ਅਪਰਾਧੀਆਂ ਦੀਆਂ ਚਾਲਾਂ ’ਤੇ ਭਾਰੀ ਪੈ ਰਿਹੈ ਪੁਲਸ ਦਾ ਐਕਸ਼ਨ, 45 ਦਿਨਾਂ ’ਚ 17 ਮਾਮਲੇ ਦਰਜ, 30 ਨੂੰ ਭੇਜਿਆ ਜੇਲ੍ਹ
Saturday, Nov 18, 2023 - 11:32 AM (IST)

ਅੰਮ੍ਰਿਤਸਰ (ਇੰਦਰਜੀਤ)- ਪੂਰੇ ਪੰਜਾਬ ਵਿਚ ਹੀ ਜਿਵੇਂ-ਜਿਵੇਂ ਅਪਰਾਧਿਕ ਲੋਕਾਂ ਨੇ ਪੁਲਸ ਨੂੰ ਧੋਖਾ ਦੇਣ ਅਤੇ ਆਪਣਾ ਦਬਦਬਾ ਕਾਇਮ ਕਰਨ ਲਈ ਨਵੇਂ-ਨਵੇਂ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ, ਉਸ ਦੇ ਜਵਾਬ ਵਿਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਵੀ ਅਪਰਾਧੀਆਂ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕਰਦੇ ਹੋਏ ਆਪਣਾ ਐਕਸ਼ਨ ਪਲਾਨ ਤਿਆਰ ਕੀਤਾ ਹੈ। ਜੇਕਰ ਪਿਛਲੇ 45 ਦਿਨਾਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਪੁਲਸ ਦੇ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਹੋਏ ਲਗਭਗ ਸਾਰੇ ਮਾਮਲਿਆਂ ਵਿਚ 72 ਘੰਟਿਆਂ ਦੇ ਅੰਦਰ ਅਪਰਾਧ ਕਰਨ ਵਾਲੇ ਵਿਅਕਤੀਆਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ।
ਦੂਜੇ ਪਾਸੇ ਕਈ ਮਾਮਲਿਆਂ ਨੂੰ ਕੁਝ ਘੰਟਿਆਂ ਵਿਚ ਹੀ ਹੱਲ ਕਰ ਲਿਆ ਗਿਆ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਅਤੇ ਅੰਮ੍ਰਿਤਸਰ ਦੇ ਕਮਿਸ਼ਨਰ ਨੌਨਿਹਾਲ ਸਿੰਘ ਆਈ. ਪੀ. ਐੱਸ. ਦੀ ਅਗਵਾਈ ਵਿਚ ਪੁਲਸ ਦੀ ਗਤੀਵਿਧੀ ਦੀ ਸਫ਼ਲਤਾ ਦਾ ਪਹਿਲੂ ਇਹ ਹੈ ਕਿ ਇਸ ਦੌਰਾਨ ਦਰਜ ਕੀਤੇ ਹੋਏ 17 ਅਪਰਾਧਿਕ ਮਾਮਲਿਆਂ ਵਿਚ 15 ਮਾਮਲਿਆਂ ਨੂੰ ਸੁਲਝਾਉਦੇ ਹੋਏ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਈ ਮਾਮਲੇ ਅਜਿਹੇ ਹਨ, ਜਿਨ੍ਹਾਂ ਵਿਚ ਅਪਰਾਧੀਆਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ- ਦੀਨਾਨਗਰ 'ਚ ਵਾਪਰਿਆ ਭਾਣਾ, ਮੋਟਰਸਾਈਕਲ ਸਵਾਰ ਮੁੰਡੇ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਮੌਤ
ਸਿਟੀ ਪੁਲਸ ਅੰਮ੍ਰਿਤਸਰ ਜ਼ੋਨ ਨੰਬਰ -1
ਅੰਮ੍ਰਿਤਸਰ ਦੇ ਥਾਣਾ ਡੀ ਡਵੀਜ਼ਨ ਵਿਚ ਦਰਜ ਹੋਏ ਕਤਲ ਦੇ ਪੂਰੇ ਮਾਮਲੇ ਨੂੰ ਸੁਲਝਾਉਂਦੇ ਹੋਏ 9 ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਕਤਲ ਦੀ ਕੋਸ਼ਿਸ਼ ਅਤੇ ਹਵਾਈ ਫ਼ਾਇਰਿੰਗ ਦੇ ਦੋਸ਼ ਵਿਚ ਤੁਰੰਤ ਹੀ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਕੱਲ 10 ਦੀ ਗ੍ਰਿਫ਼ਤਾਰੀ ਕੀਤੀ ਹੈ। ਥਾਣਾ ਗੇਟ ਹਕੀਮਾ ਦੀ ਪੁਲਸ ਨੇ ਹਵਾਈ ਫ਼ਾਇਰਿੰਗ ਦੇ ਦੋ ਮਾਮਲੇ ਸੁਲਝਾ ਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਿਟੀ ਪੁਲਸ ਜ਼ੋਨ ਨੰਬਰ -2
ਥਾਣਾ ਸਦਰ ਦੀ ਪੁਲਸ ਨੇ ਕਤਲ ਦੀ ਕੋਸ਼ਿਸ਼ ਅਤੇ ਚੋਰੀ ਦੇ 3 ਵਿਚੋਂ 2 ਕੇਸ ਟਰੇਸ ਕੀਤੇ ਹਨ। ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕਤਲ ਕੇਸ ਵਿਚ 5 ਅਤੇ ਚੋਰੀ-ਡਕੈਤੀ ਦੇ ਕੇਸ ਵਿੱਚ ਕੁੱਲ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਦੋਵੇਂ ਕੇਸ ਸੁਲਝਾ ਲਏ ਹਨ। ਥਾਣਾ ਕੰਟੋਨਮੈਂਟ ਦੀ ਪੁਲਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦਾ ਮਾਮਲਾ ਸੁਲਝਾ ਲਿਆ ਅਤੇ ਗੋਲੀ ਚਲਾਉਣ ਦਾ ਮਾਮਲਾ ਵੀ ਦਰਜ ਕਰ ਕੇ ਟਰੇਸ ਕਰ ਲਿਆ। ਥਾਣਾ ਛੇਹਰਟਾ ਵਿੱਚ ਹਵਾਈ ਫਾਈਰਿੰਗ ਦੇ ਦੋ ਮਾਮਲਿਆਂ ਵਿੱਚੋਂ ਇੱਕ ਨੂੰ ਟ੍ਰੇਸ ਕੀਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪਹੁੰਚੇ CM ਮਾਨ ਨੇ ਸਿਹਤ ਖੇਤਰ ਨੂੰ ਲੈ ਕੇ ਦੱਸਿਆ ਪੰਜਾਬ ਦਾ ਰੋਡ ਮੈਪ
ਸਿਟੀ ਪੁਲਸ ਜ਼ੋਨ ਨੰਬਰ-3
ਥਾਣਾ ਰਾਮਬਾਗ ਵਿਖੇ ਕਤਲ ਦੀ ਕੋਸ਼ਿਸ਼ ਅਤੇ ਹਵਾਈ ਫ਼ਾਈਰਿੰਗ ਦੇ ਦੋਵੇਂ ਮਾਮਲਿਆਂ ਨੂੰ ਸੁਲਝਾਉਂਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਮਕਬੂਲਪੁਰਾ ਵਿਚ ਹਵਾਈ ਫ਼ਾਈਰਿੰਗ ਦੇ ਮਾਮਲੇ ਵਿਚ 3 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ASI ਦਾ ਗੋਲੀ ਮਾਰ ਕੇ ਕਤਲ
80 ਫ਼ੀਸਦੀ ਮਾਮਲੇ ਸਨ ਅਪਰਾਧਿਕ ਦੁਸ਼ਮਣੀ ਦੇ
ਜ਼ਿਕਰਯੋਗ ਹੈ ਕਿ ਪਿਛਲੇ 45 ਦਿਨਾਂ ਵਿਚ ਦਰਜ ਕੀਤੇ ਗਏ ਉਕਤ ਅਪਰਾਧਿਕ ਮਾਮਲਿਆਂ ਵਿਚੋਂ 80 ਫ਼ੀਸਦੀ ਮਾਮਲੇ ਆਪਸੀ ਦੁਸ਼ਮਣੀ ਕਾਰਨ ਦਰਜ ਹੋਏ ਹਨ। ਇਨ੍ਹਾਂ ਵਿਚ ਜ਼ਿਆਦਾਤਰ ਮਾਮਲੇ ਸਾਲਾਂ ਪੁਰਾਣੀ ਦੁਸ਼ਮਣੀ ਦੇ ਹੀ ਦੇਖਣ ਨੂੰ ਮਿਲੇ ਹਨ। ਇਸ ਦੇ ਬਾਵਜੂਦ ਪੁਲਸ ਨੇ ਆਪਣਾ ਦਬਾਅ ਬਣਾਈ ਰੱਖਿਆ। ਕੇਸ ਭਾਵੇਂ ਪੁਲਸ ਨੂੰ ਪਹਿਲਾਂ ਪਤਾ ਨਾ ਲੱਗੇ, ਪਰ ਕਾਰਵਾਈ ਬਾਅਦ ਵਿੱਚ ਕੀਤੀ ਜਾ ਸਕਦੀ ਹੈ।
ਕੀ ਕਹਿਣਾ ਹੈ ਸਾਬਕਾ ਆਈ. ਪੀ. ਐੱਸ. ਅਧਿਕਾਰੀ ਸੁਖਦੇਵ ਛੀਨਾ ਦਾ
ਪੰਜਾਬ ਵਿਚ ਅੱਤਵਾਦ ਦੇ ਕਾਲੇ ਦੌਰ ਦੌਰਾਨ ਆਪਣੀ ਬਹਾਦਰੀ ਦਾ ਸਿੱਕਾ ਜਮਾਉਣ ਵਾਲੇ ਸਾਬਕਾ ਆਈ. ਪੀ. ਐੱਸ. ਅਧਿਕਾਰੀ ਸੁਖਦੇਵ ਸਿੰਘ ਛੀਨਾ ਦਾ ਕਹਿਣਾ ਹੈ ਕਿ ਜੇਕਰ ਕੋਈ ਪੁਰਾਣੀ ਰੰਜਿਸ਼, ਯੋਜਨਾਬੱਧ ਬਦਲਾਖੋਰੀ, ਗੈਂਗਸਟਰ ਵਾਰ, ਪ੍ਰੇਮ ਸਬੰਧਾਂ ਨਾਲ ਸਬੰਧਤ ਅਪਰਾਧ, ਚੋਰੀ, ਹਵਾਈ ਫਾਇਰਿੰਗ ਆਦਿ ਪੁਲਸ ਨੂੰ ਘਟਨਾ ਵਾਪਰਨ ਤੋਂ ਪਹਿਲਾਂ ਇਸ ਬਾਰੇ ਪਤਾ ਨਹੀਂ ਲੱਗ ਸਕਦਾ। ਇਸ ਵਿਚ ਪੁਲਸ ਵੱਧ ਤੋਂ ਵੱਧ ਮੁਲਜ਼ਮਾਂ ਨੂੰ ਫੜ ਲਵੇ ਤਾਂ ਇਹ ਪੁਲਸ ਦੀ ਸਫ਼ਲਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8