ਜ਼ਿਲ੍ਹੇ ’ਚ ਧੜੱਲੇ ਨਾਲ ਵਿੱਕ ਰਹੇ ਪਰੀਗਾਬਾਲਿਨ ਕੈਪਸੂਲ, ਨੌਜਵਾਨ 3 ਤੋਂ 10 ਕੈਪਸੂਲਾਂ ਦੀ ਕਰ ਰਹੇ ਵਰਤੋਂ
Monday, Aug 21, 2023 - 04:16 PM (IST)

ਤਰਨਤਾਰਨ (ਰਮਨ ਚਾਵਲਾ)- ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿਚ ਜਿੱਥੇ ਚਿੱਟੇ ਦੀ ਵਰਤੋਂ ਕਰਦੇ ਹੋਏ ਨੌਜਵਾਨ ਆਪਣੀ ਜ਼ਿੰਦਗੀ ਖ਼ਰਾਬ ਕਰਦੇ ਵੇਖੇ ਜਾ ਸਕਦੇ ਹਨ ਉੱਥੇ ਹੀ ਅੱਜ-ਕੱਲ੍ਹ ਇਨਸਾਨੀ ਸਰੀਰ ਦੀ ਸਮੱਸਿਆਵਾਂ ਨੂੰ ਠੀਕ ਕਰਨ ਲਈ ਮਾਹਿਰ ਡਾਕਟਰਾਂ ਵਲੋਂ ਲਿਖੇ ਜਾਣ ਵਾਲੇ ਪਰੀਗਾਬਾਲਿਨ ਨਾਮਕ ਸਾਲਟ ਦੀ ਧੜੱਲੇ ਨਾਲ ਦੁਰ ਵਰਤੋਂ ਹੋਣੀ ਸ਼ੁਰੂ ਹੋ ਗਈ ਹੈ। ਛੋਟੀ ਉਮਰ ਦੇ ਨੌਜਵਾਨ ਇਸ ਦਵਾਈ ਦੀ ਬਿਨਾਂ ਲੋੜ ਤੋਂ ਹੀ ਹਾਈ ਡੋਜ਼ ਲੈ ਨਸ਼ੇ ’ਚ ਧੁੱਤ ਨਜ਼ਰ ਆਉਂਦੇ ਹਨ। ਪ੍ਰਸ਼ਾਸਨ ਵਲੋਂ ਇਸ ਦਵਾਈ ਦੀ ਨਾਜਾਇਜ਼ ਵਿਕਰੀ 'ਤੇ ਰੋਕ ਲਗਾਉਣ ਦੇ ਮਕਸਦ ਨਾਲ ਜੇਕਰ ਸਮੇਂ ਸਿਰ ਸਖ਼ਤ ਕਦਮ ਚੁੱਕਦੇ ਹੋਏ ਐੱਨ.ਡੀ.ਪੀ.ਐੱਸ ਐਕਟ ਨਾ ਲਗਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣ ਲਈ ਮਜ਼ਬੂਰ ਹੋਣਾ ਪਵੇਗਾ।
ਇਹ ਵੀ ਪੜ੍ਹੋ- ਨੌਜਵਾਨਾਂ ਦੀ ਮਿਹਨਤ ਨੇ ਪੇਸ਼ ਕੀਤੀ ਮਿਸਾਲ, 3 ਦਿਨਾਂ 'ਚ ਮੁਕੰਮਲ ਹੋਇਆ 300 ਫੁੱਟ ਪਾੜ ਨੂੰ ਭਰਨ ਦਾ ਕੰਮ
ਪਰੀਗਾਬਾਲਿਨ ਨਾਮਕ ਦਵਾਈ ਜਿਸ ਨੂੰ ਇਨਸਾਨ ਦੀਆਂ ਵੱਖ-ਵੱਖ ਬੀਮਾਰੀਆਂ ਜਿਵੇਂ ਕਿ ਸਪਾਈਨ ਦੀ ਸਮੱਸਿਆ, ਦਿਲ ਰੋਗਾਂ ਦੀ ਸਮੱਸਿਆ, ਹੱਡੀਆਂ ਰੋਗਾਂ ਦੀ ਸਮੱਸਿਆ, ਮਾਨਸਿਕ ਰੋਗਾਂ ਦੀ ਸਮੱਸਿਆ ਆਦਿ ਲਈ ਮਾਹਿਰ ਡਾਕਟਰਾਂ ਦੀ ਸਲਾਹ ਅਨੁਸਾਰ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਹ ਦਵਾਈ ਜ਼ਿਆਦਾਤਰ ਹੋਰ ਸਾਲਟ ਦੇ ਸਾਂਝੇ ਮਿਸ਼ਰਣ ਦੌਰਾਨ ਬਾਜ਼ਾਰ ’ਚ ਮੌਜੂਦ ਹੈ ਪਰ ਪਰੀਗਾਬਾਲਿਨ ਦੇ 300 ਮਿਲੀ ਗ੍ਰਾਮ ਕੈਪਸੂਲ ਦੀ ਨੌਜਵਾਨਾਂ ਵਲੋਂ ਗਲਤ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਵਾਈ ਦੀ ਬਿਨਾਂ ਜ਼ਰੂਰਤ ਵਰਤੋਂ ਕਰਨ ਦੌਰਾਨ ਇਨਸਾਨ ਦਾ ਦਿਮਾਗ ਸੁਸਤ ਹੋ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਨਸ਼ੇ ਵਿਚ ਮਹਿਸੂਸ ਕਰਦਾ ਹੈ। ਜ਼ਿਲ੍ਹੇ ਦੇ ਜ਼ਿਆਦਾਤਰ ਸਰਹੱਦੀ ਇਲਾਕਿਆਂ ਵਿਚ ਇਸ ਕੈਪਸੂਲ ਦੀ ਨਾਜਾਇਜ਼ ਵਰਤੋਂ ਧੜੱਲੇ ਨਾਲ ਸ਼ੁਰੂ ਹੋ ਚੁੱਕੀ ਹੈ, ਜਿਸ ਨੂੰ ਰੋਕਣਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਪੈਦਾ ਕਰ ਰਹੀ ਹੈ। ਹਾਲਾਂਕਿ ਇਸ ਕੈਪਸੂਲ ਦੀ ਵਿਕਰੀ ਸਹੀ ਢੰਗ ਨਾਲ ਕਾਰੋਬਾਰ ਕਰਨ ਵਾਲੇ ਮੈਡੀਕਲ ਸਟੋਰਾਂ ਵਲੋਂ ਨਹੀਂ ਕੀਤੀ ਜਾ ਰਹੀ ਪਰ ਹੋਰ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਵਲੋਂ ਇਸ ਕੈਪਸੂਲ ਦੀ ਧੜੱਲੇ ਨਾਲ ਵਿਕਰੀ ਕੀਤੀ ਜਾ ਰਹੀ ਹੈ। ਸੂਬੇ ਦੇ ਮਾਨਸਾ ਜ਼ਿਲ੍ਹੇ ਵਿਖੇ ਡਿਪਟੀ ਕਮਿਸ਼ਨਰ ਵਲੋਂ ਇਸ ਕੈਪਸੂਲ ਦੀ ਬਿਨਾਂ ਡਾਕਟਰੀ ਪਰਚੀ ਤੋਂ ਵਿਕਰੀ ਕਰਨ ਉੱਪਰ ਸਖ਼ਤ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਜ਼ਿਲ੍ਹੇ ਵਿਚ ਛੋਟੀ ਉਮਰ ਦੇ ਨੌਜਵਾਨ ਇਸ ਕੈਪਸੂਲ ਦੀ ਵਰਤੋਂ ਕਰਦੇ ਹੋਏ ਮਾੜੇ ਕੰਮਾਂ ਨੂੰ ਅੰਜਾਮ ਦੇਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ ਕਿਉਂਕਿ ਇਸ ਦਵਾਈ ਦੀ ਵਰਤੋਂ ਅਤੇ ਰੱਖਣ ਲਈ ਸਖ਼ਤ ਕਾਨੂੰਨ ਨਹੀਂ ਬਣਾਇਆ ਗਿਆ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਸ਼ੇ ਦੇ ਵਪਾਰੀਆਂ ਵਲੋਂ ਪਰੀਗਾਬਾਲਿਨ-300 ਨੂੰ ਵੱਖਰੇ ਬ੍ਰਾਂਡ ਨਾਲ ਤਿਆਰ ਕਰਵਾ ਕੇ ਉਸ ਉੱਪਰ ਮੋਟੀ ਕੀਮਤ ਛਪਵਾਈ ਜਾ ਰਹੀ ਹੈ, ਇਹ ਬ੍ਰਾਂਡ ਜ਼ਿਆਦਾਤਰ ਪੱਟੀ, ਖੇਮਕਰਨ, ਭਿੱਖੀਵਿੰਡ, ਅਮਰਕੋਟ, ਖਾਲੜਾ, ਝਬਾਲ, ਸੁਰ ਸਿੰਘ ਆਦਿ ਵਿਖੇ ਬਿਨਾਂ ਰਿਕਾਰਡ ਦੂਸਰੇ ਰਾਜਾਂ ਤੋਂ ਸਪਲਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਡੇਂਗੂ ਤੇ ਚਿਕਨਗੁਨੀਆ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਇਕ ਹੋਰ ਵੱਡਾ ਖ਼ਤਰਾ
ਕੀ ਹੋ ਸਕਦਾ ਹੈ ਨੁਕਸਾਨ
ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਮੁਕੇਸ਼ ਕੁਮਾਰ ਨੇ ਆਪਣੀ ਕਲੀਨਿਕ ਨਜ਼ਦੀਕ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਖੇ ਦੱਸਿਆ ਕਿ ਬਿਨਾਂ ਜ਼ਰੂਰਤ ਪਰੀਗਾਬਾਲਿਨ ਨਾਮਕ ਦਵਾਈ ਦੀ ਹਾਈ ਡੋਜ਼ ਲੈਣ ਨਾਲ ਨਸ਼ੇ ਦੇ ਆਦੀ ਨੌਜਵਾਨ ਇਸ ਦੀ ਵਰਤੋਂ 3 ਤੋਂ 10 ਗੁਣਾ ਤੱਕ ਕਰ ਰਹੇ ਹਨ, ਜਿਸ ਨਾਲ ਇਨਸਾਨ ਦੀ ਨਜ਼ਰ ਘਟਣ, ਸਰੀਰ ਉੱਪਰ ਸੋਜਾਂ ਪੈਣੀਆਂ, ਸਾਹ ਦੀ ਤਕਲੀਫ਼ ਹੋਣੀ, ਛਾਤੀ ਵਿਚ ਦਰਦ, ਜ਼ਿਆਦਾ ਪਸੀਨਾ ਆਉਣਾ, ਮਿਰਗੀ ਦੌਰਾ ਪੈਣਾ ਆਦਿ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਰੀਗਾਬਾਲਿਨ ਦਵਾਈ ਸਰੀਰ ਵਿਚ ਹੌਲੀ-ਹੌਲੀ ਨਸ਼ਾ ਪੈਦਾ ਕਰਦੀ ਹੈ, ਜਿਸ ਕਰਕੇ ਨਸ਼ੇੜੀ ਦਵਾਈ ਦੀ ਡੋਜ਼ ਵਧਾਉਣੀ ਸ਼ੁਰੂ ਕਰ ਦਿੰਦੇ ਹਨ। ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਇਨਸਾਨ ਆਪਣਾ ਆਪ ਖੋਹ ਬੈਠਦਾ ਹੈ, ਜਿਸ ਨਾਲ ਉਹ ਕੋਈ ਵੱਡਾ ਨੁਕਸਾਨ ਕਰ ਬੈਠਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ 9 ਸਕੂਲਾਂ 'ਚ 23 ਅਗਸਤ ਤੱਕ ਛੁੱਟੀਆਂ ਦਾ ਐਲਾਨ
ਜੋਨਲ ਲਾਇਸੈਂਸਿਗ ਅਥਾਰਟੀ ਅੰਮ੍ਰਿਤਸਰ ਜੋਨ ਕਰੁਣ ਸਚਦੇਵ ਨੇ ਦੱਸਿਆ ਕਿ ਨਾਜਾਇਜ਼ ਕਾਰੋਬਾਰ ਕਰਨ ਵਾਲੇ ਕੈਮਿਸਟਾਂ ਖਿਲਾਫ਼ ਸਖਤ ਐਕਸ਼ਨ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰੀਗਾਬਾਲਿਨ ਦਵਾਈ ਦੀ ਨਾਜਾਇਜ਼ ਵਿਕਰੀ ਅਤੇ ਬਿਨਾਂ ਰਿਕਾਰਡ ਸਟਾਕ ਕਰਨ ਵਾਲੇ ਕੈਮਿਸਟਾਂ ਨੂੰ ਨੱਥ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਡਿਊਲ ਐੱਚ ਵਿਚ ਆਉਣ ਵਾਲੀ ਪਰੀਗਾਬਾਲਿਨ ਦੀ ਕੋਈ ਵੀ ਵਿਕਰੀ ਬਿਨਾਂ ਡਾਕਟਰੀ ਪਰਚੀ ਤੋਂ ਨਹੀਂ ਕਰ ਸਕਦਾ ਹੈ। ਇਸ ਦਵਾਈ ਨੂੰ ਐੱਨ.ਡੀ.ਪੀ.ਐੱਸ ਐਕਟ ਵਿਚ ਸ਼ਾਮਲ ਕਰਨਾ ਸਰਕਾਰ ਦਾ ਕੰਮ ਹੈ।
ਕੈਮਿਸਟ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਪਰੀਗਾਬਾਲਿਨ 300 ਮਿਲੀ ਗ੍ਰਾਮ ਦਵਾਈ ਵਿਕਰੀ ਕੈਮਿਸਟਾਂ ਵਲੋਂ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦਵਾਈ ਦੀ ਵਿਕਰੀ ਜ਼ਿਆਦਾਤਰ ਦੂਸਰੇ ਰਾਜਾਂ ਤੋਂ ਲਿਆਉਣ ਵਾਲੇ ਲੋਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਮਿਸਟ ਐਸੋਸੀਏਸ਼ਨ ਸੂਬੇ ਵਿਚ ਦਵਾਈਆਂ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਦਾ ਕਦੇ ਵੀ ਸਾਥ ਨਹੀਂ ਦੇਵੇਗੀ।
ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪਰੀਗਾਬਾਲਿਨ ਦੀ ਹੋ ਰਹੀ ਵਿਕਰੀ ਸਬੰਧੀ ਮਾਮਲਾ ਗੰਭੀਰ ਹੈ, ਜਿਸ ਨੂੰ ਭਵਿੱਖ ਵਿਚ ਰੋਕਣ ਸਬੰਧੀ ਪੁਲਸ ਅਤੇ ਸਿਹਤ ਵਿਭਾਗ ਨਾਲ ਸੰਪਰਕ ਕਰਦੇ ਹੋਏ ਵਿਸ਼ੇਸ਼ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੀ ਵਿਕਰੀ ’ਤੇ ਰੋਕ ਲਗਾਉਣ ਸਬੰਧੀ ਉਨ੍ਹਾਂ ਵਲੋਂ ਹੁਕਮ ਵੀ ਜਾਰੀ ਕੀਤੇ ਜਾ ਸਕਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8