ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜੇ ’ਚ ਅੰਮ੍ਰਿਤਸਰ ਦੀਆਂ ਕੁੜੀਆਂ ਨੇ ਫਿਰ ਗੱਡੇ ਜਿੱਤ ਦੇ ਝੰਡੇ

Wednesday, Jun 29, 2022 - 12:37 PM (IST)

ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜੇ ’ਚ ਅੰਮ੍ਰਿਤਸਰ ਦੀਆਂ ਕੁੜੀਆਂ ਨੇ ਫਿਰ ਗੱਡੇ ਜਿੱਤ ਦੇ ਝੰਡੇ

ਅੰਮ੍ਰਿਤਸਰ (ਦਲਜੀਤ) - ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਦੇਰ ਸ਼ਾਮ ਨੂੰ 12ਵੀਂ ਦੇ ਸਾਲਾਨਾ ਨਤੀਜੇ ਦਾ ਐਲਾਨ ਕਰ ਦਿੱਤਾ। ਇਕ ਵਾਰ ਫਿਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪਹਿਲੇ ਸਥਾਨ ਦਾ ਦਰਜਾ ਹਾਸਲ ਕੀਤਾ ਹੈ, ਜਦਕਿ ਪ੍ਰਾਈਵੇਟ ਸਕੂਲਾਂ ਦੇ ਨਤੀਜੇ ਵੀ ਸ਼ਲਾਘਾਯੋਗ ਰਹੇ ਹਨ। ਓਲੰਪੀਅਨ ਸਰਕਾਰ ਸੀ. ਐੱਸ. ਸਕੂਲ ਅਟਾਰੀ ਦੀ ਸਾਇੰਸ ਸਟਰੀਮ ਦੀ ਵਿਦਿਆਰਥਣ ਸਮਰੀਨ ਕੌਰ ਨੇ 500 ਵਿਚੋਂ 496 ਅੰਕ ਪ੍ਰਾਪਤ ਕੀਤੇ। ਸਮਰੀਨ ਨੇ 99.6 ਫੀਸਦੀ ਅੰਕ ਲੈ ਕੇ ਸੂਬੇ ਵਿਚੋਂ ਦੂਜਾ ਅਤੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਸਰਕਾਰੀ ਸੀ. ਐੱਸ. ਸਕੂਲ ਗਰਲਜ਼ ਮਾਲ ਰੋਡ ਦੀ ਸਾਇੰਸ ਸਟ੍ਰੀਮ ਦੀ ਵਿਦਿਆਰਥਣ ਪ੍ਰਭਦੀਪ ਕੌਰ ਨੇ 493 ਅੰਕ ਪ੍ਰਾਪਤ ਕਰ ਪਹਿਲਾ ਅਤੇ ਸਰਕਾਰੀ ਸੀ. ਐੱਸ. ਐੱਸ. ਦੀ ਸਾਇੰਸ ਸਟ੍ਰੀਮ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਦੋਵਾਂ ਵਿਦਿਆਰਥਣਾਂ ਦੀ ਪਾਸ ਫੀਸਦੀ 98.60 ਰਹੀ।

ਜਾਣਕਾਰੀ ਮੁਤਾਬਕ ਕੋਰੋਨਾ ਦੌਰਾਨ ਲਾਕਡਾਊਨ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਹੋ ਰਹੀ ਸੀ ਪਰ ਜ਼ਿਆਦਾਤਰ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ। ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਰਾਹਤ ਦਿੱਤੀ ਗਈ ਹੈ। ਬੋਰਡ ਦੇ ਇਸ ਵਾਰ ਐਲਾਨੇ ਗਏ ਨਤੀਜਿਆਂ ਵਿਚ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਡੀ. ਏ. ਵੀ. ਸੀ. ਐੱਸ. ਸਕੂਲ ਹਾਥੀ ਗੇਟ ਦੇ ਕਾਮਰਸ ਸਟਰੀਮ ਦੇ ਸੰਚਿਤ ਕੁਮਾਰ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀ. ਐੱਸ. ਸਕੂਲ ਚੁੰਗ ਅੰਮ੍ਰਿਤਸਰ ਦੀ ਸਾਇੰਸ ਸਟਰੀਮ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਅਤੇ ਇਸੇ ਸਕੂਲ ਦੀ ਸਾਇੰਸ ਸਟਰੀਮ ਦੀ ਮਹਿਕਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ 491 ਅੰਕ ਪ੍ਰਾਪਤ ਕਰ ਕੇ ਸੂਬੇ ਵਿੱਚੋਂ ਸੱਤਵੇਂ ਅਤੇ ਜ਼ਿਲ੍ਹੇ ਵਿਚੋਂ ਤੀਜੇ ਸਥਾਨ ’ਤੇ ਰਹੀ। 

ਇਨ੍ਹਾਂ ਤਿੰਨਾਂ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 98.20 ਫੀਸਦੀ ਰਹੀ। ਪ੍ਰਭਾਕਰ ਸੀ. ਐੱਸ. ਸਕੂਲ ਦੇ ਰਮਨ ਕੁਮਾਰ ਨੇ ਸਾਇੰਸ ਸਟਰੀਮ ਵਿਚ 490 ਅੰਕ ਅਤੇ ਫੋਰਈਐੱਸ ਸਕੂਲ ਦੀ ਮਾਨਵੀ ਨੇ ਕਾਮਰਸ ਸਟਰੀਮ ਵਿਚ 490 ਅੰਕ ਪ੍ਰਾਪਤ ਕੀਤੇ। ਰਮਨ ਅਤੇ ਮਾਨਵੀ ਨੇ 98 ਫੀਸਦੀ ਅੰਕਾਂ ਨਾਲ ਸੂਬੇ ਵਿਚੋਂ 8ਵਾਂ ਅਤੇ ਜ਼ਿਲ੍ਹੇ ਵਿਚ ਚੌਥਾ ਸਥਾਨ ਹਾਸਲ ਕੀਤਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀ. ਐੱਸ. ਸਕੂਲ ਚੁੰਗ ਦੀ ਸੁਖਵਿੰਦਰ ਕੌਰ ਨੇ ਸਾਇੰਸ ਸਟਰੀਮ ਸਕੂਲ ਦੀ ਮਨਮੀਤ ਕੌਰ ਨੇ ਕਾਮਸਰਵ ਸਟਰੀਮ, ਗੁਰੂ ਨਾਨਕ ਪਬਲਿਕ ਸਕੂਲ ਅੱਡਾ ਨਾਥ ਦੀ ਖੂਹੀ ਦੀ ਵਿਦਿਆਰਥਣ ਸਰਨਪ੍ਰੀਤ ਕੌਰ ਨੇ ਸਾਇੰਸ ਸਟਰੀਮ ਅਤੇ ਬੀ. ਬੀ. ਕੇ. ਡੀ.ਏ.ਵੀ ਕਾਲਜੀਏਟ ਲੀਡ ਸਕੂਲ ਗਰਲਜ਼ ਦੀ ਕੇਸਵੀ ਮਹਿਤਾ ਨੇ 97.80 ਫੀਸਦੀ ਅੰਕਾਂ ਨਾਲ 489 ਅੰਕ ਪ੍ਰਾਪਤ ਕੀਤੇ। ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਸੂਬੇ ਵਿਚੋਂ ਨੌਵਾਂ ਅਤੇ ਜ਼ਿਲ੍ਹੇ ਵਿੱਚੋਂ ਪੰਜਵਾਂ ਰੈਂਕ ਹਾਸਲ ਕੀਤਾ ਹੈ।

ਜ਼ਿਲ੍ਹੇ ਦਾ ਸ਼ਾਨਦਾਰ ਰਿਹਾ ਨਤੀਜਾ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਬੋਰਡ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਸਰਕਾਰੀ ਸਕੂਲਾਂ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵਿਸ਼ੇਸ਼ ਅੰਕ ਲੈ ਕੇ ਮੈਰਿਟ ਵਿਚ ਆਏ ਹਨ। ਰੰਧਾਵਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਵਧੀਆ ਸਿੱਖਿਆ ਦਿੱਤੀ ਜਾ ਰਹੀ ਹੈ। ਸਮਾਰਟ ਸਕੂਲਾਂ ਵਿੱਚ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਰੰਧਾਵਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਿਆ-ਲਿਖਿਆ ਸਟਾਫ ਮੌਜੂਦ ਹੈ ਅਤੇ ਸਮਾਰਟ ਕਲਾਸਾਂ ਵਿਚ ਵਧੀਆ ਸਿੱਖਿਆ ਦਿੱਤੀ ਜਾ ਰਹੀ ਹੈ।

ਪ੍ਰਾਈਵੇਟ ਸਕੂਲ ਨਹੀਂ ਹਨ ਕਿਸੇ ਤੋਂ ਘੱਟ
ਮਾਨਤਾ ਪ੍ਰਾਪਤ ਅਤੇ ਐਫੀਲੇਟਿਡ ਸਕੂਲ ਐਸੋਸੀਏਸ਼ਨ ਰਾਸਾ ਦੇ ਸੂਬਾਈ ਜਨਰਲ ਸਕੱਤਰ ਸੁਜੀਤ ਸਰਮਾ ਬੱਬਲੂ ਨੇ ਕਿਹਾ ਕਿ ਸਰਕਾਰ ਵਲੋਂ ਕੋਈ ਮਦਦ ਨਾ ਦੇਣ ਦੇ ਬਾਵਜੂਦ ਪੰਜਾਬ ਦੇ ਸਾਰੇ ਮਾਨਤਾ ਪ੍ਰਾਪਤ ਅਤੇ ਐਫੀਲੇਟਿਡ ਸਕੂਲ ਵਧੀਆ ਕੰਮ ਕਰ ਰਹੇ ਹਨ। ਘੱਟ ਫੀਸਾਂ ਲੈ ਕੇ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਰਿਹਾ ਹੈ। ਬੋਰਡ ਦੇ ਨਤੀਜਿਆਂ ਵਿਚ ਪ੍ਰਾਈਵੇਟ ਸਕੂਲਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਮੁੱਖ ਜੜ੍ਹ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲ ਹਨ। ਜੇਕਰ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਹੋਇਆ ਹੈ ਤਾਂ ਉਹ ਮਾਨਤਾ ਪ੍ਰਾਪਤ ਅਤੇ ਐਫੀਲੇਟਿਡ ਸਕੂਲਾਂ ਦੀ ਬਦੌਲਤ ਹੋਇਆ ਹੈ।


author

rajwinder kaur

Content Editor

Related News