ਪਿੰਡ ਡਡਵਾਂ ’ਚ ਹੋਏ ਕਤਲ ਦੀ ਸੁਲਝੀ ਗੁੱਥੀ, ਪੁਲਸ ਨੇ 6 ਦੋਸ਼ੀਆਂ ਨੂੰ ਕੀਤਾ ਕਾਬੂ

01/13/2021 2:24:38 PM

ਧਾਰੀਵਾਲ (ਜਵਾਹਰ): ਪੁਲਸ ਸਟੇਸ਼ਨ ਧਾਰੀਵਾਲ ਦੇ ਅਧੀਨ ਪੈਦੇ ਪਿੰਡ ਡਡਵਾਂ ’ਚ ਹੋਏ ਇਕ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਸ ਨੇ ਸੱਤ ਦੋਸ਼ੀਆਂ ’ਚੋਂ ਛੇ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਜਦਕਿ ਇਸ ਕੇਸ ’ਚ ਸਰਪੰਚ ਅਜੇ ਵੀ ਫਰਾਰ ਹੈ। ਸਥਾਨਕ ਦਫ਼ਤਰ ’ਚ ਜ਼ਿਲ੍ਹਾ ਪੁਲਸ ਮੁਖੀ ਡਾ.ਰਾਜਿੰਦਰ ਸਿੰਘ ਸੋਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 4-1-20 ਨੂੰ ਧਾਰੀਵਾਲ ਦੇ ਪਿੰਡ ਡਡਵਾਂ ’ਚ ਰੌਕਾ ਮਸੀਹ ਪੁੱਤਰ ਡੇਵਿਡ ਮਸੀਹ ਦਾ ਪੁਰਾਣੀ ਰੰਜਿਸ ਹੋਣ ਕਰਕੇ ਕਤਲ ਹੋ ਗਿਆ ਸੀ। ਜਿਸ ’ਤੇ ਮ੍ਰਿਤਕ ਰੌਂਕਾ ਮਸੀਹ ਦੇ ਭਰਾ ਲੱਕੀ ਦੇ ਬਿਆਨਾਂ ’ਤੇ ਪ੍ਰਿੰਸ ਪੁੱਤਰ ਬਿੱਟੂ, ਵਿੱਕੀ ਪੁੱਤਰ ਮੰਗਾ ਮਸੀਹ, ਲਖਬੀਰ ਸਿੰਘ ਉਰਫ ਕਾਲੂ ਪੁੱਤਰ ਗੁਰਮੇਜ ਸਿੰਘ, ਗਗਨਦੀਪ ਸਿੰਘ ਉਰਫ ਗਗਨ ਪੁੱਤਰ ਗੁਰਮੇਜ ਸਿੰਘ, ਲਵਪ੍ਰੀਤ ਸਿੰਘ ਮਾਜੂਦਾ ਸਰਪੰਚ ਵਾਸੀਅਨ ਡਡਵਾਂ ਅਤੇ ਇਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। 

ਜ਼ਿਲ੍ਹਾ ਪੁਲਸ ਮੁਖੀ ਡਾ.ਸੋਹਲ ਨੇ ਦੱਸਿਆ ਕਿ ਮਾਮਲਾ ਸਨਸਨੀ ਖੇਜ ਹੋਣ ਕਰਕੇ ਪੁਲਸ ਮੁਖੀ ਇੰਨਵੈਸਟੀਗੇਸਨ ਹਰਵਿੰਦਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਡੀ.ਐੱਸ.ਪੀ. ਇੰਨਵੈਸਟੀਗੇਸ਼ਨ ਰਾਜੇਸ਼ ਕੱਕੜ, ਸੀ.ਆਈ.ਏ ਸਟਾਫ਼ ਇੰਚਾਰਜ ਪ੍ਰਭਜੋਤ ਸਿੰਘ, ਡੀ.ਐੱਸ.ਪੀ. ਦਿਹਾਤੀ ਕੁਲਵਿੰਦਰ ਸਿੰਘ ਵਿਰਕ ਅਤੇ ਥਾਣਾ ਧਾਰੀਵਾਲ ਦੇ ਇੰਚਾਰਜ ਮਨਜੀਤ ਸਿੰਘ ਦੀ ਅਗਵਾਈ ਵਿਚ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਗਠਿਤ ਕੀਤੀਆਂ ਗਈਆਂ।  

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਲੱਕੀ ਦੇ ਬਿਆਨਾਂ ’ਤੇ ਰਣਯੋਧ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਕੰਗ ਅਤੇ ਲਵਪ੍ਰੀਤ ਪੁੱਤਰ ਹੀਰਾ ਮਸੀਹ ਵਾਸੀ ਡਡਵਾਂ ਨੂੰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸੀ ਪ੍ਰਿੰਸ ਪੁੱੱਤਰ ਬਿੱਟੂ ਪਿੰਡ ਡਡਵਾਂ ਨੂੰ ਤਾਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਦਕਿ ਅੱਜ ਰਣਯੋਧ ਸਿੰਘ, ਲਵਪ੍ਰੀਤ ਸਿੰਘ, ਵਿੱਕੀ, ਲਖਬੀਰ ਸਿੰਘ ਉਰਫ ਕਾਲੂ, ਗਗਨਦੀਪ ਸਿੰਘ ਉਰਫ ਗਗਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਮੁਕੱਦਮੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਜਦਕਿ ਰਹਿੰਦਾ ਦੋਸ਼ੀ ਸਰਪੰਚ ਲਵਪ੍ਰੀਤ ਸਿੰਘ ਵਾਸੀ ਡਡਵਾਂ ਦੀ ਗ੍ਰਿਫ਼ਤਾਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Shyna

Content Editor

Related News