ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਪ੍ਰਾਈਵੇਟ ਸਕੂਲ, ਵਿਦਿਆਰਥੀਆਂ ਤੇ ਮਾਪੇ ਹੋ ਰਹੇ ਪ੍ਰੇਸ਼ਾਨ

Tuesday, Mar 21, 2023 - 01:24 PM (IST)

ਅੰਮ੍ਰਿਤਸਰ (ਦਲਜੀਤ)- ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਜ਼ਿਲ੍ਹੇ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ ਅਤੇ ਵਰਦੀਆਂ ਦੀ ਧੜੱਲੇ ਨਾਲ ਵਿਕਰੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਉਕਤ ਸਕੂਲਾਂ ਦੀਆਂ ਮਨਮਾਨੀਆਂ ਅੱਗੇ ਮਾਪਿਆਂ ਨੂੰ ਪ੍ਰਿੰਟ ਰੇਟ ’ਤੇ ਕਿਤਾਬਾਂ ਅਤੇ ਵਰਦੀਆਂ ਖ਼ਰੀਦਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ । ਪ੍ਰਾਈਵੇਟ ਸਕੂਲਾਂ ਦੀ ਕਾਰਜਸ਼ੈਲੀ ਨੂੰ ਦੇਖ ਕੇ ਲੱਗਦਾ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਾਰਾ ਧੰਦਾ ਚੱਲ ਰਿਹਾ ਹੈ। ਮਾਪਿਆਂ ਵੱਲੋਂ ਅਧਿਕਾਰੀਆਂ ਨੂੰ ਜ਼ੁਬਾਨੀ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਸਰਕਾਰ ਇਸ ਘਪਲੇ ਨੂੰ ਰੋਕਣ ਲਈ ਸੁੱਤੀ ਪਈ ਹੈ।

ਜਾਣਕਾਰੀ ਅਨੁਸਾਰ ਸੀ. ਬੀ. ਐੱਸ. ਈ., ਆਈ. ਸੀ. ਆਈ. ਸੀ., ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਹੋਰ ਬੋਰਡਾਂ ਨਾਲ ਸਬੰਧਤ ਸਕੂਲਾਂ ਵਿਚ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਹੋ ਗਿਆ ਹੈ। ਨਵੇਂ ਸੈਸ਼ਨ ਦਾ ਲਾਹਾ ਲੈਂਦਿਆਂ ਜ਼ਿਲ੍ਹੇ ਦੇ ਜ਼ਿਆਦਾਤਰ ਸਕੂਲ ਮਾਪਿਆਂ ਦੀਆਂ ਜੇਬਾਂ ’ਤੇ ਪੈਸੇ ਪਾ ਕੇ ਆਪਣਾ ਖਜ਼ਾਨਾ ਭਰ ਰਹੇ ਹਨ। ਸਿੱਖਿਆ ਦੇ ਵਪਾਰੀਕਰਨ 'ਚ ਸਿੱਖਿਆ ਦਾ ਪੱਧਰ ਹੇਠਾਂ ਜਾ ਰਿਹਾ ਹੈ ਅਤੇ ਵਪਾਰ ਵੱਧਦਾ ਜਾ ਰਿਹਾ ਹੈ। ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਸਕੂਲ ਦੀ ਕੰਪਲੈਕਸ ਵਿਚ ਕਿਤਾਬਾਂ ਅਤੇ ਵਰਦੀਆਂ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ ਪਰ ਇਸ ਦੇ ਬਾਵਜੂਦ ਜ਼ਿਆਦਾਤਰ ਸਕੂਲਾਂ ਵਿਚ ਵਿਭਾਗ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕਿਤਾਬਾਂ ਅਤੇ ਵਰਦੀਆਂ ਦੀ ਵਿਕਰੀ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਸੀ. ਬੀ. ਐੱਸ. ਈ. ਅਤੇ ਆਈ. ਸੀ. ਆਈ. ਸੀ. ਨਾਲ ਸਬੰਧਤ ਜ਼ਿਆਦਾਤਰ ਸਕੂਲ ਅਜਿਹੇ ਹਨ, ਜੋ ਸਰਕਾਰ ਨੂੰ ਅੱਖਾਂ ਦਿਖਾਉਂਦੇ ਹਨ ਅਤੇ ਆਪਣਾ ਕੰਮ ਕਰਦੇ ਹੋਏ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ।

ਇਹ ਵੀ ਪੜ੍ਹੋ- ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਏ. ਐੱਸ. ਆਈ. ਅਜਾਇਬ ਸਿੰਘ ਨੇ ਤੋੜਿਆ ਦਮ

ਅਜਿਹੇ ਸਕੂਲਾਂ ਦੀਆਂ ਮਨਮਾਨੀਆਂ ਕਾਰਨ ਮਾਪੇ ਬਹੁਤ ਪ੍ਰੇਸ਼ਾਨ ਹਨ। ਫਤਿਹਗੜ੍ਹ ਚੂੜੀਆਂ ਰੋਡ, ਲਾਰੈਂਸ ਰੋਡ, ਮਜੀਠਾ ਰੋਡ ਬਾਈਪਾਸ, ਪੰਡੋਰੀ ਵੜੈਚ ਆਦਿ ਇਲਾਕਿਆਂ ਦੇ ਨੇੜੇ ਸਕੂਲ ਹਨ ਜੋ ਸਕੂਲ ਕੰਪਲੈਕਸ ਵਿਚ ਹੀ ਕਿਤਾਬਾਂ ਅਤੇ ਵਰਦੀਆਂ ਵੇਚ ਰਹੇ ਹਨ। ਸਕੂਲਾਂ ਦੀ ਮਨਮਾਨੀ ਕਾਰਨ ਮਾਪੇ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਤੋਂ ਕਿਤਾਬਾਂ ਅਤੇ ਵਰਦੀਆਂ ਖਰੀਦ ਰਹੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਉਹ ਸਕੂਲਾਂ ਨੂੰ ਕਹਿੰਦੇ ਹਨ ਕਿ ਉਹ ਬਾਹਰੋਂ ਕਿਤਾਬਾਂ ਅਤੇ ਵਰਦੀਆਂ ਮੰਗਵਾਉਣਗੇ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਸਕੂਲੋਂ ਕਿਤਾਬਾਂ ਨਹੀਂ ਲੈਣੀਆਂ ਤਾਂ ਸਕੂਲ ਤੋਂ ਬੱਚਿਆਂ ਨੂੰ ਲੈ ਜਾਓ। ਜ਼ਿਆਦਾਤਰ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਸਕੂਲ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖ਼ਰਾਬ ਕਰ ਸਕਦਾ ਹੈ।

ਲਿਖਤੀ ਸ਼ਿਕਾਇਤ ਤੋਂ ਬਿਨਾਂ ਅਧਿਕਾਰੀ ਨਹੀਂ ਕਰਦੇ ਕਾਰਵਾਈ

ਸਮਾਜ ਸੇਵੀ ਜੈ ਗੋਪਾਲ ਲਾਲੀ ਨੇ ਦੱਸਿਆ ਕਿ ਸ਼ਹਿਰ ਵਿਚ ਧੜੱਲੇ ਨਾਲ ਕਿਤਾਬਾਂ ਅਤੇ ਵਰਦੀਆਂ ਦੇ ਨਾਂ ’ਤੇ ਗੌਰਖ ਧੰਦਾ ਕੀਤਾ ਜਾ ਰਿਹਾ ਹੈ। ਉਹ ਉਕਤ ਕਾਰੋਬਾਰ ਵਿਰੁੱਧ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਣ ਵੀ ਜਾ ਚੁੱਕੇ ਹਨ ਪਰ ਜੀ-20 ਕਾਰਨ ਉਨ੍ਹਾਂ ਦੇ ਦਫ਼ਤਰ ਵਿਚ ਮੀਟਿੰਗ ਨਹੀਂ ਹੋ ਸਕੀ। ਕਈ ਵਾਰ ਮੋਬਾਈਲ 'ਤੇ ਗੱਲਬਾਤ ਹੋਈ ਪਰ ਅਧਿਕਾਰੀ ਕਹਿੰਦੇ ਹਨ ਕਿ ਗੱਲ ਤਾਂ ਤੁਹਾਡੀ ਠੀਕ ਹੈ ਪਰ ਉਹ ਲਿਖਤੀ ਸ਼ਿਕਾਇਤ ’ਤੇ ਕਾਰਵਾਈ ਕਰਨਗੇ। 

ਇਹ ਵੀ ਪੜ੍ਹੋ- ਇੰਟਰਨੈੱਟ ਬੰਦ ਹੋਣ ਕਾਰਨ ਕਾਰੋਬਾਰ ਠੱਪ, ਈ-ਪੇਮੈਂਟ ਕਰਨ ਲਈ ਲੋਕਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ

ਸਿੱਖਿਆ ਦੇ ਨਾਂ ’ਤੇ ਕਾਰੋਬਾਰ ਕਰ ਰਹੇ ਹਨ ਬਹੁਤੇ ਸਕੂਲ

ਸਰਕਾਰ ਵੱਲੋਂ ਸਕੂਲਾਂ ਨੂੰ ਮਾਨਤਾ ਦਿਵਾਉਣ ਲਈ ਕਮੇਟੀਆਂ ਰਜਿਸਟਰਡ ਕੀਤੀਆਂ ਜਾਂਦੀਆਂ ਹਨ, ਜਿਸ ਵਿਚ ਕਮੇਟੀਆਂ ਦਾ ਕਹਿਣਾ ਹੈ ਕਿ ਉਹ ਬਿਨਾਂ ਕਿਸੇ ਸਵਾਰਥ ਤੋਂ ਸਿੱਖਿਆ ਦਾ ਪ੍ਰਚਾਰ ਕਰਨਗੇ, ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਸਿੱਖਿਆ ਵਪਾਰ ਬਣ ਗਿਆ ਹੈ ਅਤੇ ਸਕੂਲ ਵਿੱਦਿਆ ਦੇ ਪ੍ਰਸਾਰ ਨੂੰ ਘਟਾ ਕੇ ਵਪਾਰ ਕਰ ਰਹੇ ਹਨ। ਕਈ ਸਕੂਲਾਂ ਦੀਆਂ ਸ਼ਿਕਾਇਤਾਂ ਵਿਭਾਗ ਕੋਲ ਜਾਂਦੀਆਂ ਹਨ ਪਰ ਇਹ ਗੋਲ-ਮੋਲ ਹੋ ਜਾਂਦੀ ਹੈ। ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸਿੱਖਿਆ ਦਾ ਵਪਾਰੀਕਰਨ ਹੋ ਰਿਹਾ ਹੈ ਅਤੇ ਮਾਪਿਆਂ ਦਾ ਖੂਨ ਚੂਸਿਆ ਜਾ ਰਿਹਾ ਹੈ।

ਸਕੂਲ ਬੋਲੇ, ਸਾਡੀ ਹੈ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ, ਸਾਨੂੰ ਕਿਸ ਗੱਲ ਦਾ ਡਰ ਹੈ

ਜ਼ਿਲ੍ਹੇ ਦੇ ਜ਼ਿਆਦਾਤਰ ਸਕੂਲ ਅਜਿਹੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਹੈ, ਉਹ ਕਿਸੇ ਤੋਂ ਡਰਦੇ ਨਹੀਂ ਹਨ। ਇਹ ਸਕੂਲ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਧਿਕਾਰੀ ਵੀ ਸੰਪਰਕ ’ਚ ਹਨ, ਜਦੋਂ ਵੀ ਸਕੂਲ 'ਚ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਹ ਉਕਤ ਅਧਿਕਾਰੀਆਂ ਨੂੰ ਹੀ ਬੁਲਾਉਂਦੇ ਹਨ ਤਾਂ ਜੋ ਮਾਪਿਆਂ ’ਤੇ ਦਬਾਅ ਪਾਇਆ ਜਾ ਸਕੇ ਕਿ ਅਜਿਹੇ ਅਧਿਕਾਰੀ ਉਨ੍ਹਾਂ ਦੇ ਸੰਪਰਕ 'ਚ ਹਨ। ਇਨ੍ਹਾਂ ਸਕੂਲਾਂ ਵਿੱਚ ਜੇਕਰ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਉਸ ’ਤੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਸੁਧਾਰ ਲਿਆ ਜਾਂਦਾ ਹੈ ਜਾਂ ਗਲਤੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News