ਕਿਸਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਿਆ ਜਾਵੇਗਾ : ਖੁਡੀਆਂ

Sunday, Aug 06, 2023 - 10:54 AM (IST)

ਅੰਮ੍ਰਿਤਸਰ (ਜ.ਬ.)- ਖੇਤੀਬਾੜੀ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਾਝੇ ਦੇ ਖ਼ੇਤੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸੱਦਾ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿਚੋਂ ਕੱਢਕੇ ਸਹਾਇਕ ਧੰਦਿਆਂ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਕਣਕ-ਝੋਨੇ ਦਾ ਫ਼ਸਲੀ ਚੱਕਰ ਕਿਸਾਨਾਂ ਨੂੰ ਆਰਥਿਕ ਤੌਰ ਉਤੇ ਉਨ੍ਹਾਂ ਖੁਸ਼ਹਾਲ ਨਹੀਂ ਕਰ ਸਕਦਾ, ਜਿੰਨਾ ਕਿ ਸਹਾਇਕ ਧੰਦੇ, ਕਿਉਂਕਿ ਹਰੇਕ ਘਰ ਦਾ ਰੋਜ਼ਾਨਾ ਖ਼ਰਚਾ ਹੈ, ਜਿਸ ਨੂੰ ਸਹਾਇਕ ਧੰਦਿਆਂ ਦੀ ਮਦਦ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਖ਼ੇਤੀ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਦੀ ਆਰਥਿਕਤਾ ਪੂਰੀ ਤਰ੍ਹਾਂ ਖ਼ੇਤੀ ਨਾਲ ਜੁੜੀ ਹੋਈ ਹੈ, ਜੇਕਰ ਪੰਜਾਬ ਦਾ ਕਿਸਾਨ ਖੁਸ਼ਹਾਲ ਹੁੰਦਾ ਹੈ ਤਾਂ ਹਰੇਕ ਵਰਗ ਚਾਹੇ ਉਹ ਵਪਾਰੀ ਹੋਵੇ, ਸਨਅਤਕਾਰ ਹੋਵੇ, ਦੁਕਾਨਦਾਰ ਹੋਵੇ ਜਾਂ ਕਿਰਤੀ ਲੋਕ, ਹਰੇਕ ਦੀ ਜੇਬ ਵਿਚ ਪੈਸਾ ਆਉਂਦਾ ਹੈ, ਇਸ ਲਈ ਰਾਜ ਦੇ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਸਾਡੀ ਤਰਜੀਹ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਫਿਰ ਤੋਂ ਨਸ਼ਾ ਤਸਕਰੀ ਦਾ ਕੀਤਾ ਪਰਦਾਫ਼ਾਸ਼, ਚਾਰ ਕਿਲੋ ਹੈਰੋਇਨ ਕੀਤੀ ਜ਼ਬਤ

ਉਨ੍ਹਾਂ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਖ਼ੇਤੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਦੋਵਾਂ ਜ਼ਿਲ੍ਹਿਆਂ ਵਿਚੋਂ ਘੱਟੋ-ਘੱਟ 3000 ਕਿਸਾਨਾਂ ਨੂੰ ਰਵਾਇਤੀ ਖ਼ੇਤੀ ਵਿਚੋਂ ਕੱਢ ਕੇ ਸਹਾਇਕ ਧੰਦਿਆਂ ਨਾਲ ਜੋੜਨ ਦਾ ਟੀਚਾ ਦਿੱਤਾ ਤੇ ਕਿਹਾ ਕਿ ਜੇਕਰ ਤੁਸੀਂ ਇਹ ਕੰਮ ਕਰ ਦਿੰਦੇ ਹੋਏ ਤਾਂ ਇਨ੍ਹਾਂ ਕਿਸਾਨਾਂ ਦੀ ਸਫ਼ਲਤਾ ਵੇਖ ਹੋਰ ਕਿਸਾਨ ਆਪਣੇ ਆਪ ਸਹਾਇਕ ਧੰਦਿਆਂ ਵੱਲ ਖਿੱਚੇ ਜਾਣਗੇ, ਜੋ ਕਿ ਕੇਵਲ ਉਨਾਂ ਨੂੰ ਖੁਸ਼ਹਾਲ ਨਹੀਂ ਕਰਨਗੇ, ਸਗੋਂ ਸਮੁੱਚੇ ਇਲਾਕੇ ਵਿਚ ਆਰਥਿਕ ਖੁਸ਼ਹਾਲੀ ਆਵੇਗੀ।

ਇਹ ਵੀ ਪੜ੍ਹੋ- ਕੈਨੇਡਾ 'ਚ ਮ੍ਰਿਤਕ ਨੌਜਵਾਨ ਦੀ ਪਿੰਡ ਪੁੱਜੀ ਦੇਹ, ਭੈਣਾਂ ਨੇ ਸਿਹਰਾ ਸਜਾ ਤੇ ਰੱਖੜੀ ਬੰਨ੍ਹ ਦਿੱਤੀ ਅੰਤਿਮ ਵਿਦਾਈ

ਹੜ੍ਹਾਂ ਨਾਲ ਪ੍ਰਭਾਵਿਤ ਹੋਈਆਂ ਫ਼ਸਲਾਂ ਦਾ ਬਿਊਰਾ ਦਿੰਦੇ ਖੇਤੀ ਮੰਤਰੀ ਨੇ ਦੱਸਿਆ ਕਿ ਫਿਲਹਾਲ ਵਿਸ਼ੇਸ਼ ਗਿਰਦਾਵਰੀ ਚੱਲ ਰਹੀ ਹੈ, ਪਰ ਹੁਣ ਤੱਕ ਪ੍ਰਾਪਤ ਸੂਚਨਾ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੀ ਕਰੀਬ 5000 ਏਕੜ ਫ਼ਸਲ ਹੜ੍ਹਾਂ ਨਾਲ ਪ੍ਰਭਾਵਿਤ ਹੋਈ ਹੈ, ਜਿਸ ਵਿਚੋਂ ਚਾਰ ਹਜ਼ਾਰ ਏਕੜ ਰਕਬਾ ਇਕੱਲਾ ਅਜਨਾਲਾ ਤਹਿਸੀਲ ਦਾ ਹੈ। ਇਸੇ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਵਿਚ 14125 ਹੈਕਟੇਅਰ ਰਕਬਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਵਿਚੋਂ 12700 ਹੈਕਟੇਅਰ ਰਕਬਾ ਬਾਸਮਤੀ ਤੇ ਝੋਨੇ ਦਾ ਹੈ। ਖੇਤੀ ਮੰਤਰੀ ਨੇ 15 ਅਗਸਤ ਤੱਕ ਸਾਰੇ ਪ੍ਰਭਾਵਿਤ ਇਲਾਕੇ ਦੀ ਗਿਰਦਾਵਰੀ ਪੂਰੀ ਕਰਨ ਦਾ ਹਦਾਇਤ ਕਰਦੇ ਕਿਹਾ ਕਿ ਮੁੱਖ ਮਤੰਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਹਰੇਕ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਇਸ ਲਈ ਇਹ ਕੰਮ ਤਰਜੀਹ ਅਧਾਰ ਉਤੇ ਪੂਰਾ ਕੀਤਾ ਜਾਵੇ। ਉਨ੍ਹਾਂ ਹੜ੍ਹ ਪ੍ਰਭਾਵਿਤ ਕਿਸਾਨਾਂ, ਖੇਤ ਮਜ਼ਦੂਰਾਂ ਤੇ ਆਮ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਵੀ ਅਧਿਕਾਰੀਆਂ ਨੂੰ ਕੀਤੀ।

ਇਹ ਵੀ ਪੜ੍ਹੋ- ਆਈ ਫਲੂ ਦੀ ਲਪੇਟ 'ਚ ਆਇਆ ਪੰਜਾਬ ਦਾ ਇਹ ਜ਼ਿਲ੍ਹਾ, 80 ਫ਼ੀਸਦੀ ਬੱਚੇ-ਬਜ਼ੁਰਗ ਹੋ ਚੁੱਕੇ ਪ੍ਰਭਾਵਿਤ

ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐੱਸ. ਡੀ. ਐੱਮ. ਮਨਕੰਵਲ ਸਿੰਘ ਚਾਹਲ, ਮੁੱਖ ਖੇਤੀਬਾੜੀ ਅਧਿਕਾਰੀ ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News