ਸਿੱਖ ਮੰਤਰੀ ਤੇ ਵਿਧਾਇਕਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ੀ ਤੋਂ ਪਹਿਲਾਂ ਮਜੀਠੀਆ ਨੇ ਦਿੱਤਾ ਇਹ ਬਿਆਨ

Monday, Jun 29, 2026 - 11:47 AM (IST)

ਸਿੱਖ ਮੰਤਰੀ ਤੇ ਵਿਧਾਇਕਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ੀ ਤੋਂ ਪਹਿਲਾਂ ਮਜੀਠੀਆ ਨੇ ਦਿੱਤਾ ਇਹ ਬਿਆਨ

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਦੇ ਸਾਰੇ ਸਿੱਖ ਮੰਤਰੀ ਅਤੇ ਵਿਧਾਇਕ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ। ਇਸ ਸਬੰਧੀ ਵਿਧਾਇਕਾਂ ਦਾ ਪੁੱਜਣਾ ਸ਼ੁਰੂ ਹੋ ਚੁੱਕਾ ਹੈ। ਸਾਰੇ ਆਗੂ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026' ਬਾਰੇ ਆਪਣਾ ਸਪੱਸ਼ਟੀਕਰਨ ਦੇਣਗੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼ਰਾਬ ਛੱਡ ਕੇ ਗੁਰੂ ਵਾਲੇ ਬਣੀਏ, ਪਰ ਮੁੱਖ ਮੰਤਰੀ ਨੂੰ ਸਿਰਫ਼ ਸਿਆਸਤ ਨਾਲ ਮਤਲਬ ਹੈ। ਉਨ੍ਹਾਂ ਕਿਹਾ ਕਿ ਸਭ ਚਾਹੁੰਦੇ ਹਨ ਕਿ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣੇ, ਪਰ ਇਸ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਵਿਖੇ 2-3 ਵਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। 

ਮਜੀਠੀਆ ਨੇ ਦੋਸ਼ ਲਾਇਆ ਕਿ ਕੱਲ੍ਹ ਵੀ ਅਰਵਿੰਦ ਕੇਜਰੀਵਾਲ ਨੇ ਆ ਕੇ ਜੋ ਗੱਲਾਂ ਕੀਤੀਆਂ, ਉਹ ਸਿਰਫ਼ ਰਾਜਨੀਤੀ ਨਾਲ ਸਬੰਧਤ ਸਨ। ਇਨ੍ਹਾਂ ਨੂੰ ਨਾ ਸਿੱਖ ਸੰਸਥਾਵਾਂ ਨਾਲ ਮਤਲਬ ਹੈ, ਨਾ ਹੀ ਸਿੱਖ ਭਾਵਨਾਵਾਂ ਨਾਲ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪ੍ਰਵਾਹ ਹੈ। ਉਨ੍ਹਾਂ ਕਿਹਾ ਕਿ ਜੋ ਬਿੱਲ ਲਿਆਂਦਾ ਗਿਆ ਸੀ, ਉਸ ਨੂੰ ਸਭ ਨਾਲ ਸਾਂਝਾ ਕਰਕੇ ਅਤੇ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸੀ, ਪਰ ਸਰਕਾਰ ਨੇ ਰਾਜਨੀਤੀ ਕੀਤੀ। 

ਉਨ੍ਹਾਂ ਕਿਹਾ ਜਦੋਂ ਬਿੱਲ ਲਿਆਂਦਾ ਗਿਆ, ਉਸ ਦਿਨ ਅਸੀਂ ਗੈਰ-ਹਾਜ਼ਰ ਸੀ ਤਾਂ ਇਨ੍ਹਾਂ ਨੇ ਟਿੱਪਣੀਆਂ ਕੀਤੀਆਂ ਕਿ  ਗਨੀਵ ਕੌਰ ਮਜੀਠੀਆ ਨਹੀਂ ਆਈ। ਮਜੀਠੀਆ ਨੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਸਭ ਨੂੰ ਨਾਲ ਲੈ ਕੇ ਚੱਲੋ। ਇਹ ਬਿੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੀਆਂ ਸਿੱਖ ਸੰਸਥਾਵਾਂ ਨੂੰ ਨਾਲ ਲੈ ਕੇ ਬਣਾਇਆ ਜਾਣਾ ਚਾਹੀਦਾ ਸੀ। ਬੇਅਦਬੀ ਕਾਨੂੰਨ ਸਖ਼ਤ ਬਣਨਾ ਚਾਹੀਦਾ ਹੈ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਸਥਾਵਾਂ ਨੂੰ ਨਾਲ ਲੈ ਕੇ, ਤਾਂ ਜੋ ਬਾਅਦ 'ਚ ਕੋਈ ਕਿੰਤੂ-ਪ੍ਰੰਤੂ ਨਾ ਹੋਵੇ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਰਾਜਨੀਤੀ ਕੀਤੀ ਹੈ, ਖਾਸਕਰ ਸਿੱਖ ਮਸਲਿਆਂ 'ਤੇ।


author

Shivani Bassan

Content Editor

Related News