ਪੰਜਾਬ ਸਰਕਾਰ ਵਿਰਸੇ ਨੂੰ ਸੰਭਾਲਣ ਤੇ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਲਈ ਦ੍ਰਿੜ ਸੰਕਲਪ: ਹਰਜੋਤ ਬੈਂਸ

05/17/2022 7:05:01 PM

ਗੁਰਦਾਸਪੁਰ (ਹੇਮੰਤ) - ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਵਿਖੇ 17 ਮਈ 1746 ਨੂੰ ਯੁੱਧ ਵਿਚ ਸ਼ਹੀਦ ਹੋਏ ਕਰੀਬ 11 ਹਜ਼ਾਰ ਸਿੰਘਾਂ-ਸਿੰਘਣੀਆਂ ਅਤੇ ਯੋਧਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਵਿਚ ਸ੍ਰੀ ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਾਣਾਂ ਅਤੇ ਭੂ-ਵਿਗਿਆਨ ਅਤੇ ਜੇਲ੍ਹ ਵਿਭਾਗ ਪੰਜਾਬ ਵਲੋਂ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਦਿਆਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਬੈਂਸ ਵਲੋਂ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਵਿਖੇ 13 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਉਸਾਰੇ ਗਏ 15 ਕਿਲੋਵਾਟ ਦੇ ਸੋਲਰ ਪਲਾਂਟ ਅਤੇ ਨਵੀਂ ਖੋਲੀ ਗਈ ਲਾਇਬ੍ਰੇਰੀ ਦਾ ਉਦਘਾਟਨ ਕੀਤਾ। 

ਇਸ ਮੌਕੇ ਡਾ. ਮੋਹਿਤ ਮਹਾਜਨ ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਲੋਂ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਦੇ ਵਿਕਾਸ ਕਾਰਜਾਂ ਲਈ 1 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ। ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਨ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵਿਰਸੇ ਨੂੰ ਸੰਭਾਲਣ ਅਤੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਸੈਰ-ਸਪਾਟਾ ਨੂੰ ਵਿਕਸਿਤ ਕਰਨ ਦੀਆਂ ਅਸੀਮ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਅੱਜ ਉਹ, ਸ਼ਹੀਦਾਂ ਦੀ ਧਰਤੀ ਛੋਟਾ ਘੱਲੂਘਾਰਾ ਸਮਾਰਕ ਵਿਖੇ ਆਏ ਹਨ ਅਤੇ ਸ਼ਹੀਦਾਂ ਨੂੰ ਯਾਦ ਕਰਨ ਦਾ ਸੁਭਾਗ ਮਿਲਿਆ ਹੈ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਲੋਕਹਿੱਤ ਲਈ ਵੱਡੇ ਇਤਿਹਾਸਕ ਫ਼ੈਸਲੇ ਲਏ ਗਏ ਹਨ ਅਤੇ ਸਮੂਹਿਕ ਸਹਿਯੋਗ ਤੇ ਯਤਨਾਂ ਨਾਲ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ। 

ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸੂਰਬੀਰ-ਯੋਧਿਆਂ ਦੀ ਧਰਤੀ ਹੈ। ਇੱਥੇ ਮਹਾਰਾਜਾ ਰਣਜੀਤ ਸਿੰਘ ਵਰਗੇ ਮਹਾਨ ਸਪੂਤਾਂ ਨੇ ਪੰਜਾਬ ਦੀ ਧਰਤੀ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬ ਸਰਕਾਰ ਦੀ ਇਹੀ ਕੋਸ਼ਿਸ਼ ਹੈ ਕਿ ਸੂਬੇ ਅੰਦਰ ਸਰਬਪੱਖੀ ਵਿਕਾਸ ਕਾਰਜਾਂ ਰਾਹੀਂ ਲੋਕਾਂ ਦੀ ਸੇਵਾ ਕੀਤੀ ਜਾਵੇ ਅਤੇ ਪੰਜਾਬ ਸੂਬੇ ਨੂੰ ਤਰੱਕੀ ਦੀ ਬੁਲੰਦੀਆਂ ਤਕ ਪਹੁੰਚਾਇਆ ਜਾਵੇ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਵਲੋਂ ਗੁਰਦਾਸਪੁਰ ਨੂੰ ਟੂਰਿਸਟ ਹੱਬ ਬਣਾਉਣ ਲਈ ਕੋਈ ਕੋਸ਼ਿਸ਼ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਪ੍ਰਸ਼ਾਸਨ ਅਤੇ ‘ਆਪ’ ਪਾਰਟੀ ਦੇ ਆਗੂ, ਜੋ ਸੇਵਾ ਲਾਉਣਗੇ, ਉਸ ਨੂੰ ਪੂਰਾ ਕੀਤਾ ਜਾਵੇਗਾ। 

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਰਬੀਰ, ਯੋਧਿਆ ਤੇ ਸ਼ਹੀਦਾਂ ਦੀ ਪੇਟਿੰਗ ਤਿਆਰ ਕਰਵਾਈਆਂ ਜਾ ਰਹੀਆਂ ਹਨ, ਜਿਸ ਲਈ 54 ਲੱਖ ਰੁਪਏ ਦੀ ਗਰਾਂਟ ਮਨਜੂਰ ਕਰ ਦਿੱਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਗੁਰਦਾਸਪੁਰ ਦੀ ਧਰਤੀ ਯੋਧਿਆ ਤੇ ਸੰਤਾਂ ਦੀ ਧਰਤੀ ਹੈ ਤੇ ਦੇਸ਼ ਦੀ ਸੇਵਾ ਵਿਚ ਗੁਰਦਾਸਪੁਰ ਵਾਸੀਆਂ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਜੋ ਕੋਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਹ ਜਿੰਦਾ ਨਹੀਂ ਰਹਿੰਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਟੂਰਿਜ਼ਮ ਨੂੰ ਆਰਥਿਕਤਾ ਦੀ ਨਜ਼ਰ ਤੋਂ ਵੇਖਦਿਆਂ ਕਿਹਾ ਕਿ ਟੂਰਿਜ਼ਮ ਨੂੰ ਵਿਕਸਿਤ ਕਰਨ ਦੇ ਨਾਲ-ਨਾਲ ਜ਼ਿਲ੍ਹੇ ਅੰਦਰ ਆਰਥਿਕਤਾ ਨੂੰ ਬਹੁਤ ਵੱਡਾ ਹੁਲਾਰਾ ਮਿਲੇਗਾ ਅਤੇ ਸੈਲਾਨੀਆਂ ਦੇ ਆਉਣ ਨਾਲ ਰੋਜਗਾਰ ਦਾ ਖੇਤਰ ਵੀ ਵਧੇਗਾ। ਉਨ੍ਹਾਂ ਅੱਗੇ ਕਿਹਾ ਕਿ ਗੁਰਦਾਸਪੁਰ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਤੇ ਦੇਸ਼ ਦੇ ਖਾਤਰ ਗੁਰਦਾਸਪੁਰ ਵਾਸੀਆਂ ਵਲੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਇੱਥੇ ਸੈਨਿਕ ਸਕੂਲ ਖੋਲ੍ਹਣ ਦੀ ਵੱਡੀ ਲੋੜ ਹੈ ਤਾਂ ਨੌਜਵਾਨ ਦੇਸ਼ ਦੀ ਸੇਵਾ ਵਿਚ ਆਪਣਾ ਯੋਗਦਾਨ ਪਾ ਸਕਣ।

ਉਨ੍ਹਾਂ ਕਿਹਾ ਕਿ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਛੰਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਹੋਮ ਥੀਏਟਰ, ਲਾਇਬ੍ਰੇਰੀ ਤੇ ਸਾਰਾਗੜੀ ਸ਼ਹੀਦਾਂ ਦੀ ਗੈਲਰੀ ਸਥਾਪਤ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਤੋਂ ਲੋਕਾਂ ’ਤੇ ਖ਼ਾਸ ਕਰਕੇ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਇਸ ਮੌਕੇ ਅਮਨਸ਼ੇਰ ਸਿੰਘ ਸੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕਰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀ ਸ਼ਹੀਦਾਂ ਨੂੰ ਯਾਦ ਕਰੀਏ ਤੇ ਉਨ੍ਹਾਂ ਦੇ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਡਿਊਟੀ ਨਿਭਾਈਏ।  

‘ਆਪ’ ਪਾਰਟੀ ਦੇ ਆਗੂ ਤੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੈਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਸ਼ਹੀਦ ਹੋਏ ਯੋਧਿਆਂ ਨੂੰ ਕੋਟਿਨ ਕੋਟਿਨ ਪ੍ਰਣਾਮ ਕਰਦੇ ਹਨ, ਜਿਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਵਿਚਰ ਰਹੇ ਹਾਂ। ਇਸ ਤੋਂ ਪਹਿਲਾਂ ਤੇਜਿੰਦਰਪਾਲ ਸਿੰਘ ਸੰਧੂ ਜਨਰਲ ਸੈਕਟਰੀ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਤੇ ਸਾਬਕਾ ਏਡੀਸੀ ਗੁਰਦਾਸਪੁਰ ਨੇ ਸਮੂਹ ਸੰਗਤਾਂ ਨੂੰ ਜੀ ਆਇਆ ਆਖਿਆ ਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵਲੋਂ ਗੁਰਦਾਸਪੁਰ ਜ਼ਿਲ੍ਹੇ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਲਈ ਸ਼ਾਨਦਾਰ ਯਤਨ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਕੈਬਨਿਟ ਮੰਤਰੀ ਬੈਂਸ ਦੇ ਧਿਆਨ ਵਿਚ ਲਿਆਂਦਾ ਕਿ ਸ਼ਹੀਦੀ ਸਮਾਰਕ ਦੀ ਮੈਨਟੇਨਸ ਲਈ ਫੰਡਾਂ ਦੀ ਜ਼ਰੂਰਤ ਹੈ, ਸਮਾਰਕ ਦੇ ਸਾਹਣੇ ਲੰਘਦੀ ਡਰੇਨ ਦਾ ਸੁੰਦਰੀਕਰਨ ਕੀਤਾ ਜਾਵੇ, ਲਿੰਕ ਰੋਡ ਨੂੰ ਚੋੜਾ ਕੀਤਾ ਜਾਵੇ, ਇਤਿਹਾਸਕ ਤੇ ਧਾਰਮਿਕ ਪੇਟਿੰਗਜ਼ ਮੁਹੱਈਆ ਕਰਵਾਈਆਂ ਜਾਣ, ਕਲਾ ਕੇਂਦਰ ਗੁਰਦਾਸਪੁਰ ਦੇ ਵਿਕਾਸ ਕਾਰਜਾਂ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ ਸਮੇਤ ਵੱਖ-ਵੱਖ ਮੰਗਾਂ ਸਾਹਮਣੇ ਰੱਖੀਆਂ। 

ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਬੈਂਸ ਨੇ ਕਿਹਾ ਕਿ ਉਹ ਸਮਾਰਕ ਦੀ ਹੋਰ ਬਿਹਤਰੀ ਅਤੇ ਵਿਕਾਸ ਲਈ ਕਮ ਕਰਨਗੇ ਅਤੇ ਉਨ੍ਹਾਂ ਇਸ ਸਬੰਧੀ ਇਕ ਵਿਸਥਾਰ ਵਿਚ ਪ੍ਰੋਪੋਜਲ ਤਿਆਰ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਸਵੇਰੇ 10 ਵਜੇ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾਵੇਗਾ, ਉਪਰੰਤ ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਤੇ ਪ੍ਰਮੁੱਖ ਹਸਤੀਆਂ ਨੂੰ ਸਨਮਾਨਤ ਕੀਤਾ ਗਿਆ। ਜਾਵੇਗਾ। ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦਾ ਸ਼ਹੀਦੀ ਸਮਾਰਕ ਛੋਟਾ ਘੱਲੂਘਾਰਾ ਵਿਖੇ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਪੰਜਾਬ ਪੁਲਸ ਦੇ ਜਵਾਨਾਂ ਵਲੋਂ ਗਾਰਡ ਆਫ ਆਨਰ ਦਿੱਤਾ ਗਿਆ। ਉਪਰੰਤ ਉਨਾਂ ਵਲੋਂ ਸ਼ਹੀਦੀ ਸਮਾਰਕ ਦਾ ਦੌਰਾ ਕੀਤਾ ਗਿਆ ਤੇ ਵੀਡੀਓ ਗੈਲਰੀ ਵਿਚ ਪ੍ਰੋਫ਼ੈਸਰ ਰਾਜ ਕੁਮਾਰ ਸ਼ਰਮਾ ਵਲੋਂ ਛੋਟਾ ਘੱਲੂਘਾਰਾ ਸ਼ਹੀਦੀ ਦਾ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਬੈਂਸ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਸਬੰਧੀ ਪੁਸਤਕ ਵੀ ਰਿਲੀਜ਼ ਕੀਤੀ ਗਈ।


rajwinder kaur

Content Editor

Related News