ਮਜੀਠਾ ਚੋਣਾਂ ਜਿੱਤਣ ’ਤੇ ਮਜੀਠੀਏ ਦਾ ਪੰਜਾਬ ਵਿਚ ਹੋਰ ਕੱਦ ਵਧਿਆ: ਜਲਾਲਉਸਮਾਂ

02/20/2021 5:17:15 PM

ਬਾਬਾ ਬਕਾਲਾ ਸਾਹਿਬ (ਰਾਕੇਸ਼): ਸ਼੍ਰੋਮਣੀ ਅਕਾਲੀ ਦਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਮਜੀਠਾ ਦੀਆਂ ਦੱਸ ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਸ਼ਾਨਦਾਰ ਜਿੱਤ ਹਾਸਲ ਕਰਨ ਦਾ ਸਿਹਰਾ ਪਾਰਟੀ ਦੇ ਜਨਰਲ ਸਕੱਤਰ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਜਾਂਦਾ ਹੈ ਅਤੇ ਇਸ ਜਿੱਤ ਤੋਂ ਬਾਅਦ ਉਨ੍ਹਾਂ ਦਾ ਕੱਦ ਪੰਜਾਬ ਵਿਚ ਹੋਰ ਵਧਿਆ ਹੈ, ਜਿਨ੍ਹਾਂ ਵੱਲੋਂ ਪਾਰਟੀ ਪ੍ਰਤੀ ਨੇਕ ਨੀਤੀ ਨਾਲ ਕੰਮ ਕਰਨ ਅਤੇ ਵਫਾਦਾਰੀ ਨਿਭਾਉਦਿਆਂ ਇਹ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿਚ ਪਈਆਂ ਹਨ, ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਸੇਧ ਲੈਂਦਿਆ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਣਾ ਚਾਹੀਦਾ ਹੈ।

ਜਲਾਲਉਸਮਾਂ ਨੇ ਮਜੀਠਾ ਖੇਤਰ ਦੇ ਅਕਾਲੀ ਵਰਕਰਾਂ ਦੀ ਇਕਜੁੱਟਤਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਧਾਈ ਵੀ ਦਿੱਤੀ। ਜਲਾਲਉਸਮਾਂ ਨੇ ਕਿਹਾ ਕਿ ਭਾਵੇਂ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਸਰਕਾਰ ਨੇ ਰੱਜ ਕੇ ਧੱਕੇਸ਼ਾਹੀਆਂ ਕੀਤੀਆਂ ਅਤੇ ਅਕਾਲੀ ਵਰਕਰਾਂ ’ਤੇ ਹਮਲੇ ਵੀ ਕਰਵਾਏ, ਪ੍ਰੰਤੂ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਿਡਰ ਵਰਕਰਾਂ ਨੇ ਹੌਂਸਲਾ ਨਹੀਂ ਛੱਡਿਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਹਰ ਨਗਰ ਕੌਂਸਲ ਅਤੇ ਨਗਰ ਪੰਚਾਇਤ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਹਿੱਸੇਦਾਰੀ ਬਣੀ ਰਹੀ ਹੈ। ਇਸੇ ਦੌਰਾਨ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਲਿੱਦੜ ਨੇ ਕਿਹਾ ਕਿ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਸੁਚੱਜੀ ਅਗਵਾਈ ਹੇਠ ਜਿੱਤ ਕੇ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇਗੀ, ਉਨ੍ਹਾਂ ਕਿਹਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵੀ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਦੀ ਦੇਖ ਰੇਖ ਹੇਠ ਅਕਾਲੀ ਵਰਕਰਾਂ ਨੂੰ ਲਾਮਬੰਦ ਕਰਕੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਇਕ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ। ਇਸ ਮੌਕੇ ਹਾਜ਼ਰ ਵਰਕਰਾਂ ਨੇ ਰਜਿੰਦਰ ਸਿੰਘ ਲਿੱਦੜ ਸਮੇਤ ਜਥੇਦਾਰ ਜਲਾਲਉਸਮਾਂ ਦੀ ਅਗਵਾਈ ਕਬੂਲਦਿਆਂ ਪਾਰਟੀ ਪ੍ਰਤੀ ਦਿਨ ਰਾਤ ਮਿਹਨਤ ਕਰਨ ਦਾ ਅਹਿਦ ਲਿਆ।


Shyna

Content Editor

Related News