ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਹੁੱਲੜਬਾਜ਼ੀ ਕਰਨ ਵਾਲੇ ਵਿਅਕਤੀ ਤੋਂ ਅਫੀਮ ਤੇ ਚੂਰਾ ਪੋਸਤ ਬਰਾਮਦ

06/17/2022 3:48:54 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ) - ਅੱਜ ਸਵੇਰੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਹੁੱਲੜਬਾਜ਼ੀ ਕਰਨ ਵਾਲੇ ਇਕ ਸ਼ੱਕੀ ਸਰਦਾਰ ਨੌਜਵਾਨ ਨੂੰ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਵੱਲੋਂ ਕਾਬੂ ਕਰ ਕੇ ਮੌਕੇ ’ਤੇ ਪੁਲਸ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਰਿਕਾਰਡ ਕੀਪਰ ਸੁਰਿੰਦਰ ਪਾਲ ਸਿੰਘ ਨੇ ਸੂਚਨਾ ਦਿੱਤੀ ਸੀ ਕਿ ਇਕ ਸਰਦਾਰ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਹੁੱਲੜਬਾਜ਼ੀ ਕਰ ਰਿਹਾ ਹੈ, ਜਿਸ ਨੂੰ ਉਨ੍ਹਾਂ ਵੱਲੋਂ ਕਾਬੂ ਕੀਤਾ ਹੋਇਆ ਹੈ।

ਉਪਰੰਤ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਵੱਲੋਂ ਕਾਬੂ ਕੀਤੇ ਗਏ ਉਕਤ ਨੌਜਵਾਨ ਨੂੰ ਪੁਲਸ ਪਾਰਟੀ ਦੇ ਹਵਾਲੇ ਕੀਤਾ। ਉਕਤ ਵਿਅਕਤੀ ਨੇ ਆਪਣਾ ਨਾਂ ਕੁਲਜਿੰਦਰ ਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਕਲਿਆਣਪੁਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੱਸਿਆ। ਉਸਦੇ ਹੱਥ ’ਚ ਫੜੇ ਤਣੀਦਾਰ ਬੈਗ ਰੰਗ ਕਾਲਾ ਆਪਣੇ ਸਰੀਰ ਨਾਲੋਂ ਲਾਹ ਕੇ ਦੂਰ ਨੂੰ ਸੁੱਟ ਦਿੱਤਾ। ਬੈਗ ਨੂੰ ਇਤਲਾਹੀਆ ਸੁਰਿੰਦਰਪਾਲ ਸਿੰਘ ਅਤੇ ਕੁਲਜਿੰਦਰ ਪਾਲ ਸਿੰਘ ਦੀ ਹਾਜ਼ਰੀ ’ਚ ਚੁੱਕ ਕੇ ਚੈੱਕ ਕੀਤਾ ਗਿਆ, ਜਿਸ ’ਚੋਂ 1 ਡੱਬੀ ’ਚੋਂ ਅਫੀਮ ਅਤੇ ਇਕ ਹੋਰ ਲਿਫਾਫਾ ’ਚੋਂ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। 

ਮੌਕੇ ’ਤੇ ਕੁਲਜਿੰਦਰ ਪਾਲ ਸਿੰਘ ਉਕਤ ਨਸ਼ੀਲੇ ਪਦਾਰਥਾਂ ਨੂੰ ਆਪਣੇ ਕਬਜ਼ੇ ’ਚ ਰੱਖਣ ਬਾਰੇ ਕੋਈ ਵੀ ਲਾਇਸੈਂਸ ਪਰਮਿਟ ਪੇਸ਼ ਨਹੀਂ ਕਰ ਸਕਿਆ। ਉਕਤ ਨੌਜਵਾਨ ਨਸ਼ੇ ਦੀ ਹਾਲਤ ’ਚ ਜਾਪਦਾ ਸੀ। ਫਿਰ ਮੌਕੇ ਪਰ ਡੱਬੀ ਪਲਾਸਟਿਕ ਅਫੀਮ ਦਾ ਕੰਪਿਊਟਰਾਈਜ਼ਡ ਕੰਡੇ ਨਾਲ ਵਜ਼ਨ ਕਰਨ ’ਤੇ 47 ਗ੍ਰਾਮ ਸਮੇਤ ਡੱਬੀ ਅਫੀਮ ਬਰਾਮਦ ਹੋਈ ਅਤੇ ਦੂਸਰੇ ਲਿਫ਼ਾਫ਼ੇ ਦਾ ਵਜਨ ਕਰਨ ’ਤੇ 106 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਈ, ਜਿਸ ਨੂੰ ਲੈ ਕੇ ਉਕਤ ਕੁਲਜਿੰਦਰ ਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।


rajwinder kaur

Content Editor

Related News