ਮੋਟਰਸਾਈਕਲ ਚੋਰੀ ਕਰਕੇ ਉਸ ਦਾ ਸਾਮਾਨ ਵੇਚਣ ਵਾਲੇ ਦੋ ਨੌਜਵਾਨ ਪੁਲਸ ਵੱਲੋਂ ਕਾਬੂ

06/06/2022 11:00:49 AM

ਬਹਿਰਾਮਪੁਰ (ਗੋਰਾਇਆ) - ਮੋਟਰਸਾਈਕਲ ਚੋਰੀ ਕਰਕੇ ਉਸ ਦਾ ਸਾਮਾਨ ਕਬਾੜ ਦੀ ਦੁਕਾਨ ’ਤੇ ਵੇਚਣ ਵਾਲੇ ਦੋ ਨੌਜਵਾਨ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਕੇ ਥਾਣਾ ਬਹਿਰਾਮਪੁਰ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਸਟੀਫਨ ਮਸੀਹ ਉਰਫ ਹੈਪੀ ਪੁੱਤਰ ਸੋਹਣ ਮਸੀਹ ਵਾਸੀ ਮਹਿਤਾਬਪੁਰ ਥਾਣਾ ਮੁਕੇਰੀਆਂ ਹਾਲ ਵਾਸੀ ਮੁਹੱਲਾ ਬਹਿਰਾਮਪੁਰ ਤੇ ਜੋਨੀ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਬਹਿਰਾਮਪੁਰ ਮੋਟਰਸਾਈਕਲ ਚੋਰੀ ਕਰਨ ਦੇ ਆਦਿ ਹਨ।

ਉਕਤ ਨੌਜਵਾਨ ਚੋਰੀ ਕੀਤੇ ਮੋਟਰਸਾਈਕਲਾਂ ਦਾ ਸਾਮਾਨ ਰਮੇਸ਼ ਕੁਮਾਰ ਪੁੱਤਰ ਨਥਾਨੀਅਲ ਵਾਸੀ ਮੁਹੱਲਾ ਬਹਿਰਾਮਪੁਰ, ਜੋ ਕਬਾੜ ਦੀ ਦੁਕਾਨ ਕਰਦਾ ਹੈ, ਨੂੰ ਵੇਚਦੇ ਹਨ। ਇਨ੍ਹਾਂ ਨੌਜਵਾਨਾਂ ਨੇ ਮੋਟਰਸਾਈਕਲ ਨੰਬਰ ਪੀਬੀ06ਏ.ਪੀ 3209 ਸਪਲੈਂਡਰ ਦੋਦਵਾਂ ਮੇਲੇ ਵਿਚੋਂ ਚੋਰੀ ਕੀਤਾ ਹੈ ਤੇ ਰਮੇਸ਼ ਕਬਾੜੀਆਂ ਨੂੰ ਉਸ ਦੀ ਦੁਕਾਨ ’ਤੇ ਵੇਚਣ ਜਾ ਰਹੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਪੁਲਸ ਪਾਰਟੀ ਨਾਲ ਨਾਕਾਬੰਦੀ ਕਰਕੇ ਮੋਟਰਸਾਈਕਲ ’ਤੇ ਸਵਾਰ ਦੋਵਾਂ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਲਿਆ। 

ਇਸ ਦੌਰਾਨ ਜਦੋਂ ਉਨ੍ਹਾਂ ਨੇ ਨੌਜਵਾਨਾਂ ਤੋਂ ਮੋਟਰਸਾਈਕਲ ਦੇ ਕਾਗਜ਼ਾਂ ਦੀ ਮੰਗ ਕੀਤੀ ਤਾਂ ਉਹ ਕੋਈ ਤਸੱਲੀ ਬਖ਼ਸ ਜਵਾਬ ਨਹੀਂ ਦੇ ਸਕੇ ਅਤੇ ਨਾ ਹੀ ਮੋਟਰਸਾਈਕਲ ਦੇ ਕਾਗਜ਼ ਪੇਸ਼ ਕਰ ਸਕੇ। ਸਖ਼ਤੀ ਨਾਲ ਪੁੱਛਗਿਛ ਕਰਨ ’ਤੇ ਨੌਜਵਾਨਾਂ ਨੇ ਦੱਸਿਆ ਕਿ ਇਹ ਮੋਟਰਸਾਈਕਲ ਕੁਝ ਦਿਨ ਪਹਿਲਾਂ ਹੀ ਦੋਦਵਾਂ ਮੇਲੇ ਦੌਰਾਨ ਚੋਰੀ ਕੀਤਾ ਸੀ, ਜਿਸ ਨੂੰ ਉਹ ਵੇਚਣ ਜਾ ਰਹੇ ਹਨ। ਪੁਲਸ ਨੇ ਦੋਵਾਂ ਨੌਜਵਾਨਾਂ ਨੂੰ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ। 


rajwinder kaur

Content Editor

Related News