ਹੜ੍ਹ ਪ੍ਰਭਾਵਿਤ 19 ਪਿੰਡਾਂ ਦੇ ਖੇਤਾਂ ’ਚੋਂ ਰੇਤ ਤੇ ਗਾਰਾ ਕੱਢਣ ਦੀ ਮਿਲੀ ਮਨਜ਼ੂਰੀ, ਹੈਲਪਲਾਈਨ ਨੰਬਰ ਜਾਰੀ
Thursday, Sep 18, 2025 - 02:33 PM (IST)

ਅੰਮ੍ਰਿਤਸਰ(ਨੀਰਜ)-ਅਜਨਾਲਾ ਤੇ ਰਮਦਾਸ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਸਬੰਧੀ ਪੰਜਾਬ ਸਰਕਾਰ ਅਤੇ ਭੂ-ਵਿਗਿਆਨ ਵਿਭਾਗ ਵਲੋਂ ਗਠਿਤ ਕੀਤੀ ਗਈ ਕਮੇਟੀ ਨੇ ਹੁਣ ਤੱਕ ਮਿਲੀਆਂ ਸਰਵੇ ਰਿਪੋਰਟਾਂ ਨੂੰ ਦੇਖਣ ਤੋਂ ਬਾਅਦ 19 ਪਿੰਡਾਂ ਦੇ ਖੇਤਾਂ ’ਚ ਰੇਤ ਅਤੇ ਗਾਰਾ ਆਦਿ ਕੱਢਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜ਼ਿਲਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ 19 ਪਿੰਡਾਂ ਦੇ ਪ੍ਰਭਾਵਿਤ ਖੇਤਾਂ ’ਚੋਂ ਰੇਤ ਅਤੇ ਗਾਰਾ ਕੱਢਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕਾਰਜਕਾਰੀ ਇੰਜੀਨੀਅਰ, ਅੰਮ੍ਰਿਤਸਰ ਡਰੇਨੇਜ, ਮਾਈਨਿੰਗ ਅਤੇ ਭੂ-ਵਿਗਿਆਨ ਬੋਰਡ ਅਤੇ ਏ. ਸੀ. ਡੀ. ਐੱਮ. ਨੇ ਪ੍ਰਕਿਰਿਆ ਦਾ ਤਾਲਮੇਲ ਕੀਤਾ ਹੈ।
ਇਹ ਵੀ ਪੜ੍ਹੋ-ਪੰਜਾਬ ਤੋਂ ਸ਼ੁਰੂ ਹੋਈ ਅੰਮ੍ਰਿਤ ਭਾਰਤ ਰੇਲਗੱਡੀ, ਯਾਤਰੀਆਂ ਦੀਆਂ ਲੱਗਣਗੀਆਂ ਮੌਜਾਂ
ਵਿਭਾਗ ਇਹ ਯਕੀਨੀ ਬਣਾਏਗਾ ਕਿ ਰੇਤ ਕੱਢਣ ਦੌਰਾਨ ਖੇਤੀਬਾੜੀ ਵਾਲੀ ਜ਼ਮੀਨ ਦੀ ਸਤ੍ਹਾ ਨੂੰ ਕੋਈ ਨੁਕਸਾਨ ਨਾ ਪਹੁੰਚੇ। ਵਿਭਾਗ ਇਹ ਯਕੀਨੀ ਬਣਾਏਗਾ ਕਿ ਜਦੋਂ ਖੇਤੀਬਾੜੀ ਵਾਲੀ ਜ਼ਮੀਨ ਤੋਂ ਰੇਤ, ਗਾਰਾ ਆਦਿ ਹਟਾਇਆ ਜਾਂਦਾ ਹੈ, ਤਾਂ ਉਸ ਦੀ ਆੜ ’ਚ ਮਨਜ਼ੂਰਸੁਦਾ ਰਿਵਰ ਬੈਂਡ ਮਾਈਨ, ਕਮਰਸ਼ੀਅਲ ਮਾਈਨਿੰਗ ਸਾਈਡ ਅਤੇ ਪਬਲਿਕ ਮਾਈਨਿੰਗ ਸਾਈਟ ’ਚ ਕੋਈ ਉਕਤ ਪਦਾਰਥ ਨਾ ਹਟਾਇਆ ਜਾਵੇ।
ਕਿਹੜੇ-ਕਿਹੜੇ ਪਿੰਡਾਂ ਨੂੰ ਮਿਲੀ ਮਨਜ਼ੂਰੀ
ਡੀ. ਸੀ. ਨੇ ਦੱਸਿਆ ਕਿ ਪਿੰਡ ਮਲਕਪੁਰ, ਦਰਿਆ ਮੂਸਾ, ਘੋਨੇਵਾਲਾ, ਸਹਾਰਨ, ਕਾਸੇਵਾਲਾ, ਆਰ. ਜੀ. ਸਹਾਰਨ, ਮਹਿਮਦ ਮੰਡਰਵਾਲਾ, ਚਾਹਦਪੁਰ, ਕੋਟ ਰਜ਼ਾਦਾ, ਆਰਜੀ ਕੋਟ ਰਜ਼ਾਦਾ, ਪੰਜਗਰਾਈਂਵਾਲਾ, ਘੁਮਰਾਏ, ਮਾਛੀਵਾਲਾ, ਮੰਗੁੂਨਾਦ, ਸ਼ਹਿਜ਼ਾਦਾ, ਕਮਾਲਪੁਰ, ਨੰਗਲ ਸੋਹਲ, ਰੁੜਾਵਾਲਾ ਅਤੇ ਬੁੱਢਾ ਵਰਸਲ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਘੱਟ ਜ਼ਮੀਨ ਹੈ ਅਤੇ ਜਿਨ੍ਹਾਂ ਕੋਲ ਮਸ਼ੀਨਰੀ ਨਹੀਂ ਹੈ, ਉਹ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ 01858-221102 ਜਾਂ 01858-221037 ’ਤੇ ਸੰਪਰਕ ਕਰ ਸਕਦੇ ਹਨ। ਪ੍ਰਸ਼ਾਸਨ ਦੀ ਇਹੀ ਕੋਸ਼ਿਸ਼ ਹੈ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਖੇਤਾਂ ’ਚੋਂ ਰੇਤ ਅਤੇ ਗਾਰਾ ਆਦਿ ਕੱਢ ਦਿੱਤਾ ਜਾਵੇ।
ਇਹ ਵੀ ਪੜ੍ਹੋ- ਤਿਉਹਾਰਾਂ ਦੇ ਮੱਦੇਨਜ਼ਰ DC ਸਾਕਸ਼ੀ ਸਾਹਨੀ ਨੇ ਵੱਡੇ ਹੁਕਮ
‘ਜਿਸ ਦਾ ਖੇਤ, ਉਸ ਦੀ ਰੇਤ’ ਨੀਤੀ ਮਾਛੀਵਾਲ ਤੋਂ ਸ਼ੁਰੂ
ਰਾਵੀ ਦਰਿਆ ਤੋਂ ਵਹਿ ਕੇ ਆਈ ਰੇਤ ਅਤੇ ਗਾਰਾ ਕਈ ਪਿੰਡਾਂ ’ਚ 4-5 ਫੁੱਟ ਤੱਕ ਖੇਤਾਂ ’ਚ ਭਰ ਗਿਆ ਸੀ, ਜਿਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ‘ਜਿਸ ਦਾ ਖੇਤ, ਉਸ ਦੀ ਰੇਤ’ ਨੀਤੀ ਸ਼ੁਰੂ ਕੀਤੀ ਗਈ। ਇਸ ਨੀਤੀ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਮਾਛੀਵਾਲ ਪਿੰਡ ਤੋਂ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਪੜ੍ਹੋ ਵਿਭਾਗ ਦੀ ਭਵਿੱਖਬਾਣੀ
ਰਾਜ ਸਭਾ ਮੈਂਬਰ ਰਾਘਵ ਚੱਢਾ ਵਲੋਂ ਐੱਮ. ਪੀ. ਲੈਡ ਫੰਡ ’ਚੋਂ ਦਿੱਤੀ ਗਈ ਜੇ. ਸੀ. ਬੀ. ਮਸ਼ੀਨ ਅਤੇ ਟਰੈਕਟਰ ਦੀ ਵਰਤੋਂ ਕਰ ਕੇ ਕੱਢੀ ਗਈ ਰੇਤ ਨੂੰ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੇਚ ਦਿੱਤਾ ਗਿਆ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵਲੋਂ ਦਾਨ ਕੀਤੀ ਗਈ ਮਸ਼ੀਨਰੀ ਜਲਦੀ ਹੀ ਦੂਜੇ ਪਿੰਡਾਂ ਵਿਚ ਰੇਤ ਅਤੇ ਗਾਰਾ ਕੱਢਣ ਲਈ ਵਰਤੀ ਜਾਵੇਗੀ ਅਤੇ ਹਰ ਪਿੰਡ ’ਚੋਂ ਰੇਤ ਕੱਢ ਕੇ ਅਗਲੇ ਬਿਜਾਈ ਸੀਜ਼ਨ ਲਈ ਖੇਤ ਤਿਆਰ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8