ਚੰਡੀਗਡ਼੍ਹ ਤੋਂ ਆਏ ਅਧਿਕਾਰੀਆਂ ਨੇ 3 ਸਾਲ ਤੋਂ ਅਧੂਰੀ ਪਈ ਸਡ਼ਕ ਦੀ ਕੀਤੀ ਜਾਂਚ
Saturday, Nov 24, 2018 - 06:06 AM (IST)

ਭਿੰਡੀ ਸੈਦਾਂ, (ਗੁਰਜੰਟ)- ਤਹਿਸੀਲ ਅਜਨਾਲਾ ਦੇ ਪਿੰਡ ਬੋਹਲੀਆਂ ਤੋਂ ਛੀਨਾ ਕਰਮ ਸਿੰਘ ਨੂੰ ਜਾਂਦੀ ਲਿੰਕ ਸਡ਼ਕ ਦੀ ਜਾਂਚ ਅੱਜ ਚੰਡੀਗਡ਼੍ਹ ਤੋਂ ਆਏ ਸਬੰਧਤ ਅਧਿਕਾਰੀਆਂ ਵੱਲੋਂ ਕੀਤੀ ਗਈ, ਜੋ ਕਿ ਪਿਛਲੇ 3 ਸਾਲ ਤੋਂ ਅਧੂਰੀ ਪਈ ਹੋਈ ਹੈ। ਇਸ ਮੌਕੇ ਪਿੰਡ ਵਾਸੀਅਾਂ ਪ੍ਰਤਾਪ ਸਿੰਘ, ਗੁਰਦਿਆਲ ਸਪਾਲ ਸਿੰਘ, ਦਿਲਬਾਗ ਸਿੰਘ, ਜਸਬੀਰ ਸਿੰਘ ਆਦਿ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਸਮੇਂ ਮਨਜ਼ੂਰ ਹੋਈ ਇਸ ਸਡ਼ਕ ਦੇ ਮਾਮਲੇ ’ਚ ਉਸ ਸਮੇਂ ਦੇ ਜੇ. ਈ. ਰਸ਼ਪਾਲ ਸਿੰਘ ਤੇ ਬੀ. ਡੀ. ਪੀ. ਓ. ਹਰਸ਼ਾ ਛੀਨਾ ਵੱਲੋਂ ਵੱਡਾ ਘਪਲਾ ਕੀਤਾ ਗਿਆ ਤੇ ਟੈਂਡਰ ਵਿਚ ਵੀ ਹੇਰਾਫੇਰੀ ਕੀਤੀ ਗਈ, ਜਿਸ ਕਾਰਨ ਅੱਜ ਤੱਕ ਇਹ ਸਡ਼ਕ ਨਹੀਂ ਬਣ ਸਕੀ, ਜਿਸ ਤੋਂ ਬਾਅਦ ਉਨ੍ਹਾਂ ਮਜਬੂਰਨ ਇਸ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਇਹ ਸਡ਼ਕ ਜਲਦੀ ਮੁਕੰਮਲ ਹੋ ਸਕੇ।
ਇਸ ਸਬੰਧੀ ਮੌਕੇ ਦੇ ਬੀ. ਡੀ. ਪੀ. ਓ. ਪਵਨ ਕੁਮਾਰ ਨੇ ਦੱਸਿਆ ਕਿ ਇਸ ਸਡ਼ਕ ਲਈ 30 ਲੱਖ ਦੀ ਰਾਸ਼ੀ ਮਨਜ਼ੂਰ ਹੋਈ ਸੀ ਤੇ ਕੁਝ ਪੈਸੇ ਅਜੇ ਇਸ ਦੇ ਖਾਤੇ ਵਿਚ ਪਏ ਹੋਏ ਹਨ, ਜੇਕਰ ਫਿਰ ਵੀ ਜਾਂਚ-ਪਡ਼ਤਾਲ ਦੁਆਰਾ ਉੱਚ ਅਧਿਕਾਰੀਆਂ ਵੱਲੋਂ ਕੋਈ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਹੁੰਚੇ ਐੱਸ. ਡੀ. ਓ. ਕੇ. ਗੌਰਵ ਨੂੰ ਪੁੱਛਣ ’ਤੇ ਉਨ੍ਹਾਂ ਕੋਈ ਠੋਸ ਜਵਾਬ ਨਹੀਂ ਦਿੱਤਾ। ਚੰਡੀਗਡ਼੍ਹ ਤੋਂ ਆਏ ਐੱਸ. ਆਈ. ਦਵਿੰਦਰ ਕੁਮਾਰ ਹੰਸ ਨੇ ਦੱਸਿਆ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ-ਪਡ਼ਤਾਲ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਜੇ. ਈ. ਰਸ਼ਪਾਲ ਸਿੰਘ ਨੇ ਕਿਹਾ ਕਿ ਮੈਨੂੰ ਸਿਆਸੀ ਰੰਜਿਸ਼ ਤਹਿਤ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂਕਿ ਸਰਕਾਰ ਬਦਲਣ ਕਾਰਨ ਕੰਮ ਰੁਕਿਆ ਸੀ ਤੇ ਇਸ ਸਡ਼ਕ ਦਾ 12 ਲੱਖ ਰੁਪਏ ਬਕਾਇਆ ਅਜੇ ਜਮ੍ਹਾ ਹੈ।