ਨਗਰ ਕੌਂਸਲ ਦੇ ਪ੍ਰਧਾਨ ਤੇ ਯੂਥ ਕਾਂਗਰਸੀ ਨੇਤਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਮੰਗੀ ਫਿਰੌਤੀ, ਮਾਮਲਾ ਦਰਜ
Thursday, Aug 04, 2022 - 04:08 PM (IST)
ਗੁਰਦਾਸਪੁਰ (ਵਿਨੋਦ) - ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਅਤੇ ਯੂਥ ਕਾਂਗਰਸੀ ਨੇਤਾ ਨਕੁਲ ਮਹਾਜਨ ਨੂੰ ਫੋਨ ’ਤੇ ਧਮਕੀਆਂ ਦੇਣ ਅਤੇ ਫਿਰੌਤੀ ਦੀ ਮੰਗ ਕਰਨ ਵਾਲੇ ਦੋਸ਼ੀ ਖ਼ਿਲਾਫ਼ ਸਿਟੀ ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀ ਦੀ ਤਾਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਯੂਥ ਕਾਂਗਰਸੀ ਨੇਤਾ ਨਕੁਲ ਮਹਾਜਨ ਪੁੱਤਰ ਜੁਗਲ ਕਿਸ਼ੋਰ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਗੁਰਦਾਸਪੁਰ ਮੰਡਲ ਦਾ ਯੂਥ ਕਾਂਗਰਸ ਦਾ ਪ੍ਰਧਾਨ ਹੈ ਅਤੇ ਲੰਮੇ ਸਮੇਂ ਤੋਂ ਕਾਂਗਰਸ ਦੇ ਨਾਲ ਸਬੰਧ ਰੱਖਦਾ ਹੈ।
ਉਸ ਨੇ ਕਿਹਾ ਕਿ ਇਸ ਸਾਲ ਮਾਰਚ ਮਹੀਨੇ ਤੋਂ ਉਸ ਨੂੰ ਅਤੇ ਉਸ ਦੇ ਸਾਥੀ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੂੰ ਲਗਾਤਾਰ ਫੋਨ ’ਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆ ਦੇਣ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਉਸ ਨੇ ਦੱਸਿਆ ਕਿ ਪਹਿਲਾਂ 15 ਮਾਰਚ 2022 ਨੂੰ ਉਸ ਨੂੰ ਲਵਪ੍ਰੀਤ ਸਿੰਘ ਉਰਫ ਨਵੀਂ ਪੁੱਤਰ ਅਮਰੀਕ ਸਿੰਘ ਵਾਸੀ ਸੈਨਪੁਰ ਨੇ ਮੋਬਾਇਲ ’ਤੇ ਧਮਕੀਆਂ ਦਿੱਤੀਆਂ। ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ’ਚ ਐੱਫ.ਆਈ.ਆਰ ਨੰਬਰ 38 ਮਿਤੀ 17-3-22 ਅਧੀਨ ਕੇਸ ਦਰਜ ਕੀਤਾ ਗਿਆ। ਉਸ ਦੇ ਬਾਅਦ ਉਕਤ ਦੋਸ਼ੀ ਵੱਲੋਂ 28 ਜੂਨ 2022 ਨੂੰ ਫਿਰ ਧਮਕੀਆਂ ਦਿੱਤੀਆਂ ਗਈਆਂ, 15 ਜੁਲਾਈ 2022 ਨੂੰ ਫਿਰ ਮੋਬਾਇਲ ਤੇ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕੀਤੀ ਗਈ।
ਉਸ ਨੇ ਕਿਹਾ ਕਿ 2 ਅਗਸਤ 2022 ਨੂੰ ਫਿਰ ਦੋਸ਼ੀਆਂ ਵੱਲੋਂ ਉਸ ਨੂੰ ਅਤੇ ਉਸ ਦੇ ਨਾਲ ਬਲਜੀਤ ਸਿੰਘ ਪਾਹੜਾ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕੀਤੀ ਗਈ। ਨਕੁਲ ਮਹਾਜਨ ਨੇ ਦੱਸਿਆ ਕਿ ਦੋਸ਼ੀ ਉਸ ਦੀ ਲੋਕੇਸ਼ਨ ਤੱਕ ਜਾਣਕਾਰੀ ਰੱਖਣ ਲੱਗੇ ਅਤੇ ਉਸ ਨੂੰ ਫੋਨ ’ਤੇ ਇਹ ਦੱਸਿਆ ਜਾਦਾ ਹੈ ਕਿ ਤੁਸੀ ਇਸ ਸਥਾਨ ’ਤੇ ਹੋਵੇ, ਤੁਹਾਡੇ ਤੇ ਹਮਲਾ ਕੀਤਾ ਜਾ ਸਕਦਾ ਹੈ। ਇਸ ਸਬੰਧੀ ਬੀਤੇ ਦਿਨੀਂ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਦੀਪਕ ਹਿਲੋਰੀ ਨਾਲ ਮਿਲ ਕੇ ਸਾਰੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਸਿਟੀ ਪੁਲਸ ਨੂੰ ਤੁਰੰਤ ਕਾਰਵਾਈ ਦਾ ਆਦੇਸ਼ ਦਿੱਤਾ।
ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ’ਚ ਤਾਇਨਾਤ ਸਬ ਇੰਸਪੈਕਟਰ ਹਰਮੇਸ ਕੁਮਾਰ ਨੇ ਦੱਸਿਆ ਕਿ ਨਕੁਲ ਮਹਾਜਨ ਦੀ ਸ਼ਿਕਾਇਤ ’ਤੇ ਜਾਂਚ ਪੜਤਾਲ ਕਰਕੇ ਦੋਸ਼ੀ ਲਵਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਖ਼ਿਲਾਫ਼ ਪਹਿਲਾ ਵੀ ਕਈ ਕੇਸ ਦਰਜ ਹਨ ਅਤੇ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।