ਭਾਰਤੀ ਕਰੰਸੀ ਨੋਟਾਂ ’ਤੇ ਮੋਹਰ ਲਾ ਕੇ ‘ਖ਼ਜ਼ਾਨਾ’ ਵੰਡਣ ਦੀ ਗੁਰਮਤ ਵਿਰੋਧੀ ਵਰਤਾਰਾ ਚਿੰਤਾ ਯੋਗ ਵਿਸ਼ਾ: ਪ੍ਰੋਫੈਸਰ ਖਿਆਲਾ
Tuesday, Feb 03, 2026 - 11:07 PM (IST)
ਅੰਮ੍ਰਿਤਸਰ, (ਸਰਬਜੀਤ)- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਜ (ਚਾਟੀਵਿੰਡ ਚੌਕ) ਵਿਖੇ ਕੁਝ ਵਿਅਕਤੀਆਂ ਵੱਲੋਂ ਭਾਰਤੀ ਕਰੰਸੀ ਨੋਟਾਂ ’ਤੇ “ਖ਼ਜ਼ਾਨਾ ਬਾਬਾ ਦੀਪ ਸਿੰਘ ਜੀ”, “ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ” ਅਤੇ “ਸੇਵਕ ਜਥਾ ਇਸ਼ਨਾਨ” ਦੀਆ ਮੋਹਰਾਂ ਲਗਾ ਕੇ ਮਾਇਆ ਵੰਡਣ ਦੀ ਹੋ ਰਹੀ ਕਾਰਵਾਈ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸਿੱਖ ਚਿੰਤਕ ਅਤੇ ਭਾਜਪਾ ਦੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਨੇ ਕਿਹਾ ਹੈ ਕਿ ਇਸ ਗੁਰਮਤ ਵਿਰੋਧੀ ਵਰਤਾਰੇ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਜੇ ਤੱਕ ਕੋਈ ਠੋਸ ਨੋਟਿਸ ਕਿਉਂ ਨਹੀਂ ਲਿਆ ਗਿਆ ਜੋ ਕਿ ਬਹੁਤ ਹੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਗੁਰਮਤ ਦੇ ਨਾਮ-ਬਾਣੀ ਸੰਕਲਪ, ਸਿੱਖੀ ਦੇ ਮੂਲ ਸਿਧਾਂਤਾਂ, ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਦੀ ਸਿੱਧੀ ਉਲੰਘਣਾ ਹੈ ਅਤੇ ਇਸ ਖੁੱਲ੍ਹਮ-ਖੁੱਲ੍ਹਾ ਮਨਮਤੀ ਰਵੱਈਏ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸਿੱਖੀ ਵਿੱਚ “ਨਾਮ ਦਾ ਖ਼ਜ਼ਾਨਾ” ਗੁਰਬਾਣੀ, ਸਿਮਰਨ, ਸੇਵਾ ਅਤੇ ਸੱਚੇ ਆਚਰਨ ਰਾਹੀਂ ਪ੍ਰਾਪਤ ਹੁੰਦਾ ਹੈ, ਨਾ ਕਿ ਭਾਰਤੀ ਕਰੰਸੀ ਨੋਟਾਂ ’ਤੇ ਮੋਹਰ ਲਾ ਕੇ ਉਨ੍ਹਾਂ ਨੂੰ ਅਸ਼ੀਰਵਾਦ ਸਮਝ ਕੇ ਜੇਬਾਂ ਜਾਂ ਪਰਸਾਂ ਵਿੱਚ ਰੱਖਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਸੰਗਤਾਂ ਨੂੰ ਗੁਰਮਤ ਤੋਂ ਦੂਰ ਕਰਕੇ ਮਾਇਆ-ਕੇਂਦਰਿਤ ਸੋਚ ਵੱਲ ਧੱਕਣ ਦੀ ਕੋਸ਼ਿਸ਼ ਹੈ, ਜੋ ਸਿੱਖੀ ਦੀ ਰੂਹ ਅਤੇ ਅਸੂਲਾਂ ਨਾਲ ਸਿੱਧਾ ਧੋਖਾ ਹੈ।
ਉਨ੍ਹਾਂ ਕਿਹਾ ਕਿ ਇਹ ਹੋਰ ਵੀ ਗੰਭੀਰ ਗੱਲ ਹੈ ਕਿ ਇਹ ਸਭ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਗੁਰਦੁਆਰੇ ਵਿੱਚ ਹੋ ਰਿਹਾ ਹੈ ਅਤੇ ਇਹ ਮਾਮਲਾ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪੁੱਜਣ ਦੇ ਬਾਵਜੂਦ ਇਸ ਵਿਰੁੱਧ ਅਜੇ ਤੱਕ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕੋਈ ਸਪਸ਼ਟ ਅਤੇ ਸਖ਼ਤ ਸਟੈਂਡ ਸਾਹਮਣੇ ਆਇਆ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਕਮੇਟੀ ਕੋਲ ਸਵਾਲ ਉਠਾਇਆ ਕਿ ਗੁਰਮਤ ਵਿਰੋਧੀ ਇਸ ਵਰਤਾਰੇ ਲਈ ਕੌਣ ਜ਼ਿੰਮੇਵਾਰ ਹੈ, ਇਹ ਸਭ ਕੁਝ ਕਿਸ ਦੀ ਸਹਿਮਤੀ ਜਾਂ ਅਣਗਹਿਲੀ ਨਾਲ ਚੱਲ ਰਿਹਾ ਹੈ ਅਤੇ ਹੁਣ ਤੱਕ ਇਸ ਮਨਮਤੀ ਸਿਲਸਿਲੇ ਨੂੰ ਪੂਰੀ ਤਰ੍ਹਾਂ ਰੋਕਣ ਲਈ ਕੋਈ ਠੋਸ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਉਨ੍ਹਾਂ ਨੇ ਇਹ ਵੀ ਚਿੰਤਾ ਜਤਾਈ ਕਿ ਸੰਭਵ ਹੈ ਕੁਝ ਸੰਗਤਾਂ ਅਣਜਾਣਪੁਣੇ ਜਾਂ ਸ਼ਰਧਾ ਦੇ ਵਹਾਵ ਵਿੱਚ ਇਹ ਸਭ ਕੁਝ “ਖ਼ਜ਼ਾਨਾ” ਸਮਝ ਕੇ ਕਰ ਰਹੀਆਂ ਹੋਣ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਤੇ ਇਹ ਗੁਰੂ ਘਰਾਂ ਦੀ ਮਰਿਆਦਾ ਨੂੰ ਖੰਡਿਤ ਕਰਨ ਅਤੇ ਸਿੱਖੀ ਦੇ ਨਾਮ ਸੰਕਲਪ ਨੂੰ ਮਾਇਆਵਾਦੀ ਦਿਸ਼ਾ ਵੱਲ ਮੋੜਣ ਲਈ ਕੋਈ ਗਹਿਰੀ ਸਾਜ਼ਿਸ਼ ਤਾਂ ਨਹੀਂ।
ਅਖੀਰ ਵਿੱਚ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਕਿ ਇਸ ਮਾਮਲੇ ’ਚ ਤੁਰੰਤ, ਸਪਸ਼ਟ ਅਤੇ ਕੜੀ ਕਾਰਵਾਈ ਕੀਤੀ ਜਾਵੇ, ਇਸ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਵੱਖਰੇ ਜਥੇ ਬਣਾਉਣ ਵਾਲੇ ਜ਼ਿੰਮੇਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਮਿਸਾਲੀ ਕਦਮ ਚੁੱਕੇ ਜਾਣ ਅਤੇ ਸੰਗਤਾਂ ਨੂੰ ਇਹ ਸਪਸ਼ਟ ਸੁਨੇਹਾ ਦਿੱਤਾ ਜਾਵੇ ਕਿ ਸਿੱਖੀ ਵਿੱਚ ਮਰਿਆਦਾ ਤੋਂ ਉਪਰ ਕੁਝ ਨਹੀਂ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਗੁਰਮਤ ਦੀ ਅਟੱਲਤਾ, ਤਿਆਗ ਅਤੇ ਸਚਾਈ ਦਾ ਪ੍ਰਤੀਕ ਹੈ, ਨਾ ਕਿ ਮੋਹਰ ਲੱਗੀ ਮਾਇਆ ਦਾ। ਸ਼ਹੀਦਾਂ ਦੇ ਨਾਮ ’ਤੇ ਮਨਮਤੀ ਕਰਤੂਤਾਂ ਸਹਿਣਯੋਗ ਨਹੀਂ ਅਤੇ ਪੰਥ ਇਸ ਬਾਰੇ ਚੁੱਪ ਨਹੀਂ ਰਹੇਗਾ।
