20 ਡਰੱਮ, ਇਕ ਚਾਲੂ ਭੱਠੀ ਅਤੇ 80 ਬੋਤਲਾਂ ਸ਼ਰਾਬ ਨਾਜਾਇਜ਼ ਦੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।