ਮਿਡ-ਡੇ-ਮੀਲ ਵਰਕਰ ਯੂਨੀਅਨ ਨੇ ਸਰਕਾਰ ਖਿਲਾਫ਼ ਕੱਢੀ ਭੜਾਸ, ਵਿਧਾਇਕ ਸੋਹਲ ਨੂੰ ਦਿੱਤਾ ਮੰਗ ਪੱਤਰ
Sunday, Nov 13, 2022 - 01:28 PM (IST)
ਤਰਨਤਾਰਨ(ਰਮਨ)- ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਮਿਡ-ਡੇ-ਮੀਲ ਵਰਕਰ ਯੂਨੀਅਨ ਵਲੋਂ ਜਿੱਥੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਮੰਗਾਂ ਨੂੰ ਪੂਰਾ ਕਰਨ ਸਬੰਧੀ ਵਿੱਤ ਮੰਤਰੀ ਪੰਜਾਬ ਦੇ ਨਾਮ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਹ ਵੀ ਪੜ੍ਹੋ- ਹਿੰਦੂ ਨੇਤਾ ਸੁਧੀਰ ਸੂਰੀ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਤਿਆਰੀ
ਜਾਣਕਾਰੀ ਦਿੰਦੇ ਹੋਏ ਮਿਡ-ਡੇ-ਮੀਲ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੌਰ ਨੇ ਦੱਸਿਆ ਕਿ ਸਰਕਾਰ ਵਲੋਂ ਮਿਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਅੱਜ ਸਮੂਹ ਵਰਕਰਾਂ ਵਲੋਂ ਸਰਕਾਰ ਖਿਲਾਫ਼ ਰੋਸ ਧਰਨਾ ਦਿੰਦੇ ਹੋਏ ਨਾਅਰੇਬਾਜ਼ੀ ਕੀਤੀ ਗਈ ਹੈ। ਉਨ੍ਹਾਂ ਵਿੱਤ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਭੇਜਦੇ ਹੋਏ ਸਕੂਲਾਂ ਅੰਦਰ ਕੰਮ ਕਰਦੇ ਮਿਡ-ਡੇ-ਮੀਲ ਅਤੇ ਪਾਰਟ ਟਾਇਮ ਸਫ਼ਾਈ ਵਰਕਰਾਂ ’ਤੇ ਘੱਟੋ-ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕੀਤਾ ਜਾਵੇ ਅਤੇ ਪ੍ਰਤੀ ਮਹੀਨਾ ਕ੍ਰਮਵਾਰ 10,700 ਰੁਪਏ ਅਤੇ 9950 ਰੁਪਏ ਤਨਖ਼ਾਹ ਦਿੱਤੀ ਜਾਵੇ।
ਇਹ ਵੀ ਪੜ੍ਹੋ- ਪੰਜਾਬੀ ਗਾਇਕ ਗੁਰਦਾਸ ਮਾਨ ਦੀ 'ਸਟਾਰ ਨਾਈਟ' ’ਚ ਹੋਇਆ ਹੰਗਾਮਾ, ਲੋਕਾਂ ਨੇ ਲਗਾਏ ਗੰਭੀਰ ਇਲਜ਼ਾਮ
ਮਿਡ-ਡੇ-ਮੀਲ ਅਤੇ ਪਾਰਟ ਟਾਇਮ ਸਫ਼ਾਈ ਵਰਕਰਾਂ ਨੂੰ ਈ.ਐੱਸ.ਆਈ ਸਹੂਲਤ ਦਿੱਤੀ ਜਾਵੇ, ਵਰਕਰਾਂ ਨੂੰ ਗਰਮ ਅਤੇ ਠੰਡੀ ਵਰਦੀ ਦਿੱਤੀ ਜਾਵੇ, ਅੱਠਵੀਂ ਪਾਸ ਵਰਕਰਾਂ ਨੂੰ ਦਰਜਾ ਚਾਰ ਕਰਮਚਾਰੀਆਂ ਦੀਆਂ ਖ਼ਾਲੀ ਪਈਆਂ ਪੋਸਟਾਂ ’ਤੇ ਨਿਯੁਕਤ ਕੀਤਾ ਜਾਵੇ, ਮਿਡ-ਡੇ-ਮੀਲ ਵਰਕਰਾਂ ਦਾ ਘੱਟੋ-ਘੱਟ ਪੰਜ ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ, ਦੁਰਘਟਨਾ ਹੋਣ ਦੀ ਸੂਰਤ ’ਚ ਇਲਾਜ ਦਾ ਮੁਕੰਮਲ ਖ਼ਰਚਾ ਸਰਕਾਰੀ ਤੌਰ ’ਤੇ ਕੀਤਾ ਜਾਵੇ ਅਤੇ ਜਾਨੀ ਨੁਕਸਾਨ ਹੋਣ ’ਤੇ ਰੈਗੂਲਰ ਮੁਲਾਜ਼ਮਾਂ ਵਾਂਗ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਆਦਿ ਮੰਗਾਂ ਸ਼ਾਮਲ ਸਨ। ਇਸ ਮੌਕੇ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਵਰਕਰਾਂ ਦਾ ਮੰਗ ਪੱਤਰ ਵਿੱਤ ਮੰਤਰੀ ਪੰਜਾਬ ਤੱਕ ਪਹੁੰਚਾਉਣ ਸਬੰਧੀ ਪੂਰਾ ਭਰੋਸਾ ਦਿੱਤਾ।