ਨਸ਼ਾ ਛੁਡਾਊ ਸੈਂਟਰਾਂ ’ਚ ਬੁਪੀਰੋਨੋਰਫਿਨ ਦੀ ਘਪਲੇਬਾਜ਼ੀ ਕਰਨ ਵਾਲੇ 8 ਕਰਮਚਾਰੀਆਂ ''ਤੇ ਕਾਰਵਾਈ ਦੀ ਤਿਆਰੀ

Friday, Nov 21, 2025 - 12:48 PM (IST)

ਨਸ਼ਾ ਛੁਡਾਊ ਸੈਂਟਰਾਂ ’ਚ ਬੁਪੀਰੋਨੋਰਫਿਨ ਦੀ ਘਪਲੇਬਾਜ਼ੀ ਕਰਨ ਵਾਲੇ 8 ਕਰਮਚਾਰੀਆਂ ''ਤੇ ਕਾਰਵਾਈ ਦੀ ਤਿਆਰੀ

ਤਰਨਤਾਰਨ(ਰਮਨ)- ਸਰਹੱਦੀ ਜ਼ਿਲੇ ’ਚ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਨਸ਼ਾ ਛੁਡਾਊ ਕੇਂਦਰਾਂ ਅੰਦਰ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਬੁਪੀਰੋਨੋਰਫਿਨ ਦਵਾਈ ਦੇ ਚੱਲ ਰਹੇ ਘਪਲੇ ਦੀ ਚੱਲ ਰਹੀ ਜਾਂਚ ਮੁਕੰਮਲ ਹੋਣ ਉਪਰੰਤ ਇਸ ਦੀ ਰਿਪੋਰਟ ਜਿੱਥੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ ਹੈ, ਉਥੇ ਹੀ ਐੱਸ.ਐੱਸ.ਪੀ ਨੂੰ ਇਸ ਜਾਂਚ ਵਿਚ ਦੋਸ਼ੀ ਪਾਏ ਜਾਣ ਵਾਲੇ 8 ਕਰਮਚਾਰੀਆਂ, ਜਿਨ੍ਹਾਂ ਵਿਚ ਮਹਿਲਾ ਕਰਮਚਾਰੀ ਵੀ ਸ਼ਾਮਲ ਹਨ, ਦੇ ਖਿਲਾਫ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਜ਼ਿਲ੍ਹੇ ਅੰਦਰ ਲੱਗੀਆਂ ਕਈ ਪਾਬੰਦੀਆਂ, 19 ਜਨਵਰੀ ਤੱਕ ਹੁਕਮ ਜਾਰੀ

ਜ਼ਿਕਰਯੋਗ ਹੈ ਕਿ ਇਸ ਕੀਤੀ ਜਾ ਰਹੀ ਜਾਂਚ ਦੌਰਾਨ ਸਹਾਇਕ ਸਿਵਲ ਸਰਜਨ ਤਰਨਤਾਰਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ, ਜਿਸ ਦੇ ਸਬੰਧ ਵਿਚ ਪੁਲਸ ਵੱਲੋਂ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ। ਜ਼ਿਲੇ ਦੇ ਕੁਝ ਕੇਂਦਰਾਂ ਵਿਚ ਫਰਜ਼ੀ ਡਿਗਰੀਆਂ ਦੇ ਸਹਾਰੇ ਬੀਤੇ ਸਮੇਂ ’ਚ ਗੁੰਮਰਾਹ ਕਰਦੇ ਹੋਏ ਨੌਕਰੀ ਪ੍ਰਾਪਤ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ! ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਹੁਲ ਨੂੰ ਵੱਖ-ਵੱਖ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਨਸ਼ਾ ਛੁਡਾਊ ਕੇਂਦਰਾਂ ਵਿਚ ਮਿਲਣ ਵਾਲੀ ਬੁਪੀਰੋਨੋਰਫਿਨ ਨਾਮਕ ਦਵਾਈ ਦੀ ਵੱਡੇ ਪੱਧਰ ਉਪਰ ਘਪਲੇਬਾਜ਼ੀ ਕਰਦੇ ਹੋਏ ਉਸ ਨੂੰ ਬਲੈਕ ਵਿਚ ਆਮ ਲੋਕਾਂ ਨੂੰ ਵੇਚਣ ਦਾ ਕਾਲਾ ਧੰਦਾ ਲਗਾਤਾਰ ਜਾਰੀ ਹੈ। ਇਸ ਸਬੰਧੀ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਤਿੰਨ ਟੀਮਾਂ ਦਾ ਗਠਨ ਬੀਤੇ ਸਮੇਂ ਵਿਚ ਕਰ ਦਿੱਤਾ ਗਿਆ, ਜਿਸ ਵਿਚ ਮਨੋਰੋਗ ਮਾਹਿਰ ਡਾਕਟਰ ਵਿਨੋਦ ਕੁਮਾਰ, ਰੀਹੈਬ ਸੈਂਟਰ ਠਰੂ ਦੇ ਇੰਚਾਰਜ ਡਾ.ਨਵਦੀਪ ਕੌਰ ਬੁੱਟਰ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਜਸਪ੍ਰੀਤ ਸਿੰਘ ਸ਼ਾਮਲ ਸਨ। ਬੀਤੇ ਸਮੇਂ ਵਿਚ ਤਿੰਨਾਂ ਮੈਂਬਰਾਂ ਵੱਲੋਂ ਜ਼ਿਲੇ ਭਰ ਵਿਚ ਮੌਜੂਦ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ, ਜਿਸ ਦੌਰਾਨ ਵੱਖ-ਵੱਖ ਸੈਂਟਰਾਂ ਜਿਨ੍ਹਾਂ ਵਿਚ ਕੈਰੋਂ, ਭਿੱਖੀਵਿੰਡ ਅਤੇ ਖਡੂਰ ਸਾਹਿਬ ਸ਼ਾਮਲ ਹਨ, ਵਿਖੇ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੀ ਦਵਾਈ ਦੀਆਂ 400 ਗੋਲੀਆਂ ਪ੍ਰਤੀ ਸੈਂਟਰ ਵਿਚ ਹੇਰਾਫੇਰੀ ਵੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਛੇਹਰਟਾ ਕਤਲ ਕਾਂਡ ਮਾਮਲੇ 'ਚ 2 ਮੁੱਖ ਸ਼ੂਟਰ ਗ੍ਰਿਫ਼ਤਾਰ

ਇਨ੍ਹਾਂ ਟੀਮਾਂ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਦੌਰਾਨ ਨਸ਼ਾ ਛੁਡਾਊ ਕੇਂਦਰ ਕੈਰੋਂ, ਭਿੱਖੀਵਿੰਡ, ਖੇਮਕਰਨ, ਕਿਰਤੋਵਾਲ, ਖਡੂਰ ਸਾਹਿਬ, ਡਾਲੇਕੇ ਵਿਚ ਕਾਫੀ ਜ਼ਿਆਦਾ ਕਮੀਆਂ ਪਾਈਆਂ ਗਈਆਂ। ਜਿਸ ਤੋਂ ਬਾਅਦ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਅਤੇ ਜ਼ਿਲਾ ਮੈਡੀਕਲ ਕਮਿਸ਼ਨਰ ਡਾਕਟਰ ਰੂਪਮ ਚੌਧਰੀ ਵੱਲੋਂ ਹੇਰਾਫੇਰੀ ਪਾਏ ਜਾਣ ਵਾਲੇ ਸੈਂਟਰਾਂ ਵਿਚ ਮੌਜੂਦ ਸਟਾਫ ਨੂੰ ਇਧਰੋਂ-ਓਧਰ ਵੀ ਭੇਜ ਦਿੱਤਾ ਗਿਆ ਸੀ। ਜਾਣਕਾਰੀ ਦੇ ਅਨੁਸਾਰ ਨਸ਼ਾ ਛੁਡਾਊ ਕੇਂਦਰ ਕੈਰੋਂ, ਭਿੱਖੀਵਿੰਡ ਅਤੇ ਖਡੂਰ ਸਾਹਿਬ ਵਿਚ ਵੱਡੀ ਮਾਤਰਾ ਦੌਰਾਨ ਮਰੀਜ਼ਾਂ ਦੀਆਂ ਜਾਅਲੀ ਆਈ.ਡੀ ਬਣਾ ਕੇ ਰੋਜ਼ਾਨਾ 400 ਦੇ ਕਰੀਬ ਬੁਪੀਰੋਨੋਰਫਿਨ ਟੈਬਲੇਟ ਦੀ ਹੇਰਫੇਰ ਹੋ ਰਹੀ ਸੀ। ਜਿਸ ਨੂੰ ਬਾਜ਼ਾਰ ਵਿਚ ਮੋਟੀ ਕੀਮਤ ਵਸੂਲਦੇ ਹੋਏ ਬਾਜ਼ਾਰ ਵਿਚ ਵੇਚਿਆ ਜਾਂਦਾ ਹੋਵੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ

ਇਸ ਜਾਂਚ ਕਰਨ ਵਾਲੀ ਟੀਮ ਦੇ ਮੈਂਬਰ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਜਸਪ੍ਰੀਤ ਸਿੰਘ ਨੂੰ ਜਰਮਨੀ ਤੋਂ ਆਈ ਇਕ ਫੋਨ ਕਾਲ ਰਾਹੀਂ ਜਾਨ ਤੋਂ ਮਾਰਨ ਦੀ ਧਮਕੀ ਵੀ ਦੇ ਦਿੱਤੀ ਗਈ ਸੀ। ਜਿਸ ਦੇ ਸਬੰਧ ਵਿਚ ਥਾਣਾ ਪੱਟੀ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਵੀ ਦਰਜ ਕਰ ਲਿਆ ਗਿਆ ਸੀ। ਸੈਂਟਰਾਂ ਵਿਚ ਦਵਾਈ ਦੀ ਹੋ ਰਹੀ ਹੇਰਾਫੇਰੀ ਦੀ ਚੱਲ ਰਹੀ ਜਾਂਚ ਮੁਕੰਮਲ ਹੋਣ ਉਪਰੰਤ ਜ਼ਿਲਾ ਮੈਡੀਕਲ ਕਮਿਸ਼ਨਰ ਡਾਕਟਰ ਰੂਪਮ ਚੌਧਰੀ ਵੱਲੋਂ ਸੈਂਟਰਾਂ ਵਿਚ ਤਾਇਨਾਤ ਕੁੱਲ ਅੱਠ ਕਰਮਚਾਰੀ, ਜਿਨ੍ਹਾਂ ਵਿਚ ਮਹਿਲਾ ਸਟਾਫ ਵੀ ਸ਼ਾਮਲ ਹੈ ਦੇ ਨਾਮ ਸਮੇਤ ਰਿਪੋਰਟ ਤਿਆਰ ਕਰਦੇ ਹੋਏ ਸਿਵਲ ਸਰਜਨ ਤਰਨਤਾਰਨ ਰਾਹੀਂ ਐੱਸ.ਐੱਸ.ਪੀ ਨੂੰ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕਰਨ ਲਈ ਭੇਜ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਹੁਣ ਚੱਲਣਗੀਆਂ ਸਪੈਸ਼ਲ ਐਕਸਪ੍ਰੈੱਸ ਟ੍ਰੇਨਾਂ, ਇਹ ਹੋਣਗੇ stoppage

ਪੰਜਾਬ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚੱਲਦਿਆਂ ਸਰਕਾਰੀ ਨਸ਼ੇ ਛੁਡਾਊ ਕੇਂਦਰਾਂ ਵਿਚ ਹੋ ਰਹੀ ਦਵਾਈ ਦੀ ਘਪਲੇਬਾਜ਼ੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਪਰਚਾ ਦਰਜ ਕਰਨ ਸਬੰਧੀ ਸਿਵਲ ਸਰਜਨ ਵੱਲੋਂ ਵੀ ਐੱਸ.ਐੱਸ.ਪੀ ਨੂੰ ਸਿਫਾਰਿਸ਼ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਓਟ ਸੈਂਟਰ ਕੈਰੋਂ, ਭਿੱਖੀਵਿੰਡ ਅਤੇ ਖਡੂਰ ਸਾਹਿਬ ਵਿਖੇ ਬੁਪੀਰੋਨੋਰਫਿਨ ਦਵਾਈ ਦੀ ਹੇਰਾਫੇਰੀ ਹੋਣੀ ਪਾਈ ਗਈ ਹੈ। ਜਿਸ ਦੇ ਚੱਲਦਿਆਂ ਇਕ ਕਰਮਚਾਰੀ ਜੋ ਗੈਰ ਹਾਜ਼ਰ ਚੱਲ ਰਿਹਾ ਹੈ ਅਤੇ ਬਾਕੀ ਦੇ 7 ਕਰਮਚਾਰੀਆਂ ਨੂੰ ਇਧਰੋਂ-ਓਧਰ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਲ 8 ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਤਹਿਤ ਪਰਚਾ ਦਰਜ ਕਰਨ ਲਈ ਜ਼ਿਲੇ ਦੇ ਐੱਸ.ਐੱਸ.ਪੀ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ। ਜੋ ਇਸ ਸਬੰਧੀ ਜਾਂਚ ਕਰਨਗੇ ਕਿ ਇਹ ਘਪਲਾ ਕਿੰਨੇ ਸਮੇਂ ਤੋਂ ਕੀਤਾ ਜਾ ਰਿਹਾ ਸੀ ਅਤੇ ਹੁਣ ਤੱਕ ਕਿੰਨੀਆਂ ਗੋਲੀਆਂ ਨੂੰ ਇਧਰੋਂ-ਓਧਰ ਕੀਤਾ ਗਿਆ ਹੈ।

 

 


author

Shivani Bassan

Content Editor

Related News