ਮਿੰਨੀ ਬੱਸ ਆਪ੍ਰੇਟਰਾਂ ਵਲੋਂ ਪੰਜਾਬ ਸਰਕਾਰ ਖਿਲਾਫ ਮੋਰਚਾ
Thursday, Jun 04, 2020 - 08:53 PM (IST)
ਅੰਮ੍ਰਿਤਸਰ, (ਛੀਨਾ)— ਮਿੰਨੀ ਬੱਸਾਂ ਦੇ ਪਰਮਿਟ ਰੀਨੀਓ ਨਾ ਕੀਤੇ ਜਾਣ ਦੇ ਰੋਸ 'ਚ ਮਿੰਨੀ ਬੱਸਾਂ ਵਾਲਿਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਹੈ। ਅੱਜ ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਬੱਬੂ ਦੀ ਅਗਵਾਈ ਹੇਠ ਸਥਾਨਕ ਬਸ ਸਟੈਂਡ ਵਿਖੇ ਵੱਡੀ ਗਿਣਤੀ 'ਚ ਇਕੱਠੇ ਹੋਏ ਮਿੰਨੀ ਬੱਸਾਂ ਵਾਲਿਆਂ ਨੇ ਆਖਿਆ ਕਿ ਕੈਪਟਨ ਸਰਕਾਰ ਖਿਲਾਫ ਪੂਰੇ ਪੰਜਾਬ 'ਚ ਵਿੱਢਿਆ ਜਾਣ ਵਾਲਾ ਸੰਘਰਸ਼ ਸਰਕਾਰ ਨੂੰ ਦਿਨੇ ਤਾਰੇ ਦਿਖਾ ਦੇਵੇਗਾ।
ਇਸ ਮੌਕੇ 'ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਕਈ ਸਾਲਾਂ ਤੋਂ ਮਿੰਨੀ ਬੱਸਾਂ ਦੇ ਪਰਮਿਟ ਰੀਨੀਓ ਨਾ ਕੀਤੇ ਜਾਣ ਸਦਕਾ ਪੂਰੇ ਪੰਜਾਬ ਦੇ ਬੱਸ ਆਪ੍ਰੇਟਰਾਂ 'ਚ ਸਰਕਾਰ ਖਿਲਾਫ ਭਾਰੀ ਗੁੱਸਾ ਹੈ ਜੋ ਕਿ ਹੁਣ ਭਾਂਬੜ ਬਣ ਕੇ ਮਚਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਬੱਸ ਆਪ੍ਰੇਟਰਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਮਿੰਨੀ ਬੱਸਾਂ ਦਾ ਕਾਰੋਬਾਰ ਕੀਤਾ ਹੈ ਤੇ ਇਸ ਕਾਰੋਬਾਰ ਨਾਲ ਜਿੱਥੇ ਲੱਖਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਚੱਲ ਰਹੀ ਹੈ, ਉਥੇ ਸਰਕਾਰ ਦਾ ਖਜ਼ਾਨਾ ਵੀ ਗੁਲਜ਼ਾਰ ਹੁੰਦਾ ਹੈ। ਸ. ਬੱਬੂ ਨੇ ਕਿਹਾ ਕਿ ਪੰਜਾਬ ਸਰਕਾਰ ਮਿੰਨੀ ਬੱਸਾਂ ਦੇ ਨਵੇਂ ਪਰਮਿਟਾਂ 'ਤੇ ਰੋਕ ਲਗਾ ਕੇ ਪੁਰਾਣੇ ਸਾਰੇ ਪਰਮਿਟ ਬਿਨਾਂ ਦੇਰੀ ਕੀਤੇ ਰੀਨੀਓ ਕਰੇ ਅਤੇ ਕੋਰੋਨਾ ਵਾਇਰਸ ਕਾਰਨ ਮਿੰਨੀ ਬੱਸਾਂ ਦੇ ਕਾਰੋਬਾਰ ਨੂੰ ਲੱਗੀ ਭਾਰੀ ਢਾਹ ਕਾਰਨ 1 ਸਾਲ ਦਾ ਟੈਕਸ ਮੁਆਫ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮਸਲੇ ਸਬੰਧੀ ਪੰਜਾਬ ਦੇ ਸਮੂਹ ਮਿੰਨੀ ਬੱਸ ਆਪ੍ਰੇਟਰ 8 ਜੂਨ ਨੂੰ ਆਪੋ-ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ-ਪੱਤਰ ਸੌਂਪਣਗੇ ਤੇ ਜੇਕਰ ਸਰਕਾਰ ਨੇ ਮਿੰਨੀ ਬੱਸਾਂ ਦੇ ਮਾਮਲੇ ਨੂੰ ਗੰਭੀਰਤਾਂ ਨਾਲ ਨਾ ਲਿਆ ਤਾਂ 10 ਜੂਨ ਨੂੰ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾਉਦਿਆਂ ਸੰਘਰਸ਼ ਦੀ ਅਗਲੀ ਰੂਪ ਰੇਖਾ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਅੰਮ੍ਰਿਤਸਰ ਗੁਰਦਾਸਪੁਰ ਬੱਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਮੰਨਣ, ਸੁਖਬੀਰ ਸਿੰਘ ਸੋਹਲ, ਸਰਬਜੀਤ ਸਿੰਘ ਤਰਸਿੱਕਾ, ਸ਼ੇਰ ਸਿੰਘ ਚੋਗਾਵਾਂ, ਹਰਪਿੰਦਰ ਸਿੰਘ ਹੈਪੀ ਮਾਨ, ਕੁਲਦੀਪ ਸਿੰਘ ਝੰਜੋਟੀ, ਸਾਧੂ ਸਿੰਘ ਧਰਮੀਫੋਜੀ, ਕੰਵਲਪ੍ਰੀਤ ਸਿੰਘ ਕੰਵਲ, ਜਰਨੈਲ ਸਿੰਘ ਜੱਜ, ਹਰਜੀਤ ਸਿੰਘ ਝਬਾਲ, ਅਜੀਤ ਸਿੰਘ ਜੋਏਕੇ, ਸੋਨੂੰ ਨਿਸ਼ਾਤ, ਨਿਸ਼ਾਨ ਸਿੰਘ ਸਾਬਾ, ਗੁਰਦੇਵ ਸਿੰਘ ਕੋਹਾਲਾ, ਦਿਲਬਾਗ ਸਿੰਘ ਚੋਗਾਵਾਂ, ਲਾਲੀ ਦੀਪ ਬੱਸ, ਸਤਿੰਦਰ ਸਿੰਘ, ਸਰਬਜੀਤ ਸਿੰਘ ਸ਼ੈਲੀ, ਰਾਜੂ ਛੀਨਾ, ਕੁਲਵੰਤ ਸਿੰਘ ਖਤਰਾਏ ਕਲਾ, ਭਗਵੰਤ ਸਿੰਘ ਛੇਹਰਾਟਾ ਤੇ ਮਨਿੰਦਰ ਸਿੰਘ ਕੋਹਾਲੀ ਸਮੈਤ ਵੱਡੀ ਗਿਣਤੀ 'ਚ ਬੱਸ ਆਪ੍ਰੇਟਰਾਂ ਤੇ ਵਰਕਰਾਂ ਨੇ ਪੂਰੇ ਰੋਹ 'ਚ ਆਖਿਆ ਕਿ ਇਹ ਮਾਮਲਾ ਸਾਡੇ ਪਰਿਵਾਰਾਂ ਦੀ ਰੋਜ਼ੀ ਰੋਟੀ ਨਾਲ ਜੁੜਿਆ ਹੋਣ ਕਾਰਨ ਇਸ ਸੰਘਰਸ਼ 'ਚ ਲੜਦੇ ਹੋਏ ਕੁਰਬਾਨ ਹੋ ਜਾਵਾਂਗੇ ਪਰ ਸਰਕਾਰ ਅੱਗੇ ਝੁਕਾਂਗੇ ਨਹੀਂ।