ਜ਼ਿਮਣੀ ਚੋਣ ਦੌਰਾਨ ਮਾਹੌਲ ਖਰਾਬ ਕਰਨ ਵਾਲੇ 100 ਵਿਅਕਤੀਆਂ ਖਿਲਾਫ ਪੁਲਸ ਨੇ ਕੀਤਾ ਪਰਚਾ ਦਰਜ

Saturday, Oct 25, 2025 - 12:16 PM (IST)

ਜ਼ਿਮਣੀ ਚੋਣ ਦੌਰਾਨ ਮਾਹੌਲ ਖਰਾਬ ਕਰਨ ਵਾਲੇ 100 ਵਿਅਕਤੀਆਂ ਖਿਲਾਫ ਪੁਲਸ ਨੇ ਕੀਤਾ ਪਰਚਾ ਦਰਜ

ਤਰਨਤਾਰਨ (ਰਮਨ)-ਵਿਧਾਨ ਸਭਾ ਹਲਕਾ ਤਰਨਤਰਨ ’ਚ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਜਿੱਥੇ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਹਦਾਇਤਾਂ ਉਮੀਦਵਾਰਾਂ ਲਈ ਜਾਰੀ ਕੀਤੀਆਂ ਗਈਆਂ ਹਨ। ਉੱਥੇ ਹੀ ਇਸ ਚੋਣ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਪੁਲਸ ਵੱਲੋਂ ਵੀ ਸਖਤੀ ਨਾਲ ਭੂਮਿਕਾ ਨਿਭਾਈ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਵਿਧਾਨ ਸਭਾ ਹਲਕਾ ਤਰਨਤਰਨ ਅਧੀਨ ਆਉਂਦੇ ਤਿੰਨ ਥਾਣਿਆਂ ’ਚ ਪੁਲਸ ਨੇ ਚੋਣਾਂ ਦੌਰਾਨ ਮਾਹੌਲ ਖਰਾਬ ਕਰਨ ਵਾਲੇ 100 ਦੇ ਕਰੀਬ ਵਿਅਕਤੀਆਂ ਦੀ ਪਹਿਛਾਣ ਕਰਦੇ ਹੋਏ ਉਨ੍ਹਾਂ ਖਿਲਾਫ ਪਰਚਾ ਦਰਜ ਕਰ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇਣ ਅਨੁਸਾਰ ਵਿਧਾਨ ਸਭਾ ਹਲਕਾ ਤਰਨਤਾਰਨ ’ਚ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਜਿੱਥੇ ਸੂਬੇ ਭਰ ’ਚ ਇਸ ਨੂੰ ਹੋਟ ਸੀਟ ਮੰਨਿਆ ਜਾ ਰਿਹਾ ਹੈ। ਉੱਥੇ ਹੀ ਇਸ ਚੋਣ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੜਬੜੀ ਨਾ ਹੋਣ ਦੇ ਚਲਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਉੱਪਰ ਪੁਲਸ ਵੱਲੋਂ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵੱਖ-ਵੱਖ ਖੁਫੀਆ ਏਜੰਸੀਆਂ ਅਤੇ ਪੁਲਸ ਵੱਲੋਂ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਦੇ ਅਨੁਸਾਰ ਅਪਰਾਧਿਕ ਕਿਸਮ ਦੇ ਵਿਅਕਤੀਆਂ ਦੇ ਖਿਲਾਫ ਲਿਸਟਾਂ ਤਿਆਰ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਤਿਆਰ ਕੀਤੀਆਂ ਗਈਆਂ ਇਨ੍ਹਾਂ ਲਿਸਟਾਂ ’ਚ ਉਨ੍ਹਾਂ ਵਿਅਕਤੀਆਂ ਖਿਲਾਫ ਸ਼ਿਕੰਜਾ ਕਸਣ ਦੀ ਤਿਆਰੀ ਕੀਤੀ ਗਈ ਹੈ ਜਿਨ੍ਹਾਂ ਦੇ ਖਿਲਾਫ ਬੀਤੇ ਸਮੇਂ ’ਚ ਤਿੰਨ ਤੋਂ ਚਾਰ ਅਪਰਾਧਿਕ ਕਿਸਮ ਦੇ ਪਰਚੇ ਦਰਜ ਹਨ। ਸ਼ੁਕਰਵਾਰ ਸ਼ਾਮ ਸਮੇਂ ਵਿਧਾਨ ਸਭਾ ਹਲਕਾ ਤਰਨਤਾਰਨ ਅਧੀਨ ਆਉਂਦੇ ਥਾਣਾ ਸਰਾਏ ਅਮਾਨਤ ਖਾਂ, ਥਾਣਾ ਝਬਾਲ ਅਤੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ 100 ਦੇ ਕਰੀਬ ਅਪਰਾਧਕ ਕਿਸਮ ਦੇ ਵਿਅਕਤੀਆਂ ਦੇ ਖਿਲਾਫ ਚੋਣਾਂ ਦੌਰਾਨ ਮਾਹੌਲ ਖਰਾਬ ਕਰਨ ਦੀ ਆਸ਼ੰਕਾ ਜਿਤਾਉਂਦੇ ਹੋਏ ਉਨ੍ਹਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।

ਇਸ ਦੇ ਸੰਬੰਧ ’ਚ ਇਲਾਕਾ ਮਜਿਸਟਰੇਟ ਕੰਮ ਐੱਸ. ਡੀ. ਐੱਮ. ਤਰਨਤਾਰਨ ਦੀ ਅਦਾਲਤ ਵੱਲੋਂ ਇਨ੍ਹਾਂ ਸੰਬੰਧਤ 100 ਦੇ ਕਰੀਬ ਵਿਅਕਤੀਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਹਨ। ਜਿਸ ਦੇ ਸਬੰਧ ’ਚ ਨਾਮਜ਼ਦ ਕੀਤੇ ਗਏ ਇਨ੍ਹਾਂ ਵਿਅਕਤੀਆਂ ਨੂੰ ਆਪਣੀ ਜ਼ਮਾਨਤ ਇਲਾਕਾ ਮਜਿਸਟਰੇਟ ਕਮ ਐੱਸ. ਡੀ. ਐੱਮ. ਤਰਨਤਾਰਨ ਪਾਸੋਂ ਕਰਵਾਉਣੀ ਲਾਜ਼ਮੀ ਹੋਵੇਗੀ ਅਜਿਹਾ ਨਾ ਕਰਨ ਦੀ ਸੂਰਤ ’ਚ ਪੁਲਸ ਕਿਸੇ ਸਮੇਂ ਵੀ ਇਨ੍ਹਾਂ ਦੀ ਗ੍ਰਿਫ਼ਤਾਰੀ ਪਾ ਸਕਦੀ ਹੈ।

ਪੁਲਸ ਦੀ ਇਸ ਕਾਰਵਾਈ ਨੂੰ ਵੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਵਰਕਰਾਂ ’ਚ ਇਸਦਾ ਸਖਤ ਸ਼ਬਦਾਂ ’ਚ ਜਿੱਥੇ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਪਾਰਟੀ ਹਾਈ ਕਮਾਂਡ ਵੱਲੋਂ ਇਸ ਦਾ ਵਿਰੋਧ ਕਰਦੇ ਹੋਏ ਧਰਨਾ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤਿੰਨਾਂ ਥਾਣਿਆਂ ’ਚ ਦਰਜ ਕੀਤੇ ਗਏ ਇਸ ਮਾਮਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਡੀ ਗਿਣਤੀ ’ਚ ਵਰਕਰ ਸ਼ਾਮਲ ਹਨ।

ਦੂਜੇ ਪਾਸੇ ਇਸ ਦਰਜ ਕੀਤੇ ਗਏ ਪਰਚੇ ਦਾ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੋਸ਼ਲ ਮੀਡੀਆ ਉੱਪਰ ਟਵੀਟ ਕਰਦੇ ਹੋਏ ਸ਼ਨੀਵਾਰ ਦੁਪਹਿਰ 12 ਵਜੇ ਅੰਮ੍ਰਿਤਸਰ ਬਾਈਪਾਸ ਚੌਕ ਤਰਨਤਾਰਨ ਵਿਖੇ ਪੁਲਸ ਪ੍ਰਸ਼ਾਸਨ ਖਿਲਾਫ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ।


author

Shivani Bassan

Content Editor

Related News