ਮੌਤ ਦੇ ਮੂੰਹ ’ਚ ਜ਼ਿੰਦਗੀ, ਬੰਦ ਫਾਟਕ ਦੇ ਹੇਠਾਂ ਰੋਜ਼ਾਨਾ ਲੰਘਦੇ ਹਨ ਕਈ ਲੋਕ, ਹੋ ਸਕਦੀ 6 ਮਹੀਨੇ ਦੀ ਕੈਦ
Friday, Nov 10, 2023 - 02:58 PM (IST)

ਗੁਰਦਾਸਪੁਰ (ਵਿਨੋਦ)- ਰੇਲਵੇ ਫਾਟਕਾਂ 'ਤੇ ਹੁਣ ਤੱਕ ਅਨੇਕਾਂ ਵਾਰ ਅਜਿਹੇ ਖ਼ਤਰਨਾਕ ਹਾਦਸੇ ਵਾਪਰ ਚੁੱਕੇ ਹਨ ਅਤੇ ਅਨੇਕਾਂ ਕੀਮਤੀ ਜ਼ਿੰਦਗੀਆਂ ਮੌਤ ਦੇ ਮੂੰਹ ’ਚ ਜਾ ਚੁੱਕੀਆਂ ਹਨ ਪਰ ਲੋਕਾਂ ਨੇ ਇਨਾਂ ਭਿਆਨਕ ਹਾਦਸਿਆਂ ਤੋਂ ਬਚਨ ਲਈ ਕੋਈ ਸਬਕ ਨਹੀਂ ਸਿੱਖਿਆ ਹੈ। ਉਂਝ ਤਾਂ ਜ਼ਿਲ੍ਹਾ ਗੁਰਦਾਸਪੁਰ, ਧਾਰੀਵਾਲ, ਦੀਨਾਨਗਰ, ਪਠਾਨਕੋਟ ਏਰੀਏ ’ਚ ਪੈਂਦੇ ਫਾਟਕ ਦੇ ਬੰਦ ਹੋਣ ’ਤੇ ਲੋਕਾਂ ਵੱਲੋਂ ਉਸ ਦੇ ਹੇਠਾਂ ਤੋਂ ਹੀ ਲੰਘਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਪਰ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਤੋਂ ਪਠਾਨਕੋਟ ਨੂੰ ਜਾਣ ਵਾਲੀ ਸੜਕ ’ਤੇ ਮੰਡੀ ਚੌਂਕ ਦੇ ਅੱਗੇ ਪੈਂਦੇ ਫਾਟਕ ’ਤੇ ਜਦੋਂ ਰੇਲ ਗੱਡੀ ਦਾ ਆਉਣ ਦਾ ਸਮਾਂ ਹੁੰਦਾ ਹੈ ਤਾਂ ਰੇਲਵੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਤੁਰੰਤ ਇਸ ਫਾਟਕ ਨੂੰ ਬੰਦ ਕਰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਚਿੰਤਾਜਨਕ ਖ਼ਬਰ
ਉਸ ਦੇ ਬਾਵਜੂਦ ਲੋਕਾਂ ਵੱਲੋਂ 5-10 ਮਿੰਟ ਹੌਸਲਾ ਨਹੀਂ ਕੀਤਾ ਜਾਂਦਾ ਅਤੇ ਬੰਦ ਫਾਟਕ ਦੇ ਹੇਠਾਂ ਤੋਂ ਲੰਘਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਤਾਂ ਕਈ ਵਾਰ ਲੋਕਾਂ ਦੇ ਦੋਪਹੀਆਂ ਵਾਹਨ ਹੀ ਇਸ ਫਾਟਕ ਦੇ ਹੇਠਾਂ ਫੱਸ ਜਾਂਦੇ ਹਨ ਅਤੇ ਲੋਕ ਇਕ ਦੂਜੇ ਦੀ ਸਹਾਇਤਾ ਦੇ ਨਾਲ ਆਪਣੇ ਵਾਹਨ ਕੱਢਦੇ ਨਜ਼ਰ ਆਉਂਦੇ ਹਨ। ਜਦਕਿ ਇਨਾਂ ਬੰਦ ਫਾਟਕਾਂ ਦੇ ਹੇਠਾਂ ਤੋਂ ਲੰਘਣ ਵਾਲਿਆਂ ’ਚ ਸਭ ਤੋਂ ਜ਼ਿਆਦਾ ਲੋਕ ਪੈਦਲ ਜਾਣ ਵਾਲੇ ਹੁੰਦੇ ਹਨ, ਜਾਂ ਸਾਈਕਲ ਤੇ ਜਾਣ ਵਾਲੇ। ਜਿਸ ਕਾਰਨ ਕਈ ਲੋਕ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਕਈ ਵਾਰ ਤਾਂ ਲੋਕ ਰੇਲ ਗੱਡੀ ਦੇ ਬਿਲਕੁਲ ਨੇੜੇ ਹੋਣ ਦੇ ਬਾਵਜੂਦ ਫਾਟਕ ਦੇ ਹੇਠਾਂ ਤੋਂ ਲੰਘਣ ਤੋਂ ਗੁਰੇਜ਼ ਨਹੀਂ ਕਰਦੇ।
ਫਾਟਕ ਬੰਦ ਹੋਣ ’ਤੇ ਦੋਵੇ ਪਾਸੇ ਲੱਗ ਜਾਂਦਾ ਜਾਮ
ਗੁਰਦਾਸਪੁਰ-ਪਠਾਨਕੋਟ ਮੰਡੀ ਚੌਕ ’ਚ ਸ਼ਹਿਰ ਦੇ ਰੇਲਵੇ ਦਾ ਮੇਨ ਫਾਟਕ ਹੋਣ ਦੇ ਕਾਰਨ ਜ਼ਿਆਦਾ ਸਮਾਂ ਬੰਦ ਹੋਣ ਕਾਰਨ ਮੇਨ ਸੜਕ ਉੱਪਰ ਦੋਵੇ ਪਾਸੇ ਵੱਡੇ ਵੱਡੇ ਵਾਹਨਾਂ ਦੀ ਭੀੜ ਜਮਾਂ ਹੋ ਜਾਂਦੀ ਹੈ ਅਤੇ ਦੂਰ ਤੱਕ ਲਾਈਨਾਂ ਲੱਗ ਜਾਂਦੀਆਂ ਹਨ, ਜਿਸ ਨੂੰ ਵੇਖਦਿਆਂ ਕਈ ਕਾਹਲੀ ਕਰਨ ਵਾਲੇ ਤੇਜ਼ ਤਰਾਰ ਕਹਾਉਣ ਵਾਲੇ ਦੋਪਹੀਆਂ ਤੇ ਪੈਦਲ ਚੱਲਣ ਵਾਲੇ ਰਾਹਗੀਰ ਥੋੜੇ ਸਮੇਂ ਦੀ ਉਡੀਕ ਵੀ ਨਹੀਂ ਕਰਦੇ ਤੇ ਉਹ ਬਿਨਾਂ ਰੇਲ ਆਉਂਦੀ ਦਾ ਆਸਾ-ਪਾਸਾ ਵੇਖਿਆ ਹੀ ਆਪਣੇ ਮੋਟਰਸਾਈਕਲ, ਸਕੂਟਰ ਬੰਦ ਫਾਟਕਾਂ ਦੇ ਹੇਠਾਂ ਦੀ ਲੰਘਾ ਕੇ ਰੇਲ ਦੀਆਂ ਪੱਟੜੀਆਂ ਨੂੰ ਪਾਰ ਕਰਦੇ ਹੋਏ ਜ਼ਿੰਦਗੀ ਲਈ ਖਤਰਾ ਮੁੱਲ ਲੈਣ ਤੋਂ ਵੀ ਸੰਕੋਚ ਨਹੀਂ ਕਰਦੇ, ਜਿਸ ਕਾਰਨ ਕਈ ਹਾਦਸੇ ਦਾ ਕਾਰਨ ਬਣਦੇ ਹਨ।
ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਹੁਣ ਮਿਲੇਗੀ ਇਹ ਖ਼ਾਸ ਸਹੂਲਤ
ਬੰਦ ਫਾਟਕ ਦੇ ਹੇਠਾਂ ਤੋਂ ਲੰਘਣਾ ਕਾਨੂੰਨੀ ਅਪਰਾਧ
ਰੇਲਵੇ ਦੇ ਨਿਯਮਾਂ ਅਨੁਸਾਰ ਬੰਦ ਫਾਟਕ ਦੇ ਹੇਠਾਂ ਤੋਂ ਲੰਘਣਾ ਅਪਰਾਧ ਹੈ ਅਤੇ ਅਜਿਹਾ ਕਰਨ ਵਾਲਿਆਂ ’ਤੇ ਰੇਲਵੇ ਐਕਟ ਦੀ ਧਾਰਾ-147 ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ ਅਤੇ 6 ਮਹੀਨੇ ਦੀ ਕੈਦ ਤੇ 500 ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਰੇਲਵੇ ਫਾਟਕ ਬੰਦ ਹੋਣ ਦਾ ਮਕਸਦ ਇਹ ਹੁੰਦਾ ਹੈ ਕਿ ਰੇਲ ਗੱਡੀ ਕਿਸੇ ਵੀ ਸਮੇਂ ਆ ਸਕਦੀ ਹੈ। ਲੋਕ ਸਾਵਧਨ ਰਹਿਣ ਪਰ ਕੁਝ ਲੋਕ ਗਲਤੀ ਕਰ ਕੇ ਆਪਣੀ ਜਾਨ ਖੋ ਦਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8