ਮਜ਼ਦੂਰ ਏਕਤਾ ਯੂਨੀਅਨ ਦੀਨਾਨਗਰ ਨੇ ''ਲੇਬਰ ਡੇ'' ਮਨਾਇਆ

Friday, May 01, 2026 - 09:41 PM (IST)

ਮਜ਼ਦੂਰ ਏਕਤਾ ਯੂਨੀਅਨ ਦੀਨਾਨਗਰ ਨੇ ''ਲੇਬਰ ਡੇ'' ਮਨਾਇਆ

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਮਜ਼ਦੂਰ ਏਕਤਾ ਯੂਨੀਅਨ ਦੀਨਾਨਗਰ ਵੱਲੋਂ 'ਲੇਬਰ ਡੇ' ਦੇ ਮੌਕੇ 'ਤੇ ਅੱਜ ਬੇਰੀ ਚੌਕ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਹ ਪ੍ਰੋਗਰਾਮ ਯੂਨੀਅਨ ਦੇ ਪ੍ਰਧਾਨ ਗੋਲਡੀ ਰਾਜ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਇਸ ਦੌਰਾਨ ਮਜ਼ਦੂਰਾਂ ਦੇ ਹੱਕ ਵਿੱਚ ਨਾਅਰਾ ਮਾਰਦਿਆਂ ਤਮਾਮ ਮਜ਼ਦੂਰਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ।

ਅਸ਼ੋਕ ਚੌਧਰੀ ਨੇ ਕਿਹਾ ਕਿ ਮਜ਼ਦੂਰਾਂ ਨੂੰ  ਇਹ ਪਤਾ ਹੋਣਾ ਚਾਹੀਦਾ ਹੈ ਕਿ ਖ਼ੁਦ ਨੂੰ ਆਮ ਲੋਕਾਂ ਦੀ ਪਾਰਟੀ ਦੱਸਣ ਵਾਲੀ ਸੱਤਾਧਾਰੀ ਸਰਕਾਰ ਨੇ ਉਨ੍ਹਾਂ ਨਾਲ ਕੀ ਧੋਖਾ ਕੀਤਾ ਹੈ ਅਤੇ ਕਿਵੇਂ ਉਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਵੇਲੇ ਮਿਲਦੀਆਂ ਸਹੂਲਤਾਂ ਤੋਂ ਹੌਲੀ-ਹੌਲੀ ਵਾਂਝਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਲੇਬਰ ਕਾਰਡ ਹੋਲਡਰ ਨੂੰ ਹਾਦਸਾ ਮੌਤ ਹੋਣ 'ਤੇ ਚਾਰ ਲੱਖ ਰੁਪਏ ਮੁਆਵਜ਼ੇ ਵਜੋਂ ਮਿਲਦੇ ਸਨ ਪਰ ਸੂਬਾ ਸਰਕਾਰ ਨੇ ਇਸ ਸਕੀਮ ਵਿੱਚ ਬਦਲਾਅ ਲਿਆਉਂਦਿਆਂ ਇਹ ਸਹੂਲਤ ਹੁਣ ਸਿਰਫ਼ ਉਨ੍ਹਾਂ ਮਜ਼ਦੂਰਾਂ ਨੂੰ  ਦੇਣ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਦੀ ਮੌਤ ਦਿਹਾੜੀ 'ਤੇ ਕੰਮ ਕਰਦਿਆਂ ਦੌਰਾਨ ਹੋਵੇਗੀ। ਇਸੇ ਤਰ੍ਹਾਂ ਲੇਬਰ ਕਾਰਡ ਦੀ ਸਮਾਂ ਹੱਦ ਵੀ ਪੰਜ ਸਾਲ ਤੋਂ ਘਟਾ ਕੇ ਇੱਕ ਸਾਲ ਕਰ ਦਿੱਤੀ ਹੈ, ਜਿਸ ਨਾਲ ਮਜ਼ਦੂਰਾਂ ਦੀ ਪਰੇਸ਼ਾਨੀ ਤੇ ਖੱਜਲ-ਖੁਆਰੀ 'ਚ ਭਾਰੀ ਵਾਧਾ ਹੋਇਆ ਹੈ।

ਕਾਂਗਰਸੀ ਆਗੂ ਅਸ਼ੋਕ ਚੌਧਰੀ ਨੇ ਦਾਅਵਾ ਕੀਤਾ ਕਿ ਸਿਰਫ਼ ਕਾਂਗਰਸ ਦੇ ਰਾਜ ਅੰਦਰ ਹੀ ਮਜ਼ਦੂਰਾਂ ਲਈ ਲਾਭਦਾਇਕ ਸਕੀਮਾਂ ਚਲਾਈਆਂ ਗਈਆਂ ਹਨ ਅਤੇ 2027 ਵਿੱਚ ਪੰਜਾਬ ਅੰਦਰ ਮੁੜ ਤੋਂ ਕਾਂਗਰਸ ਦੀ ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਬੰਦ ਕੀਤੀਆਂ ਸਹੂਲਤਾਂ ਨੂੰ  ਬਹਾਲ ਕੀਤਾ ਜਾਵੇਗਾ ਅਤੇ ਮਜ਼ਦੂਰ ਵਰਗ ਨੂੰ  ਵੱਡੀ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਇਸ ਦੌਰਾਨ ਕੇਕ ਕੱਟ ਕੇ ਮਜ਼ਦੂਰਾਂ ਨਾਲ 'ਲੇਬਰ ਡੇ' ਦੀ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ ਅੱਜ ਦੇ ਦਿਨ ਹੀ ਮਜ਼ਦੂਰਾਂ ਨੂੰ  8 ਘੰਟੇ ਦੀ ਦਿਹਾੜੀ ਦਾ ਹੱਕ ਮਿਲਿਆ ਸੀ। ਇਸ ਦੌਰਾਨ ਯੂਨੀਅਨ ਪ੍ਰਧਾਨ ਗੋਲਡੀ ਰਾਜ ਤੇ ਹੋਰਨਾਂ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਅਸ਼ੋਕ ਚੌਧਰੀ ਨੂੰ ਸਨਮਾਨਿਤ ਵੀ ਕੀਤਾ ਗਿਆ।


author

Rakesh

Content Editor

Related News