ਚਾਈਨਾ ਡੋਰ ਦੀ ਵਰਤੋਂ ਅਤੇ ਵਿਕਰੀ ਰੋਕਣ ’ਚ ਪੁਲਸ ਪ੍ਰਸ਼ਾਸਨ ਅਸਫ਼ਲ

Saturday, Dec 14, 2024 - 02:13 PM (IST)

ਅੰਮ੍ਰਿਤਸਰ(ਨੀਰਜ)-ਵੱਡੇ-ਵੱਡੇ ਗੈਂਗਸਟਰਾਂ, ਚੋਰਾਂ, ਨਸ਼ਾ ਸਮੱਗਲਰਾਂ ਅਤੇ ਲੁਟੇਰਿਆਂ ਨੂੰ ਫੜਨ ਵਾਲੀ ਪੁਲਸ ਪਤਾ ਨਹੀਂ ਕਿਉਂ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਅਤੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਫੜਨ ਵਿਚ ਕਾਮਯਾਬ ਨਹੀਂ ਹੋ ਰਹੀ ਹੈ। ਇਹ ਇਕ ਵੱਡਾ ਸਵਾਲ ਹਰ ਕਿਸੇ ਦੇ ਮਨ ਵਿਚ ਚੱਲ ਰਿਹਾ ਹੈ, ਜਦੋਂ ਕਿ ਹਰ ਰੋਜ਼ ਇਸ ਖੂਨੀ ਡੋਰ ਨਾਲ ਕੋਈ ਨਾ ਕੋਈ ਦੋਪਹੀਆ ਵਾਹਨ ਚਾਲਕ ਦਾ ਗਲਾ ਕੱਟਿਆ ਜਾ ਰਿਹਾ ਹੈ ਜਾਂ ਬੁਰੀ ਤਰ੍ਹਾਂ ਜ਼ਖਮੀ ਹੋ ਰਿਹਾ ਹੈ। ਭਾਵੇਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਜ਼ਿਲਾ ਮੈਜਿਸਟ੍ਰੇਟ ਸਾਕਸ਼ੀ ਸਾਹਨੀ ਵੱਲੋਂ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ ਪਰ ਜ਼ਮੀਨੀ ਪੱਧਰ ’ਤੇ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ। ਜਿਵੇਂ-ਜਿਵੇਂ ਦਸੰਬਰ ਦਾ ਮਹੀਨਾ ਅਤੇ ਲੋਹੜੀ ਦਾ ਤਿਉਹਾਰ ਨੇੜੇ ਆਉਂਦਾ ਹੈ, ਹਰ ਕੋਈ ਚਾਹੇ ਬੱਚੇ ਹੋਵੇ ਜਾਂ ਨੌਜਵਾਨ, ਪਤੰਗ ਉਡਾਉਣ ਲੱਗ ਜਾਂਦੇ ਹਨ ਅਤੇ ਘਰਾਂ ਦੀਆਂ ਛੱਤਾਂ ’ਤੇ ਜਾ ਕੇ ਦੇਖਿਆ ਜਾਵੇ ਤਾਂ ਜ਼ਿਆਦਾਤਰ ਲੋਕ ਚਾਈਨਾ ਡੋਰ ਦੇ ਬਣੇ ‘ਗੱਟੂ’ ਫੜੇ ਨਜ਼ਰ ਆਉਂਦੇ ਹਨ, ਜਦਕਿ ਜ਼ਿਲੇ ਦੇ ਸਮਾਜ ਸੇਵੀ ਵੱਲੋਂ ਪੁਲਸ ਅਤੇ ਪ੍ਰਸ਼ਾਸਨ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਜਾਂ ਖਰੀਦਣ ਵਾਲਿਆਂ ’ਤੇ ਰੋਕ ਲਾਈ ਜਾਵੇ।

ਬੋਰੀਆਂ ਵਾਲਾ ਬਾਜ਼ਾਰ, ਚਿੱਟਾ ਕਟੜਾ ਅਤੇ ਕਰਮ ਸਿੰਘ ਚੌਕ ਬਣੇ ਗੜ੍ਹ

ਨਮਕ ਮੰਡੀ ਤੋਂ ਬਾਅਦ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੋਰੀਆਂ ਵਾਲਾ ਬਾਜ਼ਾਰ, ਚਿੱਟਾ ਕਟੜਾ ਅਤੇ ਕਟੜਾ ਕਰਮ ਸਿੰਘ ਚੌਕ ਵਿਚ ਕੁਝ ਅਸਮਾਜਿਕ ਲੋਕ ਚਾਈਨਾ ਡੋਰ ਦੀ ਗੈਰ-ਕਾਨੂੰਨੀ ਤੌਰ ’ਤੇ ਵਿਕਰੀ ਕਰ ਰਹੇ ਹਨ ਅਤੇ ਇਨ੍ਹਾਂ ਲੋਕਾਂ ਨੇ ਰਿਹਾਇਸ਼ੀ ਥਾਵਾਂ ’ਤੇ ਚਾਈਨਾ ਡੋਰ ਦੀਆਂ ਪੇਖਾਂ ਲੁਕਾ ਕੇ ਰੱਖੀਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਇਸ ਇਲਾਕੇ ਵਿਚ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਚਾਈਨਾ ਡੋਰ ਦੀ ਵਿਕਰੀ ਬੰਦ ਹੋ ਜਾਵੇਗੀ ਪਰ ਅਜਿਹਾ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ- GST ਅਧਿਕਾਰੀਆਂ ਨੂੰ ਮਿਲੀ ਰਾਹਤ, ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ

ਚਾਈਨਾ ਡੋਰ ਵੇਚਣ ਵਾਲੇ ਅਪਰਾਧੀਆਂ ਦਾ ਕੇਸ ਨਹੀਂ ਲੜੇਗੀ ਬਾਰ ਐਸੋਸੀਏਸ਼ਨ

ਜਦੋਂ ਤੋਂ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਸ਼ੁਰੂ ਹੋਈ ਹੈ, ਉਦੋ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੀ ਬਾਰ ਐਸੋਸੀਏਸ਼ਨ ਵੀ ਇਸ ਖਤਰਨਾਕ ਡੋਰ ਦਾ ਵਿਰੋਧ ਕਰਦੀ ਹੈ। ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਪ੍ਰਦੀਪ ਸੈਣੀ ਨੇ ਕਿਹਾ ਕਿ ਲੋਕ ਚਾਈਨਾ ਡੋਰ ਦੀ ਵਿਕਰੀ ਕਰ ਕੇ ਬੇਕਸੂਰ ਲੋਕਾਂ ਦੇ ਗੱਲੇ ਕੱਟ ਰਹੇ ਹਨ। ਬਾਰ ਐਸੋਸੀਏਸ਼ਨ ਇਸ ਡੋਰ ਦਾ ਵਿਰੋਧ ਕਰਦੀ ਹੈ, ਜਦੋਂ ਅਜਿਹੇ ਦੋਸ਼ੀਆਂ ਨੂੰ ਪੁਲਸ ਵੱਲੋਂ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤਾਂ ਐਸੋਸੀਏਸ਼ਨ ਵੱਲੋਂ ਉਨ੍ਹਾਂ ਦਾ ਕੇਸ ਨਹੀਂ ਲੜਿਆ ਜਾਵੇਗਾ। ਸੈਣੀ ਨੇ ਕਿਹਾ ਕਿ ਐਸੋਸੀਏਸ਼ਨ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀ. ਸੀ. ਸਾਕਸ਼ੀ ਸਾਹਨੀ ਨੂੰ ਵੀ ਅਪੀਲ ਕਰਦੀ ਹੈ ਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲੇ ਲੋਕਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਚਾਈਨਾ ਡੋਰ ਵੇਚਣ ਵਾਲਿਆਂ ਨੂੰ ਫੜਨ ਵਾਲੇ ਪੁਲਸ ਅਧਿਕਾਰੀਆਂ ਕੀਤੇ ਜਾਣ ਸਨਮਾਨਿਤ

ਸਮਾਜ ਸੇਵੀ ਸੰਸਥਾ ਵਾਇਸ ਆਫ਼ ਅੰਮ੍ਰਿਤਸਰ ਦੇ ਪ੍ਰਧਾਨ ਵਿਜੇ ਅਗਰਵਾਲ, ਗੌਤਮ ਬਾਵਾ ਅਤੇ ਜਸਬੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਅਤੇ ਵੱਡੇ-ਵੱਡੇ ਅਪਰਾਧਿਕ ਮਾਮਲਿਆਂ ਨੂੰ ਹੱਲ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਸਨਮਾਨਿਤ ਕਰ ਰਹੇ ਹਨ। ਉਸੇ ਤਰ੍ਹਾਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਫੜਨ ਵਾਲੇ ਪੁਲਸ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇ ਕਿਉਂਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਅਤੇ ਚਾਈਨਾ ਡੋਰ ਵੇਚਣ ਵਾਲੇ ਲੋਕ ਲਗਾਤਾਰ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਇਹ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ ਅਤੇ ਇੱਥੋਂ ਤੱਕ ਕਿ ਚਾਈਨਾ ਡੋਰ ਕਾਰਨ ਪਸ਼ੂ-ਪੰਛੀ ਵੀ ਮਰ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, 19 ਜ਼ਿਲ੍ਹਿਆਂ ਲਈ ਅਲਰਟ, ਠੰਡ ਤੋੜ ਸਕਦੀ ਹੈ ਰਿਕਾਰਡ

ਰਵਾਇਤੀ ਪਿੰਨੇ ਵਾਲੀ ਡੋਰ ਅਤੇ ਬਰੇਲੀ ਡੋਰ ਦਾ ਕਾਰੋਬਾਰ ਹੋਇਆ ਠੱਪ

ਕਰੀਬ 17 ਸਾਲ ਪਹਿਲਾਂ ਚਾਈਨਾ ਡੋਰ ਦੀ ਆਮਦ ਸ਼ੁਰੂ ਹੋਈ ਅਤੇ ਇਸ ਡੋਰ ਦੀ ਆਮਦ ਕਾਰਨ ਰਵਾਇਤੀ ਪਿੰਨੇ ਵਾਲੀ ਅਤੇ ਬਰੇਲੀ ਡੋਰ ਦਾ ਕਾਰੋਬਾਰ ਬੁਰੀ ਤਰ੍ਹਾਂ ਨਾਲ ਠੱਪ ਹੋ ਗਿਆ ਸੀ, ਜਦੋਂਕਿ ਸਰਕਾਰ ਨੂੰ ਰਵਾਇਤੀ ਧਾਗੇ ਵਾਲੀ ਡੋਰੀ ਦੀ ਵਿਕਰੀ ਤੋਂ ਕਰੋੜਾਂ ਰੁਪਏ ਦਾ ਟੈਕਸ ਮਿਲਦਾ ਸੀ। ਚਾਈਨਾ ਡੋਰ ਸਿੰਥੈਟਿਕ ਹੋਣ ਕਾਰਨ ਇਹ ਧਾਗੇ ਵਾਲੀ ਡੋਰ ਨੂੰ ਆਸਾਨੀ ਨਾਲ ਕੱਟ ਦਿੰਦੀ ਹੈ, ਇਸ ਲਈ ਜ਼ਿਆਦਾਤਰ ਲੋਕ ਸਿੰਥੈਟਿਕ ਡੋਰ ਦੀ ਹੀ ਵਰਤੋਂ ਕਰ ਰਹੇ ਹਨ ਅਤੇ ਰਵਾਇਤੀ ਧਾਗੇ ਵਾਲੀਆਂ ਡੋਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਬਰਬਾਦ ਹੋ ਗਿਆ ਹੈ।

ਦੋਪਹੀਆ ਵਾਹਨਾਂ ’ਤੇ ਸਟਿੱਕਸ ਲਾ ਕੇ ਹੋ ਸਕਦੈ ਬਚਾਅ

ਜ਼ਿਲ੍ਹੇ ਦੀਆਂ ਸਮੂਹ ਸਮਾਜਿਕ ਜਥੇਬੰਦੀਆਂ ਵੱਲੋਂ ਚਾਈਨਾ ਡੋਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ’ਤੇ ਸਖ਼ਤੀ ਨਾਲ ਪਾਬੰਦੀ ਲਾਈ ਜਾਵੇ ਪਰ ਨਾ ਤਾਂ ਚਾਈਨਾ ਡੋਰ ਦੀ ਵਿਕਰੀ ’ਤੇ ਰੋਕ ਲਾਈ ਗਈ ਹੈ ਅਤੇ ਨਾ ਹੀ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ’ਤੇ ਰੋਕ ਲਾਈ ਗਈ ਹੈ। ਇਸ ਸਬੰਧ ਵਿਚ ਸਮਾਜ ਸੇਵੀ ਸੰਸਥਾ ਨਯਨ ਗਲੋਬਲ ਫਾਊਂਡੇਸ਼ਨ ਵੱਲੋਂ ਦੋਪਹੀਆ ਵਾਹਨਾਂ ’ਤੇ ਮੁਫਤ ਸਟਿੱਕ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਵਾਹਨ ਚਾਲਕ ਚਾਈਨਾ ਡੋਰ ਦੀ ਲਪੇਟ ’ਚ ਨਾ ਆ ਸਕਣ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News