ਨੇਪਾਲੀ ਜੋੜੇ ’ਤੇ ਪਿਸਤੌਲ ਤਾਣ ਕੇ ਲੁੱਟਿਆ ਕੈਸ਼ ਤੇ ਗਹਿਣੇ, ਪੁਲਸ ਨੇ ਚਲਾਇਆ 3 ਘੰਟੇ ਸਰਚ ਆਪ੍ਰੇਸ਼ਨ

Sunday, Sep 09, 2018 - 02:49 AM (IST)

ਅੰਮ੍ਰਿਤਸਰ,  (ਸੰਜੀਵ)-  ਪੁਲਸ ਚੌਕੀ ਰਾਣੀ ਕਾ ਬਾਗ ਤੋਂ 20 ਕਦਮਾਂ ਦੀ ਦੂਰੀ ’ਤੇ ਸਥਿਤ ਇਕ ਕੋਠੀ ਦੇ ਆਊਟ ਹਾਊਸ ’ਚ ਰਹਿ ਰਹੇ ਨੇਪਾਲੀ ਪਤੀ-ਪਤਨੀ ’ਤੇ ਪਿਸਤੌਲ ਤਾਣ ਕੇ 3 ਅਣਪਛਾਤੇ ਨਕਾਬਪੋਸ਼ ਲੁਟੇਰੇ 35 ਹਜ਼ਾਰ ਰੁਪਏ ਦੀ ਨਕਦੀ, 4 ਤੋਲੇ ਸੋਨੇ ਦੇ ਗਹਿਣੇ, 2 ਮੋਬਾਇਲ ਤੇ ਕੰਨਾਂ ਦੀਅਾਂ ਵਾਲੀਅਾਂ ਲੁੱਟ ਕੇ ਲੈ ਗਏ। ਨੇਪਾਲੀ ਜੋੜੇ ਨੂੰ ਨਿਸ਼ਾਨਾ ਬਣਾ ਕੇ ਤਿੰਨੇ ਲੁਟੇਰੇ ਇਕ ਪਾਸੇ ਵਾਰਦਾਤ ਕਰਨ ਦੀ ਨੀਅਤ ਨਾਲ ਕੋਠੀ ਦੇ ਅੰਦਰ ਦਾਖਲ ਹੋਏ ਅਤੇ ਘਰ ਦੀ ਛੱਤ ’ਤੇ ਚੜ੍ਹ ਗਏ, ਜਿਥੋਂ ਉਹ ਪਿਛਲੇ ਪਾਸੇ ਸਥਿਤ ਸਾਬਕਾ ਭਾਜਪਾ ਕੌਂਸਲਰ ਨੀਰੂ ਸਹਿਗਲ ਦੀ ਕੋਠੀ ਦੀ ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਏ। ਕੋਠੀ ’ਚ ਦਾਖਲ ਹੋਏ ਲੁਟੇਰੇ ਅਤੇ ਗੇਟ ਲਾਕ ਕਰਨ ਦੀ ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ, ਜਦ ਕਿ ਉਨ੍ਹਾਂ ਦੇ ਕੋਠੀ ਤੋਂ ਬਾਹਰ ਨਿਕਲ ਕੇ ਫਰਾਰ ਹੋਣ ਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲਸ ਹੁਣ ਪੂਰੇ ਮੁਹੱਲੇ ਵਿਚ ਲੱਗੇ 18 ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣ ਵਿਚ ਜੁਟੀ ਹੋਈ ਹੈ ਤਾਂ ਕਿ ਛੱਤ ਤੋਂ ਫਰਾਰ ਹੋਣ ਬਾਰੇ ਕੁਝ ਪਤਾ ਲੱਗ ਸਕੇ।
ਲੁੱਟ ਦੀ ਆੜ ’ਚ ਪਰਿਵਾਰ ’ਤੇ ਹਮਲਾ: ਸਾਬਕਾ ਕੌਂਸਲਰ ਨੀਰੂ ਸਹਿਗਲ ਤੇ ਉਸ ਦੇ ਪਤੀ ਭਾਜਪਾ ਨੇਤਾ ਦੀਪਕ ਸਹਿਗਲ ਨੇ ਦੋਸ਼ ਲਾਇਆ ਕਿ ਅੱਜ ਲੁੱਟ ਦੀ ਆੜ ’ਚ ਉਨ੍ਹਾਂ ਦੇ ਪਰਿਵਾਰ ’ਤੇ ਹਮਲਾ ਕੀਤਾ ਗਿਆ ਹੈ। ਲੁਟੇਰੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਕੋਠੀ ਵਿਚ ਦਾਖਲ ਹੋਏ ਅਤੇ ਉਨ੍ਹਾਂ ਦੇ ਘਰ ਦੀ ਛੱਤ ’ਤੇ ਆਏ, ਜਿਵੇਂ ਹੀ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਉਹ ਵੀ ਘਰੋ ਬਾਹਰ ਨਿਕਲ ਆਏ ਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।  ਲੁੱਟ ਦੀ ਇਹ ਵਾਰਦਾਤ ਦਿਨ-ਦਿਹਾੜੇ ਹੋਈ। ਇਕ ਪਾਸੇ ਰਾਣੀ ਕਾ ਬਾਗ ਪੁਲਸ ਚੌਕੀ ਹੈ ਤਾਂ ਦੂਜੇ ਪਾਸੇ ਆਈ. ਬੀ. ਦਫ਼ਤਰ, ਜਿਥੇ ਹਰ ਸਮੇਂ ਸੁਰੱਖਿਆ ਗਾਰਡ ਤਾਇਨਾਤ ਰਹਿੰਦੇ ਹਨ। ਦੁਪਹਿਰ 12:30 ਵਜੇ ਦੇ ਕਰੀਬ 3 ਅਣਪਛਾਤੇ  ਹਥਿਆਰਬੰਦ ਲੁਟੇਰੇ ਕੋਠੀ ਦੇ ਅੰਦਰ ਦਾਖਲ ਹੋਏ। ਉਸ ਸਮੇਂ ਕੋਠੀ ਦੇ ਆਊਟ ਹਾਊਸ ਵਿਚ ਰਹਿ ਰਹੇ ਨੇਪਾਲ ਵਾਸੀ ਕ੍ਰਿਸ਼ਨ ਕੁਮਾਰ ਤੇ ਉਸ ਦੀ ਪਤਨੀ ਸੰਗੀਤਾ ਇਕੱਲੇ ਸਨ।
ਲੁਟੇਰਿਆਂ ਨੇ ਇਹ ਕਹਿ ਕੇ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਵਾਇਆ ਕਿ ਉਹ ਗੁ. ਬਾਬਾ ਬੁੱਢਾ ਸਾਹਿਬ ਤੋਂ ਆਏ ਹਨ, ਜਦ ਕਿ ਦੂਜੇ ਪਾਸੇ ਕੋਠੀ ਦਾ ਮਾਲਕ ਮਹਿੰਦਰ ਸਿੰਘ ਗਿੱਲ ਜੋ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਵਿਚ ਰਹਿ ਰਿਹਾ ਹੈ,  ਦੇ ਰਿਸ਼ਤੇਦਾਰ ਵੀ ਉਥੇ ਰਹਿੰਦੇ ਹਨ। ਇਹ ਸੁਣ ਕੇ ਜਦੋਂ ਕ੍ਰਿਸ਼ਨ ਕੁਮਾਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਤਿੰਨਾਂ ’ਚੋਂ 2 ਲੁਟੇਰਿਆਂ ਨੇ ਨੇਪਾਲੀ ਪਤੀ-ਪਤਨੀ ’ਤੇ ਪਿਸਤੌਲ ਤਾਣ ਦਿੱਤੇ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਸਭ ਕੁਝ ਕੱਢਣ ਨੂੰ ਕਿਹਾ। ਕ੍ਰਿਸ਼ਨ ਕੁਮਾਰ ਦੀ ਪਤਨੀ ਸੰਗੀਤਾ ਇਸ ਕਦਰ ਘਬਰਾ ਗਈ ਤੇ ਉਸ ਨੇ ਤੁਰੰਤ ਅਲਮਾਰੀ ’ਚੋਂ 35 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੁਟੇਰਿਆਂ ਦੇ ਹਵਾਲੇ ਕਰ ਦਿੱਤੇ, ਜਿਸ ਤੋਂ ਬਾਅਦ ਲੁਟੇਰਿਆਂ ਨੇ ਉਸ ਦੀਆਂ ਕੰਨਾਂ ਦੀਆਂ ਵਾਲੀਅਾਂ ਤੇ ਕਮਰੇ ’ਚ ਪਏ 2 ਮੋਬਾਇਲ ਵੀ ਚੁੱਕੇ ਅਤੇ ਕੋਠੀ ਦੇ ਅੰਦਰ ਦਾਖਲ ਹੋਏ, ਜਿਵੇਂ ਹੀ ਲੁਟੇਰੇ ਕੋਠੀ ਦੇ ਅੰਦਰ ਗਏ ਤਾਂ ਨੇਪਾਲੀ ਜੋੜਾ ਬਾਹਰ ਨੂੰ ਭੱਜਦਾ ਹੋਇਆ ਘਰੋਂ ਬਾਹਰ ਨਿਕਲ ਆਇਆ ਅਤੇ ਰੌਲਾ ਪਾਉਣ ਲੱਗ ਪਿਆ, ਜਿਸ ਤੋਂ ਬਾਅਦ ਉਹ ਗੁਆਂਢ ਵਿਚ ਰਹਿ ਰਹੇ ਸਾਬਕਾ ਕੌਂਸਲਰ ਨੀਰੂ ਸਹਿਗਲ ਦੇ ਘਰ ਗਏ ਤੇ ਉਨ੍ਹਾਂ ਨੂੰ ਵਾਰਦਾਤ ਬਾਰੇ ਦੱਸਿਆ, ਜਿਸ ’ਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਲਾਕੇ  ’ਚ  ਦਹਿਸ਼ਤ  ਦਾ  ਮਾਹੌਲ : ਦਿਨ-ਦਿਹਾੜੇ ਰਾਣੀ ਕਾ ਬਾਗ ’ਚ ਹੋਈ ਲੁੱਟ ਦੀ ਇਸ ਵਾਰਦਾਤ ਤੋਂ ਬਾਅਦ ਪੂਰੇ ਖੇਤਰ ਵਿਚ ਦਹਿਸ਼ਤ ਦੀ ਸਥਿਤੀ ਬਣੀ ਹੋਈ ਹੈ। ਹੁਣ ਪੁਲਸ ਲੁਟੇਰਿਆਂ ਦੇ ਕੋਠੀ ਤੋਂ ਫਰਾਰ ਹੋਣ ਦਾ ਸੁਰਾਗ ਕੱਢ ਰਹੀ ਸੀ। 3 ਘੰਟਿਆਂ ਤੱਕ ਪੁਲਸ ਦਾ ਸਰਚ ਆਪ੍ਰੇਸ਼ਨ ਚੱਲਦਾ ਰਿਹਾ, ਜਿਸ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਲੁਟੇਰੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਫਰਾਰ ਹੋਏ ਹਨ। ਪੁਲਸ ਨੇ ਲਾਈਫ ਜੈਕੇਟ ਪਾ ਕੇ ਘਰਾਂ ਦੀਆਂ ਛੱਤਾਂ ਨੂੰ ਖੰਗਾਲਿਆ। ਪੁਲਸ ਨੂੰ ਇਹ ਵੀ ਡਰ ਸੀ ਕਿ ਹਥਿਆਰਬੰਦ ਲੁਟੇਰੇ ਕਿਤੇ ਕਿਸੇ ਦੇ ਘਰ ਦੀ ਛੱਤ ’ਤੇ ਨਾ ਲੁਕੇ ਹੋਣ ਅਤੇ ਪੁਲਸ ਨੂੰ ਦੇਖਦੇ ਹੀ ਗੋਲੀ ਨਾ ਚਲਾ ਦੇਣ।
16 ਸਾਲਾਂ ਤੋਂ ਘਰ ਦੇ ਆਊਟ ਹਾਊਸ ’ਚ ਰਹਿ ਰਿਹੈ ਨੇਪਾਲੀ ਜੋੜਾ : ਲੁੱਟ ਦਾ ਸ਼ਿਕਾਰ ਹੋਇਆ ਨੇਪਾਲੀ ਜੋੜਾ ਪਿਛਲੇ 16 ਸਾਲਾਂ ਤੋਂ ਕੋਠੀ ਦੇ ਆਊਟ ਹਾਊਸ ਵਿਚ ਰਹਿ ਰਿਹਾ ਹੈ ਅਤੇ ਕੋਠੀ ਦੀ ਦੇਖਭਾਲ ਦੀ ਸਾਰੀ ਜ਼ਿੰਮੇਵਾਰੀ ਨੇਪਾਲੀ ਕ੍ਰਿਸ਼ਨ ਕੁਮਾਰ ’ਤੇ ਹੈ, ਜੋ ਘਰ  ਦੇ ਬਾਹਰ ਹੀ ਨਿਊਡਲਸ ਤੇ ਬਰਗਰ ਦੀ ਰੇਹੜੀ ਲਾਉਂਦਾ ਹੈ ਅਤੇ ਘਰ ਦਾ ਮਾਲਕ ਵਿਦੇਸ਼ ਰਹਿੰਦਾ ਹੈ। ਕੀ ਲੁਟੇਰੇ ਲੁੱਟ ਦੀ ਨੀਅਤ ਨਾਲ ਹੀ ਦਾਖਲ ਹੋਏ ਸਨ ਜਾਂ ਲੁੱਟ ਦੇ ਪਿੱਛੇ ਕੋਈ ਹੋਰ ਮਕਸਦ ਸੀ। ਇਹ ਇਕ ਗੰਭÎੀਰ ਜਾਂਚ ਦਾ ਵਿਸ਼ਾ ਹੈ ਕਿਉਂਕਿ ਜੇਕਰ ਨੇਪਾਲੀ ਜੋੜਾ ਕੋਠੀ ਛੱਡ ਕੇ ਇਥੋਂ ਚਲਾ ਜਾਂਦਾ ਹੈ ਤਾਂ ਇਸ ਕੋਠੀ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਰਹਿੰਦਾ ਕਿਉਂਕਿ ਕੋਠੀ ਦਾ ਮਾਲਕ 2-3 ਸਾਲਾਂ ਵਿਚ ਇਕ ਵਾਰ ਕਦੇ ਹੀ ਆਉਂਦਾ ਹੈ।


Related News