ਭਾਰਤੀ ਖੇਤਰ ''ਚ 3 ਮਿੰਟ ਤੱਕ ਘੁੰਮਦਾ ਰਿਹਾ ਪਾਕਿਸਤਾਨੀ ਡਰੋਨ
Saturday, Jun 17, 2023 - 09:08 AM (IST)

ਤਰਨਤਾਰਨ (ਰਮਨ)- ਪਾਕਿਸਤਾਨੀ ਡਰੋਨ ਦੀਆਂ ਭਾਰਤੀ ਖੇਤਰ ਵਿੱਚ ਦਸਤਕ ਦੇਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਤਰ੍ਹਾਂ ਬੀਤੀ ਰਾਤ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਜ਼ਿਲ੍ਹੇ ਅਧੀਨ ਆਉਂਦੀ ਸਰਹੱਦ ਨੂੰ ਪਾਰ ਕਰਦੇ ਹੋਏ ਭਾਰਤੀ ਖੇਤਰ ਵਿੱਚ ਦਸਤਕ ਦੇ ਦਿੱਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ. ਓ.ਪੀ ਕਲਸ ਦੇ ਪਿੱਲਰ ਨੰਬਰ 151/4 ਰਾਹੀਂ ਬੀਤੀ ਰਾਤ 10.39 ਵਜੇ ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ 'ਚ ਦਾਖਲ ਹੋਣ ਸਬੰਧੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਸਰਹੱਦ ਉਪਰ ਤਾਇਨਾਤ ਬੀ.ਐੱਸ.ਐੱਫ ਦੀ 103 ਬਟਾਲੀਅਨ ਹਰਕਤ ਵਿੱਚ ਆ ਗਈ। ਕਰੀਬ 3 ਮਿੰਟ ਬਾਅਦ ਡਹੋਨ ਵਾਪਸ ਪਾਕਿਸਤਾਨ ਪਰਤ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਖੇਮਕਰਨ ਦੀ ਪੁਲਸ ਅਤੇ ਬੀ.ਐੱਸ.ਐੱਫ ਵੱਲੋਂ ਸ਼ੱਕੀ ਇਲਾਕਿਆਂ ਨੂੰ ਸੀਲ ਕਰਦੇ ਹੋਏ ਸਰਹੱਦ ਨੇੜੇ ਦੇ ਸਾਰੇ ਇਲਾਕੇ ਵਿਚ ਤਲਾਸ਼ੀ ਅਭਿਆਨ ਜਾਰੀ ਹੈ।