ਮਜੀਠੀਆ ਦੇ ਬਿਜਲੀ ਤੇ ਕਾਨੂੰਨ-ਵਿਵਸਥਾ ’ਤੇ ਚੁੱਕੇ ਸਵਾਲ
Monday, May 04, 2026 - 12:55 PM (IST)
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੇ ਗਏ ਟਵੀਟ ਨੇ ਪੰਜਾਬ ਦੀ ਬਿਜਲੀ ਸਪਲਾਈ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਮਜੀਠੀਆ ਨੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਬਿਜਲੀ ਕੱਟਾਂ ਤੋਂ ਮੁਕਤ ਰਾਜ ਬਣਾਇਆ ਸੀ, ਪਰ ਬਾਅਦ ਵਿੱਚ ਸਰਕਾਰਾਂ ਨੇ ਮੁੜ ਹਨੇਰਾ ਵਾਪਸ ਲਿਆ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ (2017–2022) ਦੌਰਾਨ ਨਾ ਤਾਂ ਬਿਜਲੀ ਉਤਪਾਦਨ ਵਿੱਚ ਕੋਈ ਵਾਧਾ ਕੀਤਾ ਗਿਆ ਅਤੇ ਨਾ ਹੀ ਟ੍ਰਾਂਸਮਿਸ਼ਨ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਗਿਆ।
ਉਨ੍ਹਾਂ ਕਿਹਾ ਮੌਜੂਦਾ ਸਰਕਾਰ ਵੱਲੋਂ ਨਾ ਤਾਂ ਕੋਈ ਨਵੀਂ ਸਮਰੱਥਾ ਜੋੜੀ ਗਈ ਹੈ ਅਤੇ ਨਾ ਹੀ ਬਿਜਲੀ ਲਈ ਕੋਈ ਸਪੱਸ਼ਟ ਯੋਜਨਾ ਸਾਹਮਣੇ ਆਈ ਹੈ। ਮਜੀਠੀਆ ਨੇ ਅੱਗੇ ਕਿਹਾ ਕਿ ਵੱਡੇ-ਵੱਡੇ ਦਾਅਵਿਆਂ ਦੇ ਨੈਰੇਟਿਵ ਬਣਾਏ ਜਾ ਰਹੇ ਹਨ, ਜਦਕਿ ਘਾਟ ਪੂਰਾ ਕਰਨ ਲਈ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ, ਜਿਸ ਦਾ ਬੋਝ ਆਖਿਰਕਾਰ ਆਮ ਲੋਕਾਂ ’ਤੇ ਪੈਂਦਾ ਹੈ। ਮਜੀਠੀਆ ਨੇ ਸਵਾਲ ਕੀਤਾ ਕਿ ਪੰਜਾਬ ਪੁੱਛ ਰਿਹਾ ਹੈ, ਇਹ ਹਨੇਰਾ ਕਿਉਂ ਵੱਧ ਰਿਹਾ ਹੈ।

ਇਸ ਤੋਂ ਇਲਾਵਾ ਮਜੀਠੀਆ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਸਿਰਫ਼ ਅੰਕੜਿਆਂ ਤੱਕ ਹੀ ਸੀਮਿਤ ਰਹਿ ਗਈ ਹੈ ਅਤੇ 25,833 ਗ੍ਰਿਫ਼ਤਾਰੀਆਂ ਸਿਰਫ਼ ਕਾਗਜ਼ੀ ਦਾਅਵੇ ਹਨ।
ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਖੇਤਰ ਵਿੱਚ 12ਵੀਂ ਦੇ ਵਿਦਿਆਰਥੀ ਅਮਰਜੋਤ ਸਿੰਘ ਦੀ ਗੋਲੀਬਾਰੀ ਵਿੱਚ ਮੌਤ ਹੋ ਜਾਣਾ ਕਾਨੂੰਨ-ਵਿਵਸਥਾ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਾਰਨ ਹੁਣ ਬੱਚੇ ਵੀ ਦਹਿਸ਼ਤ ਦੇ ਸਾਏ ਹੇਠ ਜੀਣ ਲਈ ਮਜਬੂਰ ਹਨ।
ਮਜੀਠੀਆ ਨੇ ਅੱਗੇ ਕਿਹਾ ਕਿ ਸੱਤਾ ਦੇ “ਨਸ਼ੇ” ਨੇ ਕਈ ਘਰ ਉਜਾੜ ਦਿੱਤੇ ਹਨ । ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਹਰ ਪਾਸੇ ਮਾਤਮ ਦਾ ਮਾਹੌਲ ਹੈ। ਕੱਚਾ ਡੀ. ਜੀ. ਪੀ. ਤੁਹਾਨੂੰ ਅੰਕੜੇ ਦਿਖਾ ਦਿੰਦਾ ਹੈ ਤੁਸੀਂ ਖੁਸ਼ ਹੋ ਜਾਂਦੇ ਹੋ, ਕਦੇ ਗਰਾਊਂਡ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਜੀਠੀਆ ਨੇ ਕਿਹਾ ਅੰਮ੍ਰਿਤਸਰ ਦਿਹਾਤੀ ਦਾ ਐਸਐਸਪੀ ਸੋਹੇਲ ਮੀਰ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਹਨ, ਪੁਲਿਸਿੰਗ ਆਜ਼ਾਦ ਅਤੇ ਨਿਰਪੱਖ ਨਿਆਂ ਦੀ ਬਜਾਏ ਰਾਜਨੀਤਿਕ ਆਗੂਆਂ ਦੀ ਕਠਪੁਤਲੀ ਬਣਦੀ ਜਾ ਰਹੀ ਹੈ ।
