ਸਿਵਲ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਸਟਰੇਚਰ ’ਤੇ ਗਰਭਵਤੀ ਨੇ ਬੱਚੇ ਨੂੰ ਦਿੱਤਾ ਜਨਮ

Thursday, Oct 03, 2024 - 06:28 PM (IST)

ਅੰਮ੍ਰਿਤਸਰ (ਦਲਜੀਤ)-ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਸਟਰੇਚਰ ’ਤੇ ਇਕ ਗਰਭਵਤੀ ਵੱਲੋਂ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ। ਹਸਪਤਾਲ ਪ੍ਰਸ਼ਾਸਨ ਦੀ ਮੁਸਤੈਦੀ ਨਾਲ ਜੱਚਾ-ਬੱਚਾ ਨੂੰ ਮੌਕੇ ’ਤੇ ਸਾਂਭ-ਸੰਭਾਲ ਕਰਦਿਆਂ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚਾ ਲਈਆਂ ਗਈਆਂ ਹਨ। ਹਸਪਤਾਲ ਦੇ ਕੁਸ਼ਲ ਪ੍ਰਬੰਧਕ ਇੰਚਾਰਜ ਡਾਕਟਰ ਸਵਰਨਜੀਤ ਧਵਨ ਵੱਲੋਂ ਜੱਚਾ-ਬੱਚਾ ਦੀ ਨਿਗਰਾਨੀ 24 ਘੰਟੇ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਕ੍ਰਾਂਤੀ (22) ਨਾਮਕ ਗਰਭਵਤੀ ਨੂੰ ਅਚਾਨਕ ਜਣੇਪੇ ਦੀਆਂ ਦਰਦਾਂ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਲਿਆਂਦਾ ਜਾ ਰਿਹਾ ਸੀ ਤਾਂ ਐਮਰਜੈਂਸੀ ਦੇ ਬਾਹਰ ਸਟਰੇਚਰ ’ਤੇ ਗਰਭਵਤੀ ਨੇ ਬੱਚੀ ਨੂੰ ਜਨਮ ਦੇ ਦਿੱਤਾ। ਹਸਪਤਾਲ ਦੇ ਇੰਚਾਰਜ ਡਾ. ਸਵਰਨਜੀਤ ਧਵਨ ਨੂੰ ਜਦੋਂ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ’ਤੇ ਗਾਇਨੀ ਵਿਭਾਗ ਵਿਚ ਤਾਇਨਾਤ ਡਾ. ਚਿੰਕੀ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਦਾ ਗਠਨ ਕਰਦਿਆਂ ਜੱਚਾ-ਬੱਚਾ ਨੂੰ ਸੁਰੱਖਿਅਤ ਕਰਨ ਦੇ ਹੁਕਮ ਜਾਰੀ ਕੀਤੇ।

ਇਹ ਵੀ ਪੜ੍ਹੋ-  ਪੌਰਨੋਗਰਾਫ਼ੀ ਦਾ ਨਬਾਲਗਾਂ ’ਚ ਤੇਜ਼ੀ ਨਾਲ ਵਧ ਰਿਹਾ ਰੁਝਾਨ, ਸਾਈਬਰ ਕ੍ਰਾਈਮ ਪੁਲਸ ਨੇ ਦਿੱਤੇ ਸਖ਼ਤ ਹੁਕਮ

ਦੂਸਰੇ ਪਾਸੇ ਡਾ. ਧਵਨ ਨੇ ਦੱਸਿਆ ਕਿ ਜੱਚਾ-ਬੱਚਾ ਦੋਨੋਂ ਸੁਰੱਖਿਆ ਹਨ। ਵਿਭਾਗ ਦੀਆਂ ਟੀਮਾਂ ਲਗਾਤਾਰ ਜੱਚਾ-ਬੱਚਾ ਦਾ ਧਿਆਨ ਰੱਖ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ ਪਿਛਲੇ 9 ਮਹੀਨਿਆਂ ਤੋਂ ਘਰ ਵਿਚ ਹੀ ਰਹਿ ਕੇ ਆਪਣਾ ਇਲਾਜ ਕਰਵਾ ਰਹੀ ਸੀ। ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਅਚਾਨਕ ਜਣੇਪੇ ਦੀਆਂ ਦਰਦਾਂ ਹੋਣ ’ਤੇ ਪੁੱਜੀ ਸੀ ਪਰ ਹਸਪਤਾਲ ਪ੍ਰਸ਼ਾਸਨ ਨੇ ਮੌਕੇ ’ਤੇ ਹੀ ਸਾਂਭ-ਸੰਭਾਲ ਕਰ ਕੇ ਜੱਚਾ-ਬੱਚਾ ਨੂੰ ਸੁਰੱਖਿਅਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗਾਇਨੀ ਵਿਭਾਗ ਦੀ ਡਾ. ਚਿੰਕੀ ਅਤੇ ਬੱਚਾ ਵਿਭਾਗ ਦੇ ਡਾਕਟਰ ਦੋਨਾਂ ਦੀ ਦੇਖਰੇਖ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕ੍ਰਾਂਤੀ ਦੇ ਘਰ ਇਕ ਬੱਚਾ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਮੌਸਮ ਦੀ ਤਬਦੀਲੀ ਨਾਲ ਇਹ ਵਾਇਰਸ ਸਰਗਰਮ, ਵੱਡੀ ਗਿਣਤੀ ’ਚ ਮਰੀਜ਼ ਆਉਣ ਲੱਗੇ ਲਪੇਟ ’ਚ

ਗਰਭਵਤੀ ਔਰਤਾਂ ਸਰਕਾਰ ਹਸਪਤਾਲਾਂ ਦੇ ਲਾਭ ਲੈਣ : ਡਾ. ਧਵਨ

ਹਸਪਤਾਲ ਦੇ ਇੰਚਾਰਜ ਡਾ. ਸਵਰਨਜੀਤ ਧਵਨ ਨੇ ਕਿਹਾ ਕਿ ਸਿਵਲ ਹਸਪਤਾਲ ਮਰੀਜ਼ਾਂ ਨੂੰ 24 ਘੰਟੇ ਵਧੀਆ ਸਿਹਤ ਸੇਵਾਵਾਂ ਦੇਣ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਦਾ ਮੁੱਢਲਾ ਫਰਜ਼ ਹੁੰਦਾ ਹੈ ਕਿ ਮਰੀਜ਼ ਨੂੰ ਵਧੀਆ ਅਤੇ ਮੁਫਤ ਸੇਵਾਵਾਂ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਮਹਿਲਾ ਗਰਭ ਧਾਰਨ ਕਰਦੀ ਹੈ ਤਾਂ ਸਰਕਾਰੀ ਹਸਪਤਾਲਾਂ ਵਿਚ ਸਥਿਤ ਗਾਇਨੀ ਵਿਭਾਗ ਦੇ ਡਾਕਟਰਾਂ ਤੋਂ ਉਸ ਦਾ ਸਮੇਂ-ਸਮੇਂ ’ਤੇ ਚੈਕਅੱਪ ਕਰਵਾਉਦੇ ਰਹਿਣਾ ਚਾਹੀਦਾ ਹੈ ਤਾਂ ਜੋ ਚੈੱਕਅੱਪ ਕਰ ਰਹੇ ਡਾਕਟਰ ਨੂੰ ਆਪਣੇ ਮਰੀਜ਼ ਦੇ ਸਮੇਂ-ਸਮੇਂ ਦੇ ਹਾਲਾਤ ਸਬੰਧੀ ਜਾਣਕਾਰੀ ਹੋਵੇ।

ਇਹ ਵੀ ਪੜ੍ਹੋ- ਮੰਗਣੀ ਹੋਣ ਤੋਂ ਬਾਅਦ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਮੰਗੇਤਰ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਪਹਿਲੇ ਨਰਾਤੇ ਛੋਟੀ ਕੰਜਕ ਨੇ ਸਿਵਲ ਹਸਪਤਾਲ ’ਚ ਰੱਖਿਆ ਕਦਮ

ਹਸਪਤਾਲ ਦੇ ਇੰਚਾਰਜ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਮਹਾਮਾਈ ਦੇ ਨਰਾਤੇ ਸ਼ੁਰੂ ਹੋਏ ਹਨ ਅਤੇ ਪਹਿਲੇ ਦਿਨ ਛੋਟੀ ਕੰਜਕ ਨੇ ਹਸਪਤਾਲ ਵਿਚ ਆਪਣੇ ਕਦਮ ਪਾਏ ਹਨ। ਹਸਪਤਾਲ ਪ੍ਰਸ਼ਾਸਨ ਹਮੇਸ਼ਾ ਹੀ ਜੱਚਾ- ਬੱਚਾ ਨੂੰ ਵਧੀਆ ਸੇਵਾਵਾਂ ਦੇਣ ਲਈ ਕੰਮ ਕਰਦਾ ਰਿਹਾ ਹੈ ਅਤੇ ਖਾਸ ਤੌਰ ’ਤੇ ਕੰਜਕਾ ਦਾ ਅਖਿਰ ਦੇ ਨਰਾਤੇ ਦੌਰਾਨ ਪੂਜਨ ਕੀਤਾ ਜਾਂਦਾ ਹੈ। ਦੂਸਰੇ ਪਾਸੇ ਜੱਚਾ-ਬੱਚਾ ਸੁਰੱਖਿਅਤ ਕਰਨ ਦੇ ਮਾਮਲੇ ਨੂੰ ਲੈ ਕੇ ਹਸਪਤਾਲ ਦੇ ਕਾਰਜਾਂ ਦੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News