ਪਿੰਡ ਪਠਲਾਵਾ ਦੇ ਕੋਰੋਨਾ ਮੁਕਤ ਹੋਣ ''ਤੇ ਸੰਗਤਾਂ ਵੱਲੋਂ ਸ਼ੁਕਰਾਨੇ ਵਜੋਂ ਲੰਗਰ ਲਈ ਰਸਦਾਂ ਭੇਟ

05/21/2020 6:03:33 PM

ਅੰਮ੍ਰਿਤਸਰ (ਦੀਪਕ ਸ਼ਰਮਾ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਦੀਆਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਰਸਦਾਂ ਭੇਟ ਕੀਤੀਆਂ ਗਈਆਂ ਹਨ। ਪਿੰਡ ਦੇ ਕੋਰੋਨਾ ਮੁਕਤ ਹੋਣ ਕਾਰਨ ਸੰਗਤਾਂ ਵੱਲੋਂ ਸ਼ੁਕਰਾਨੇ ਦੇ ਤੌਰ 'ਤੇ ਇਹ ਸੇਵਾ ਕੀਤੀ ਗਈ ਹੈ। ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਸਵਰਨਜੀਤ ਸਿੰਘ, ਇਕ ਨੂਰ ਸੰਸਥਾ ਪਠਲਾਵਾ ਦੇ ਚੇਅਰਮੈਨ ਤਰਲੋਚਨ ਸਿੰਘ ਵਾਰੀਆ ਅਤੇ ਨਗਰ ਦੇ ਸਰਪੰਚ ਹਰਪਾਲ ਸਿੰਘ ਦੀ ਅਗਵਾਈ ਵਿਚ ਰਸਦਾਂ ਲੈ ਕੇ ਪੁੱਜੀਆਂ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸੰਗਤ ਵੱਲੋਂ ਭੇਟਾ ਕੀਤੀਆਂ ਗਈਆਂ ਰਸਦਾਂ ਵਿਚ 61 ਕੁਇੰਟਲ ਕਣਕ, 40 ਕੁਇੰਟਲ ਖੰਡ, 41 ਕੁਇੰਟਲ ਪਿਆਜ਼, 10 ਕੁਇੰਟਲ ਚੌਲ ਤੋਂ ਇਲਾਵਾ ਦਾਲਾਂ, ਸੂਜੀ, ਚਣੇ, ਮਸਾਲੇ, ਸੁੱਕਾ ਦੁੱਧ, ਤੇਲ ਅਤੇ ਘਿਉ ਆਦਿ ਸ਼ਾਮਲ ਹਨ। ਇਸ ਮੌਕੇ ਵਧੀਕ ਮੈਨੇਜਰ ਸੁਖਬੀਰ ਸਿੰਘ, ਭਾਈ ਹਰਪ੍ਰੀਤ ਸਿੰਘ ਪਠਲਾਵਾ, ਅਮਰਪ੍ਰੀਤ ਸਿੰਘ ਲਾਲੀ, ਕੁਲਦੀਪ ਸਿੰਘ, ਤਰਲੋਚਨ ਸਿੰਘ, ਮਾਸਟਰ ਤਰਸੇਮ ਸਿੰਘ, ਅਜੀਤ ਸਿੰਘ, ਫ਼ਤਹਿ ਸਿੰਘ, ਡਾ. ਪ੍ਰਮਿੰਦਰ ਸਿੰਘ, ਰਾਮ ਸਿੰਘ ਬੰਗਾ, ਲਵਪ੍ਰੀਤ ਸਿੰਘ, ਸੁਖਦੇਵ ਸਿੰਘ ਆਦਿ ਮੌਜੂਦ ਸਨ।

PunjabKesari

ਹਲਕਾ ਡੇਰਾ ਬਾਬਾ ਨਾਨਕ ਦੀ ਸੰਗਤ ਵੱਲੋਂ ਲੰਗਰ ਲਈ 710 ਕੁਇੰਟਲ ਕਣਕ ਭੇਟ-
ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਲਈ ਸੰਗਤ ਵੱਲੋਂ ਰਸਦਾਂ ਭੇਟ ਕਰਨ ਦੀ ਲੜੀ 'ਚ ਹਲਕਾ ਡੇਰਾ ਬਾਬਾ ਨਾਨਕ ਦੀ ਸੰਗਤ ਵੱਲੋਂ 710 ਕੁਇੰਟਲ ਕਣਕ ਭੇਜ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। ਕੋਰ ਕਮੇਟੀ ਮੈਂਬਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਦੀ ਪ੍ਰੇਰਣਾ ਸਦਕਾ ਸੰਗਤਾਂ ਵੱਲੋਂ ਸਾਂਝੇ ਤੌਰ 'ਤੇ ਇਹ ਸੇਵਾ ਭੇਜੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਅਤੇ ਹਲਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਕਣਕ ਲੈ ਕੇ ਪੁੱਜਣ 'ਤੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਪਰਮਜੀਤ ਸਿੰਘ ਨੇ ਸਨਮਾਨਿਤ ਕੀਤਾ। ਇਸ ਮੌਕੇ ਸੁਖਜਿੰਦਰ ਸਿੰਘ ਸੋਨੂੰ ਨੇ ਆਖਿਆ ਕਿ ਕੋਰੋਨਾ ਮਹਾਮਾਰੀ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈਆਂ ਲੰਗਰ ਸੇਵਾਵਾਂ ਸ਼ਲਾਘਾਯੋਗ ਹਨ। ਉਨਾ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਪ੍ਰਤੀ ਸੰਗਤਾਂ ਅੰਦਰ ਵੱਡੀ ਸ਼ਰਧਾ ਹੈ, ਜਿਸ ਸਦਕਾ ਵੱਡੀ ਗਿਣਤੀ ਵਿਚ ਸੰਗਤਾਂ ਲੰਗਰ ਲਈ ਕਣਕ ਅਤੇ ਹੋਰ ਰਸਦਾਂ ਭੇਜ ਰਹੀਆਂ ਹਨ। ਇਸ ਮੌਕੇ ਜਸਪ੍ਰੀਤ ਸਿੰਘ ਰਾਣਾ ਅਤੇ ਹਲਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।


Iqbalkaur

Content Editor

Related News