ਪੰਚਾਇਤੀ ਚੋਣਾਂ ਦੇ ਐਲਾਨ ਨਾਲ ਦੇਸੀ ਸ਼ਰਾਬ ਦਾ ਆਇਆ ਹਡ਼੍ਹ

12/17/2018 3:01:36 AM

ਜੈਂਤੀਪੁਰ,  (ਬਲਜੀਤ)-  ਪੰਜਾਬ ’ਚ ਪੰਚਾਇਤੀ ਚੋਣਾਂ ਦਾ ਐਲਾਨ ਹੁੰਦੇ ਹੀ ਜ਼ਹਿਰੀਲੀ ਸ਼ਰਾਬ ਦੇ ਧੰਦੇ ਨੇ ਜ਼ੋਰ ਫਡ਼ ਲਿਆ ਹੈ ਤੇ ਦਿਹਾਤੀ ਇਲਾਕਿਅਾਂ ’ਚ ਸ਼ਰੇਆਮ ਸ਼ਰਾਬ ਪਰੋਸੀ ਜਾ ਰਹੀ ਹੈ। ਇਸ ਸਬੰਧੀ ਨਸ਼ਾ ਵਿਰੋਧੀ ਮੁਹਿੰਮ ਦੇ ਪ੍ਰਧਾਨ ਪੱਪਲਪ੍ਰੀਤ ਸਿੰਘ ਮਰਡ਼ੀ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ, ਜਿਸ ਵਿਚ ਸਮੂਹ ਆਗੂਅਾਂ ਨੇ ਚੋਣਾਂ ਦੌਰਾਨ ਨਸ਼ੇ ਦੀ ਖੁੱਲ੍ਹੇਆਮ ਹੋ ਰਹੀ ਵਰਤੋਂ ਖਿਲਾਫ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਪ੍ਰਧਾਨ ਮਰਡ਼ੀ ਨੇ ਕਿਹਾ ਕਿ ਇਕ ਪਾਸੇ ਸੂਬੇ ਦੇ ਮੁੱਖ ਮੰਤਰੀ ਨੇ ਨਸ਼ਿਅਾਂ ਨੂੰ ਖਤਮ ਕਰਨ ਲਈ ਗੁਟਕਾ ਸਾਹਿਬ ਹੱਥ ’ਚ ਫੜ ਕੇ ਸਹੁੰ ਖਾਧੀ ਪਰ ਉਸ ਦੇ ਹੀ ਨੱਕ ਹੇਠ ਪੰਚਾਇਤੀ ਚੋਣਾਂ ’ਚ ਸ਼ਰੇਆਮ ਸ਼ਰਾਬ, ਭੁੱਕੀ, ਅਫੀਮ ਤੇ ਨਸ਼ੀਲੇ ਪਦਾਰਥ ਵੰਡੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼ਰਾਬ ਨੂੰ ਤਿਆਰ ਕਰਨ ਲਈ ਦੁਕਾਨਾਦਾਰਾਂ ਵੱਲੋਂ ਵੱਡੀ ਪੱਧਰ ’ਤੇ ਜ਼ਹਿਰੀਲਾ ਗੁਡ਼ ਜੋ ਖੰਡ ਮਿੱਲਾਂ ਵੱਲੋਂ ਨਾ ਵਰਤਣਯੋਗ ਹੋਣ ਕਰ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ, ਨਾਲ ਸ਼ਰਾਬ ਤਿਆਰ ਕੀਤੀ ਜਾਂਦੀ ਹੈ। ਇਹ ਗੁਡ਼ ਕੱਥੂਨੰਗਲ, ਜੈਂਤੀਪੁਰ, ਟਾਹਲੀ ਸਾਹਿਬ, ਚਵਿੰਡਾ ਦੇਵੀ, ਅੱਡਾ ਥਰੀਏਵਾਲ ਚੌਕ, ਮਜੀਠਾ, ਜਿੱਜੇਆਣੀ ਆਦਿ ਕਸਬਿਅਾਂ ’ਚ ਕਰਿਆਨਾ ਮਾਲਕਾਂ ਵੱਲੋਂ ਸ਼ਰੇਆਮ ਬਿਨਾਂ ਕਿਸੇ ਮਨਜ਼ੂਰੀ ਦੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਚਿਤਾਵਨੀ ਦਿੰਦਿਅਾਂ ਕਿਹਾ ਕਿ ਜੇਕਰ ਵਿਭਾਗਾਂ ਵੱਲੋਂ ਇਸ ਜ਼ਹਿਰੀਲੇ ਗੁਡ਼ ਨੂੰ ਵੇਚਣ ਤੋਂ ਨਾ ਰੋਕਿਆ ਗਿਆ ਤਾਂ ਮਜਬੂਰਨ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਅਾਂ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜਦੋਂ ਐੱਸ. ਡੀ. ਐੱਮ. ਮਜੀਠਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ’ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ’ਤੇ ਰੋਕ ਲਾਈ ਜਾਵੇਗੀ ਤੇ ਜੇਕਰ ਕਿਸੇ ਦੁਕਾਨਦਾਰ ਪਾਸੋਂ ਜ਼ਹਿਰੀਲਾ ਗੁਡ਼ ਬਰਾਮਦ ਹੁੰਦਾ ਹੈ ਤਾਂ ਉਸ ਵਿਰੁੱਧ ਸਖਤ ਐਕਸ਼ਨ ਲਿਆ ਜਾਵੇਗਾ।
ਇਸ ਮੌਕੇ ਅਮਨਦੀਪ ਸ਼ਰਮਾ, ਜਗਰੂਪ ਸਿੰਘ, ਰਵਨੀਤ ਸਿੰਘ, ਸੁਖਪ੍ਰੀਤ ਸਿੰਘ, ਸਾਜਨਪ੍ਰੀਤ ਸਿੰਘ, ਪਵਿੱਤਰ ਸਿੰਘ, ਜ਼ੋਰਾਵਰ ਸਿੰਘ, ਗੁਰਜੀਤ ਸਿੰਘ, ਬਾਬਾ ਅਵਤਾਰ ਸਿੰਘ, ਧਰਮਵੀਰ ਸਿੰਘ, ਮੋਤੀ ਸਿੰਘ, ਤਰਲੋਕ ਸਿੰਘ ਆਦਿ ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਹਾਜ਼ਰ ਸਨ।


Related News