NRI ਪਰਿਵਾਰ ਵਲੋਂ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ, ਜਾਣੋ ਕੀ ਹੈ ਮਾਮਲਾ

11/28/2022 5:51:10 PM

ਅੰਮ੍ਰਿਤਸਰ (ਛੀਨਾ)- 4 ਨਵੰਬਰ ਨੂੰ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਸਥਿਤ ਇਕ ਰਿਜੋਰਟ ’ਚ ਵਿਆਹ ਸਮਾਗਮ ਦੀ ਪਾਰਟੀ ਕਰ ਰਹੇ ਐੱਨ.ਆਰ.ਆਈ.ਪਰਿਵਾਰ ਨਾਲ ਸ਼ਰੇਆਮ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਸੀ। ਜਾਣਕਾਰੀ ਮੁਤਾਬਕ ਇਸ ਮਾਮਲੇ ’ਚ ਸ਼ਰਾਬ ਠੇਕੇਦਾਰ ਦੇ ਕਰਿੰਦਿਆ ਦੇ ਖਿਲਾਫ਼ ਕੋਈ ਵੀ ਸਖ਼ਤ ਐਕਸ਼ਨ ਨਾ ਲੈਣ ਅਤੇ ਉਲਟਾ ਐੱਨ.ਆਰ.ਆਈ.ਪਰਿਵਾਰ ਦੇ ਕੁਝ ਵਿਅਕਤੀਆਂ ’ਤੇ ਨਾਜਾਇਜ਼ ਪਰਚਾ ਦਰਜ ਕਰਨ ਤੋਂ ਖਫ਼ਾ ਹੋਏ ਪਰਿਵਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਸਥਿਤ ਕੋਠੀ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ।

ਇਸ ਸਬੰਧ ’ਚ ਗੱਲਬਾਤ ਕਰਦਿਆਂ ਐਨ.ਆਰ.ਆਈ. ਕੰਵਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ 4 ਨਵੰਬਰ ਨੂੰ ਵਾਪਰੀ ਘਟਨਾ ਦੇ ਮਾਮਲੇ ’ਚ ਅੰਮ੍ਰਿਤਸਰ ਪੁਲਸ ਮੁੱਖ ਦੋਸ਼ੀਆਂ ਨੂੰ ਬਚਾਉਣ ਲਈ ਸ਼ਰਾਬ ਠੇਕੇਦਾਰ ਦੇ ਕੁਝ ਕਰਿੰਦਿਆਂ ਨੂੰ ਗ੍ਰਿਫ਼ਤਾਰ ਕਰਕੇ ਸਿਰਫ਼ ਖਾਨਾਪੂਰਤੀ ਵਾਲੀ ਹੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦਕਿ ਸਾਡੇ ਵਲੋਂ ਵਾਰ-ਵਾਰ ਦੁਹਾਈਆਂ ਦੇਣ ਦੇ ਬਾਵਜੂਦ ਵੀ ਮੁੱਖ ਦੋਸ਼ੀਆਂ ’ਤੇ ਪਰਚਾ ਦਰਜ ਨਹੀਂ ਕੀਤਾ ਗਿਆ। ਐੱਨ.ਆਰ.ਆਈ.ਰੰਧਾਵਾ ਨੇ ਦੋਸ਼ ਲਗਾਉਦਿਆਂ ਕਿਹਾ ਕਿ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦਾ ਫ਼ਾਇਦਾ ਉਠਾਉਂਦੇ ਹੋਏ ਸ਼ਰਾਬ ਠੇਕੇਦਾਰ ਦੇ ਖ਼ਾਸਮ-ਖ਼ਾਸ ਵਿਅਕਤੀ ਜਿਹੜੀ ਕਿ ਉਕਤ ਘਟਨਾ ਦੇ ਮੁੱਖ ਦੋਸ਼ੀ ਹਨ, ਉਨ੍ਹਾਂ ਵਲੋਂ ਸਾਡੇ ’ਤੇ ਲਗਾਤਾਰ ਫੈਂਸਲਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਫੈਂਸਲਾ ਨਾ ਕਰਨ ਦੀ ਸੂਰਤ ’ਚ ਜਾਨੀ ਮਾਲੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆ ਜਾ ਰਹੀਆਂ ਹਨ। 

ਇਹ ਵੀ ਪੜ੍ਹੋ- ਹਰੀਕੇ ਝੀਲ 'ਤੇ ਪ੍ਰਵਾਸੀ ਪੰਛੀਆਂ ਦੀਆਂ ਲੱਗੀਆਂ ਰੌਣਕਾਂ, ਗਿਣਤੀ ’ਚ ਹੋ ਰਿਹੈ ਲਗਾਤਾਰ ਵਾਧਾ

ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਕੁਝ ਰਾਜਸੀ ਲੀਡਰ ਵੀ ਸਾਡੇ ’ਤੇ ਫ਼ੈਸਲੇ ਦਾ ਦਬਾਅ ਬਣਾ ਰਹੇ ਹਨ ਪਰ ਅਸੀਂ ਕਿਸੇ ਵੀ ਕੀਮਤ ’ਤੇ ਫ਼ੈਸਲਾ ਨਹੀ ਕਰਾਂਗੇ। ਐੱਨ.ਆਰ.ਆਈ.ਰੰਧਾਵਾ ਨੇ ਕਿਹਾ ਕਿ 30 ਨਵੰਬਰ ਤੱਕ ਜੇਕਰ ਪੁਲਸ ਨੇ ਸ਼ਰਾਬ ਠੇਕੇਦਾਰ ਦੇ ਮੁੱਖ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤਾ ਅਤੇ ਸਾਡੀ ਧਿਰ ਦੇ ਵਿਅਕਤੀਆਂ ’ਤੇ ਦਰਜ ਕੀਤਾ ਪਰਚਾ ਖਾਰਜ ਨਾ ਹੋਇਆ ਤਾਂ ਫਿਰ ਅਸੀਂ ਬੁੱਧਵਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਸਥਿਤ ਕੋਠੀ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠ ਜਾਵਾਂਗੇ।  ਜਿਸ ਤੋਂ ਬਾਅਦ ਪੈਦਾ ਹੋਣ ਵਾਲੀ ਹਰ ਤਰਾਂ ਦੀ ਸਥਿਤ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਹੀ ਜ਼ਿੰਮੇਵਾਰ ਹੋਵੇਗੀ। 

ਸ਼੍ਰੋਮਣੀ ਅਕਾਲੀ ਦਲ ਐੱਨ.ਆਰ.ਆਈ.ਪਰਿਵਾਰ ਦੇ ਹੱਕ ’ਚ ਨਿੱਤਰਿਆ

ਓਧਰ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਵੀ ਇਕ ਵੀਡੀਓ ਜਾਰੀ ਕਰਕੇ ਐੱਨ.ਆਰ.ਆਈ.ਪਰਿਵਾਰ ਵਲੋਂ ਵਿੱਢੇ ਜਾਣ ਵਾਲੇ ਹਰ ਤਰਾਂ ਦੇ ਸੰਘਰਸ਼ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਸਮੱਰਥਣ ਦੇਣ ਦੇ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਤਾ ’ਚ ਲਿਆਉਣ ਵਾਲੇ ਐੱਨ.ਆਰ.ਆਈਜ.ਨੂੰ ਜੇਕਰ ਇਨਸਾਫ਼ ਹਾਸਲ ਕਰਨ ਲਈ ਮੁੱਖ ਮੰਤਰੀ ਦੀ ਕੋਠੀ ਬਾਹਰ ਭੁੱਖ ਹੜਤਾਲ ’ਤੇ ਬੈਠਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਤਾਂ ਫਿਰ ਆਮ ਲੋਕਾਂ ਦੇ ਕੀ ਹਾਲਾਤ ਹੋਣਗੇਂ ਇਹ ਬਿਆਨ ਕਰਨਾ ਕੋਈ ਬਹੁਤਾ ਅੋਖਾ ਨਹੀਂ। ਤਲਬੀਰ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਐੱਨ.ਆਰ.ਆਈ.ਪਰਿਵਾਰ ਨਾਲ ਚਟਾਨ ਦੀ ਤਰਾਂ ਖੜ੍ਹਾ ਹੈ ਅਤੇ ਹਰੇਕ ਸੰਘਰਸ਼ ’ਚ ਪੂਰਾ ਸਹਿਯੋਗ ਕਰੇਗਾ। 

                    


Shivani Bassan

Content Editor

Related News