ਕੈਨੇਡੀ ਐਵੇਨਿਊ ’ਚ ਨਗਰ ਨਿਗਮ ਦੀ ਵੱਡੀ ਕਾਰਵਾਈ, ਬਹੁਮੰਜ਼ਿਲਾ ਇਮਾਰਤ ਕੀਤੀ ਸੀਲ

Friday, Aug 14, 2026 - 10:50 AM (IST)

ਕੈਨੇਡੀ ਐਵੇਨਿਊ ’ਚ ਨਗਰ ਨਿਗਮ ਦੀ ਵੱਡੀ ਕਾਰਵਾਈ, ਬਹੁਮੰਜ਼ਿਲਾ ਇਮਾਰਤ ਕੀਤੀ ਸੀਲ

ਅੰਮ੍ਰਿਤਸਰ (ਰਮਨ)-ਸ਼ਹਿਰ ’ਚ ਨਾਜਾਇਜ਼ ਉਸਾਰੀਆਂ ਅਤੇ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਕੈਨੇਡੀ ਐਵੇਨਿਊ ਦੇ ਪਾਸ਼ ਇਲਾਕੇ ’ਚ ਇਕ ਬਹੁਮੰਜ਼ਿਲਾ ਇਮਾਰਤ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਹੁਕਮਾਂ ’ਤੇ ਐੱਮ. ਟੀ. ਪੀ. ਵਿਭਾਗ ਦੀ ਟੀਮ ਨੇ ਪੁਲਸ ਫੋਰਸ ਦੀ ਮੌਜੂਦਗੀ ’ਚ ਮੌਕੇ ’ਤੇ ਪਹੁੰਚ ਕੇ ਨਾਜਾਇਜ਼ ਉਸਾਰੀ ਨੂੰ ਲੈ ਕੇ ਕਾਰਵਾਈ ਕੀਤੀ ਅਤੇ ਇਮਾਰਤ ਨੂੰ ਸੀਲ ਕਰ ਦਿੱਤਾ। ਕਾਰਵਾਈ ਦੌਰਾਨ ਏ. ਟੀ. ਪੀ. ਅੰਗਦ ਸਿੰਘ, ਵਰਿੰਦਰ ਮੋਹਨ, ਪਰਮਿੰਦਰਜੀਤ ਸਿੰਘ ਅਤੇ ਮਨਜੀਤ ਸਿੰਘ ਦੇ ਨਾਲ ਬਿਲਡਿੰਗ ਇੰਸਪੈਕਟਰ ਅਤੇ ਪੁਲਸ ਫੋਰਸ ਵੀ ਹਾਜ਼ਰ ਰਹੀ। ਨਗਰ ਨਿਗਮ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਇਮਾਰਤ ਨਾਲ ਸਬੰਧਤ ਉਸਾਰੀ ਅਤੇ ਮਨਜ਼ੂਰੀਆਂ ਦੀ ਜਾਂਚ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੌਕੇ ’ਤੇ ਕੀਤੀ ਜਾ ਰਹੀ ਉਸਾਰੀ ਮਨਜ਼ੂਰ ਕੀਤੇ ਗਏ ਨਕਸ਼ੇ ਦੇ ਅਨੁਸਾਰ ਨਹੀਂ ਸੀ।

ਇਹ ਵੀ ਪੜ੍ਹੋ-ਪੰਜਾਬ 'ਚ 2 ਦਿਨ ਭਾਰੀ ਮੀਂਹ ਅਲਰਟ, ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ ਜਾਰੀ

ਪਾਸ ਨਕਸ਼ੇ ਤੋਂ ਵੱਧ ਕੀਤੀ ਜਾ ਰਹੀ ਸੀ ਉਸਾਰੀ

ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਇਮਾਰਤ ਦਾ ਨਕਸ਼ਾ ਪਹਿਲਾਂ ਪਾਸ ਕੀਤਾ ਗਿਆ ਸੀ, ਪਰ ਉਸ ਪਾਸ ਕੀਤੇ ਨਕਸ਼ੇ ਤੋਂ ਇਲਾਵਾ ਇਮਾਰਤ ’ਚ ਵਾਧੂ ਉਸਾਰੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀ ਉਚਾਈ ’ਚ ਵੀ ਮਨਜ਼ੂਰਸ਼ੁਦਾ ਹੱਦ ਦੇ ਮੁਕਾਬਲੇ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸਾਰੀ ਦੇ ਕੁਝ ਹਿੱਸਿਆਂ ’ਚ ਵੀ ਨਿਯਮਾਂ ਦੀ ਉਲੰਘਣਾ ਪਾਈ ਗਈ, ਜਿਸ ਕਾਰਨ ਵਿਭਾਗ ਵੱਲੋਂ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਗਿਆ। ਨਗਰ ਨਿਗਮ ਦੀ ਟੀਮ ਵੱਲੋਂ ਮੌਕੇ ’ਤੇ ਕਾਰਵਾਈ ਕਰਦਿਆਂ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪਾਸ ਨਕਸ਼ੇ ਤੋਂ ਹਟ ਕੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜੇਕਰ ਕਿਸੇ ਇਮਾਰਤ ’ਚ ਮਨਜ਼ੂਰ ਕੀਤੇ ਨਕਸ਼ੇ ਤੋਂ ਵੱਧ ਉਸਾਰੀ ਕੀਤੀ ਜਾਂਦੀ ਹੈ ਜਾਂ ਬਿਲਡਿੰਗ ਦੀ ਉਚਾਈ ’ਚ ਬਿਨਾਂ ਮਨਜ਼ੂਰੀ ਵਾਧਾ ਕੀਤਾ ਜਾਂਦਾ ਹੈ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-15 ਅਗਸਤ ਤੋਂ ਪਹਿਲਾਂ ਪੰਜਾਬ 'ਚ 2 ਵੱਡੇ ਨੈੱਟਵਰਕਾਂ ਦਾ ਪਰਦਾਫਾਸ਼, 5 ਮੁਲਜ਼ਮਾਂ ਕੋਲੋਂ...

ਨਾਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਚਿਤਾਵਨੀ

ਨਗਰ ਨਿਗਮ ਅਧਿਕਾਰੀਆਂ ਨੇ ਸ਼ਹਿਰ ਦੇ ਬਿਲਡਰਾਂ ਅਤੇ ਇਮਾਰਤ ਮਾਲਕਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਲੋੜੀਂਦੀ ਮਨਜ਼ੂਰੀ ਲੈਣ ਅਤੇ ਮਨਜ਼ੂਰ ਕੀਤੇ ਨਕਸ਼ੇ ਦੇ ਅਨੁਸਾਰ ਹੀ ਉਸਾਰੀ ਕਰਨ। ਅਧਿਕਾਰੀਆਂ ਨੇ ਕਿਹਾ ਕਿ ਪਾਸ ਨਕਸ਼ੇ ’ਚ ਦਰਸਾਈ ਗਈ ਹੱਦ ਤੋਂ ਵੱਧ ਉਸਾਰੀ ਕਰਨਾ ਨਿਯਮਾਂ ਦੀ ਉਲੰਘਣਾ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਨਾਜਾਇਜ਼ ਉਸਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿੱਥੇ ਵੀ ਬਿਨਾਂ ਮਨਜ਼ੂਰੀ ਉਸਾਰੀ ਜਾਂ ਪਾਸ ਨਕਸ਼ੇ ਤੋਂ ਵੱਖਰੀ ਉਸਾਰੀ ਸਾਹਮਣੇ ਆਵੇਗੀ, ਉੱਥੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-ਪੰਜਾਬ ਦਾ ਇਹ ਹਸਪਤਾਲ ਬਣਿਆ ਜੰਗ ਦਾ ਮੈਦਾਨ, ਦਰਜਨ ਲੋਕਾਂ ਨੇ ਵਿਅਕਤੀ ਨੂੰ ਕਰ'ਤਾ ਲਹੂ-ਲੁਹਾਣ

ਕਾਨੂੰਨੀ ਕਾਰਵਾਈ ਤੋਂ ਵੀ ਨਹੀਂ ਕੀਤਾ ਜਾਵੇਗਾ ਗੁਰੇਜ਼

ਨਗਰ ਨਿਗਮ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਸਿਰਫ਼ ਇਮਾਰਤ ਨੂੰ ਸੀਲ ਕਰਨ ਤੱਕ ਹੀ ਕਾਰਵਾਈ ਸੀਮਤ ਨਹੀਂ ਰਹੇਗੀ। ਜੇਕਰ ਨਾਜਾਇਜ਼ ਉਸਾਰੀ ਕਰਨ ਵਾਲੇ ਵਿਅਕਤੀਆਂ ਵੱਲੋਂ ਨਿਯਮਾਂ ਦੀ ਉਲੰਘਣਾ ਜਾਰੀ ਰੱਖੀ ਗਈ ਜਾਂ ਸੀਲ ਕੀਤੀ ਗਈ ਇਮਾਰਤ ਨਾਲ ਛੇੜਛਾੜ ਕੀਤੀ ਗਈ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਹੁਕਮਾਂ ’ਤੇ ਹੋਈ ਇਸ ਕਾਰਵਾਈ ਤੋਂ ਬਾਅਦ ਨਾਜਾਇਜ਼ ਉਸਾਰੀ ਕਰਨ ਵਾਲਿਆਂ ’ਚ ਹਲਚਲ ਦੇਖਣ ਨੂੰ ਮਿਲ ਰਹੀ ਹੈ। ਵਿਭਾਗ ਨੇ ਦੁਹਰਾਇਆ ਹੈ ਕਿ ਸ਼ਹਿਰ ’ਚ ਬਿਲਡਿੰਗ ਨਿਯਮਾਂ ਦੀ ਉਲੰਘਣਾ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ’ਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

ਇਹ ਵੀ ਪੜ੍ਹੋ-ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਹੋਣਗੇ ਹੋਰ ਸੁਖਾਲੇ, ਰੇਲਵੇ ਨੇ ਲਿਆ ਅਹਿਮ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News