ਨਗਰ ਨਿਗਮ ਦਾ ਗੈਰ-ਕਾਨੂੰਨੀ ਡੇਅਰੀਆਂ ’ਤੇ ਸ਼ਿਕੰਜਾ; 6 ਡੇਅਰੀਆਂ ਕਰਵਾਈਆਂ ਖਾਲੀ, ਪਸ਼ੂ ਭੇਜੇ ਗਊਸ਼ਾਲਾ

Saturday, Sep 19, 2026 - 11:27 AM (IST)

ਨਗਰ ਨਿਗਮ ਦਾ ਗੈਰ-ਕਾਨੂੰਨੀ ਡੇਅਰੀਆਂ ’ਤੇ ਸ਼ਿਕੰਜਾ; 6 ਡੇਅਰੀਆਂ ਕਰਵਾਈਆਂ ਖਾਲੀ, ਪਸ਼ੂ ਭੇਜੇ ਗਊਸ਼ਾਲਾ

ਅੰਮ੍ਰਿਤਸਰ (ਰਮਨ)- ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੀ ਹੱਦ ਅੰਦਰ ਚੱਲ ਰਹੀਆਂ ਗੈਰ-ਕਾਨੂੰਨੀ ਪਸ਼ੂ ਡੇਅਰੀਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੇਂਦਰੀ ਜ਼ੋਨ ਦੇ ਵਾਰਡ ਨੰਬਰ 60, 58 ਅਤੇ 69 ’ਚ ਵਿਸ਼ੇਸ਼ ਮੁਹਿੰਮ ਚਲਾਈ ਗਈ। ਕਾਰਵਾਈ ਦੌਰਾਨ ਨਗਰ ਨਿਗਮ ਦੀਆਂ ਟੀਮਾਂ ਨੇ 6 ਗੈਰ-ਕਾਨੂੰਨੀ ਪਸ਼ੂ ਡੇਅਰੀਆਂ ਖਾਲੀ ਕਰਵਾਈਆਂ, ਜਦਕਿ ਮੌਕੇ ਤੋਂ ਇੰਪਾਊਂਡ ਕੀਤੇ ਗਏ ਪਸ਼ੂਆਂ ਨੂੰ ਨਿਰਧਾਰਤ ਗਊਸ਼ਾਲਾ ’ਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਇਕ ਹੋਰ ਵੱਡੀ ਵਾਰਦਾਤ; ਡਿਲੀਵਰੀ ਬੁਆਏ ਦਾ ਪੁਲਸ ਥਾਣੇ ਕੋਲ ਗੋਲੀਆਂ ਮਾਰ ਕੇ ਕਤਲ

ਕਾਰਵਾਈ ਨੂੰ ਅਮਲੀ ਰੂਪ ਦੇਣ ਲਈ ਡਿਊਟੀ ਮੈਜਿਸਟ੍ਰੇਟ ਅੰਗਦ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਕੇਂਦਰੀ ਜ਼ੋਨ, ਕੇਟਲ ਇੰਪਾਊਂਡ ਟੀਮ, ਨਗਰ ਨਿਗਮ ਪੁਲਸ ਫੋਰਸ ਅਤੇ ਕਮਿਸ਼ਨਰੇਟ ਪੁਲਸ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਮੋਰਚਾ ਸੰਭਾਲਿਆ। ਨਗਰ ਨਿਗਮ ਅਧਿਕਾਰੀਆਂ ਅਨੁਸਾਰ ਸ਼ਹਿਰ ਦੀ ਹੱਦ ਅੰਦਰ ਗੈਰ-ਕਾਨੂੰਨੀ ਢੰਗ ਨਾਲ ਚਲਾਈਆਂ ਜਾ ਰਹੀਆਂ ਪਸ਼ੂ ਡੇਅਰੀਆਂ ਕਾਰਨ ਸਫ਼ਾਈ, ਸੀਵਰੇਜ, ਜਨਤਕ ਸਿਹਤ ਅਤੇ ਆਮ ਲੋਕਾਂ ਦੀਆਂ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਅਜਿਹੀਆਂ ਡੇਅਰੀਆਂ ਨੂੰ ਸ਼ਹਿਰ ਦੀ ਹੱਦ ਤੋਂ ਬਾਹਰ ਤਬਦੀਲ ਕਰਵਾਉਣ ਲਈ ਨਗਰ ਨਿਗਮ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- SGPC ਦੀ ਵੱਡੀ ਕਾਰਵਾਈ, ਐਡੀਸ਼ਨਲ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਤੇ ਡਰਾਈਵਰ ਮੋਹਣ ਸਿੰਘ ਮੁਅੱਤਲ

ਡੇਅਰੀ ਮਾਲਕਾਂ ਵੱਲੋਂ ਵਿਰੋਧ, ਪੁਲਸ ਦੀ ਮੌਜੂਦਗੀ ’ਚ ਕਾਰਵਾਈ ਜਾਰੀ ਕਾਰਵਾਈ ਦੌਰਾਨ ਕੁਝ ਡੇਅਰੀ ਮਾਲਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਪਰ ਨਗਰ ਨਿਗਮ ਅਤੇ ਪੁਲਸ ਦੀਆਂ ਟੀਮਾਂ ਨੇ ਸਥਿਤੀ ਨੂੰ ਕਾਬੂ ’ਚ ਰੱਖਦਿਆਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਾਰਵਾਈ ਜਾਰੀ ਰੱਖੀ। ਅਧਿਕਾਰੀਆਂ ਦੀ ਟੀਮ ਨੇ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਮੁਕੰਮਲ ਕਰਦਿਆਂ ਗੈਰ-ਕਾਨੂੰਨੀ ਡੇਅਰੀਆਂ ਖਾਲੀ ਕਰਵਾਈਆਂ ਅਤੇ ਪਸ਼ੂਆਂ ਨੂੰ ਨਿਰਧਾਰਤ ਗਊਸ਼ਾਲਾ ’ਚ ਭੇਜਿਆ।

ਬਾਕੀ ਡੇਅਰੀ ਮਾਲਕਾਂ ਨੂੰ ਸਖ਼ਤ ਚਿਤਾਵਨੀ

ਨਗਰ ਨਿਗਮ ਪ੍ਰਸ਼ਾਸਨ ਨੇ ਸ਼ਹਿਰ ਦੀ ਹੱਦ ਅੰਦਰ ਗੈਰ-ਕਾਨੂੰਨੀ ਤਰੀਕੇ ਨਾਲ ਪਸ਼ੂ ਡੇਅਰੀਆਂ ਚਲਾਉਣ ਵਾਲਿਆਂ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਪਸ਼ੂ ਨਗਰ ਨਿਗਮ ਦੀ ਹੱਦ ਤੋਂ ਬਾਹਰ ਨਿਰਧਾਰਤ ਸਥਾਨਾਂ ’ਤੇ ਤਬਦੀਲ ਕਰਨ ਅਤੇ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਕਿਸੇ ਇਕ ਇਲਾਕੇ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਲਗਾਤਾਰ ਜਾਰੀ ਰਹੇਗੀ।

ਨਗਰ ਨਿਗਮ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਡੇਅਰੀ ਮਾਲਕ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਜਾਂ ਕਾਰਵਾਈ ਤੋਂ ਬਾਅਦ ਮੁੜ ਨਗਰ ਨਿਗਮ ਦੀ ਹੱਦ ਅੰਦਰ ਪਸ਼ੂ ਰੱਖਦਾ ਹੈ ਤਾਂ ਉਸ ਵਿਰੁੱਧ ਲਾਗੂ ਕਾਨੂੰਨਾਂ ਅਤੇ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰ ’ਚ ਗੈਰ-ਕਾਨੂੰਨੀ ਡੇਅਰੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਨਿਰੰਤਰ ਕਾਰਵਾਈ ਕੀਤੀ ਜਾਵੇ ਅਤੇ ਹਾਈਕੋਰਟ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਈ ਜਾਵੇ। ਇਸ ਕਾਰਵਾਈ ਦੌਰਾਨ ਸਿਹਤ ਅਫ਼ਸਰ ਡਾ. ਕਿਰਨ, ਸੀ. ਐੱਸ. ਓ. ਜਤਿੰਦਰ ਪਾਲ ਸਿੰਘ ਬੱਬਰ, ਸੀ. ਐੱਸ. ਆਈ. ਸਰਬਜੀਤ ਸਿੰਘ, ਰਵਿੰਦਰ ਕੁਮਾਰ, ਰਵਿੰਦਰਜੀਤ ਸਿੰਘ, ਬਲਰਾਮ ਅਠਵਾਲ, ਸੈਨੇਟਰੀ ਇੰਸਪੈਕਟਰ ਤਜਿੰਦਰ ਕੁਮਾਰ ਸਮੇਤ ਨਗਰ ਨਿਗਮ ਦਾ ਸੁਪਰਵਾਈਜ਼ਰੀ ਸਟਾਫ਼ ਅਤੇ ਹੋਰ ਸਬੰਧਤ ਕਰਮਚਾਰੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News