ਵਿਗੜਦੇ ਲਾਈਫ ਸਟਾਈਲ ਕਾਰਨ ਫੇਫੜਿਆਂ ਦੀਆਂ ਬੀਮਾਰੀਆਂ ਵਧੀਆਂ, ਬੱਚੇ ਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ

Friday, Sep 26, 2025 - 05:59 PM (IST)

ਵਿਗੜਦੇ ਲਾਈਫ ਸਟਾਈਲ ਕਾਰਨ ਫੇਫੜਿਆਂ ਦੀਆਂ ਬੀਮਾਰੀਆਂ ਵਧੀਆਂ, ਬੱਚੇ ਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ

ਅੰਮ੍ਰਿਤਸਰ (ਦਲਜੀਤ)- ਵੱਧ ਰਿਹਾ ਪ੍ਰਦੂਸ਼ਣ, ਸਿਗਰਟਨੋਸ਼ੀ ਅਤੇ ਵਿਗੜਦਾ ਲਾਈਫ ਸਟਾਈਲ ਆਧੁਨਿਕ ਸਮੇਂ ’ਚ ਫੇਫੜਿਆਂ ਦੀਆਂ ਸਮੱਸਿਆਵਾਂ ’ਚ ਵਾਧਾ ਕਰ ਰਿਹਾ ਹੈ। ਭਾਰਤ ਵਿਸ਼ਵ ਪੱਧਰ ’ਤੇ ਇਨ੍ਹਾਂ ਬੀਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ’ਚ 15.69 ਫੀਸਦੀ ਦਾ ਯੋਗਦਾਨ ਪਾਉਂਦਾ ਹੈ। ਭਾਰਤ ’ਚ ਸੀ. ਓ. ਪੀ. ਡੀ. ਦੇ ਸਭ ਤੋਂ ਵੱਧ ਮਾਮਲੇ ਹਨ, ਜਿਸ ’ਚ 55.23 ਮਿਲੀਅਨ ਲੋਕ ਪ੍ਰਭਾਵਿਤ ਹਨ ਅਤੇ ਸੀ. ਓ. ਪੀ. ਡੀ. ਨਾਲ ਸਬੰਧਤ ਮੌਤਾਂ ’ਚ ਭਾਰਤ ਦੂਜੇ ਸਥਾਨ ’ਤੇ ਹੈ। ਵਿਸ਼ਵ ਫੇਫੜੇ ਦਿਵਸ, ਜੋ ਹਰ ਸਾਲ 25 ਸਤੰਬਰ ਨੂੰ ਮਨਾਇਆ ਜਾਂਦਾ ਹੈ, 2019 ’ਚ ਇੰਟਰਨੈਸ਼ਨਲ ਫੋਰਮ ਆਫ ਰੈਸਪੀਰੇਟਰੀ ਸੋਸਾਇਟੀਜ਼ (ਐੱਫ. ਆਈ. ਆਰ. ਐੱਸ.) ਅਤੇ ਇਸ ਦੇ ਭਾਈਵਾਲਾਂ ਵੱਲੋਂ ਸਾਹ ਦੀਆਂ ਬੀਮਾਰੀਆਂ ਦੇ ਵੱਧ ਰਹੇ ਵਿਸ਼ਵਵਿਆਪੀ ਬੋਝ ਨੂੰ ਉਜਾਗਰ ਕਰਨ ਲਈ ਸ਼ੁਰੂ ਕੀਤਾ ਗਿਆ ਸੀ।

ਸਿਹਤ ਵਿਭਾਗ ਦੇ ਸਾਬਕਾ ਜ਼ਿਲਾ ਟੀ. ਬੀ. ਵਿਭਾਗ ਡਾ. ਨਰੇਸ਼ ਚਾਵਲਾ, ਜੋ ਕਿ ਫੇਫੜਿਆਂ ਦੇ ਕੈਂਸਰ ਦੇ ਅਥਾਰਟੀ ਅਤੇ ਪ੍ਰਸਿੱਧ ਛਾਤੀ ਦੇ ਮਾਹਿਰ ਹਨ, ਨੇ ਦੱਸਿਆ ਕਿ ਦਮਾ, ਕ੍ਰੋਨਿਕ ਆਬਸਟ੍ਰਕਟਿਵ ਪਲਮਨਰੀ ਡਿਸੀਜ਼ (ਸੀ. ਓ. ਪੀ. ਡੀ.), ਫੇਫੜਿਆਂ ਦਾ ਕੈਂਸਰ, ਟੀ. ਬੀ. ਅਤੇ ਨਮੂਨੀਆ ਵਰਗੀਆਂ ਬੀਮਾਰੀਆਂ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਸ ਨਾਲ ਪਰਿਵਾਰਾਂ, ਸਿਹਤ ਸੰਭਾਲ ਪ੍ਰਣਾਲੀਆਂ ਅਤੇ ਸਮਾਜ ’ਤੇ ਦਬਾਅ ਪੈਂਦਾ ਹੈ। ਡਾ. ਚਾਵਲਾ ਨੇ ਦੱਸਿਆ ਕਿ ਵਿਸ਼ਵ ਫੇਫੜੇ ਦਿਵਸ 2025 ਦਾ ਥੀਮ ‘ਸਿਹਤਮੰਦ ਫੇਫੜੇ, ਸਿਹਤਮੰਦ ਜੀਵਨ’ ਹੈ। ਇਹ ਫੇਫੜਿਆਂ ਦੀ ਸਿਹਤ ਅਤੇ ਸਮੁੱਚੀ ਤੰਦਰੁਸਤੀ ਵਿਚਕਾਰ ਨਜ਼ਦੀਕੀ ਸਬੰਧ ਨੂੰ ਉਜਾਗਰ ਕਰਦਾ ਹੈ। ਹੇਠਾਂ ਕੁਝ ਸਭ ਤੋਂ ਆਮ ਸਥਿਤੀਆਂ ਹਨ, ਜੋ ਫੇਫੜਿਆਂ ਦੀ ਸਿਹਤ ਨੂੰ ਪ੍ਰਭਾਵਤ ਕਰਦੀਆਂ ਹਨ।

ਦਮਾ : ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਦਮਾ ਇਕ ਅਜਿਹੀ ਸਥਿਤੀ ਹੈ, ਜਿਸ ’ਚ ਸਾਹ ਨਾਲੀਆਂ ਸੋਜ ਅਤੇ ਤੰਗ ਹੋ ਜਾਂਦੀਆਂ ਹਨ, ਜਿਸ ਨਾਲ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਟਰਿੱਗਰਾਂ ’ਚ ਐਲਰਜੀ, ਠੰਢੀ ਹਵਾ, ਕਸਰਤ ਜਾਂ ਤਣਾਅ ਸ਼ਾਮਲ ਹੋ ਸਕਦੇ ਹਨ। ਲੱਛਣ ਅਕਸਰ ਆਉਂਦੇ ਅਤੇ ਜਾਂਦੇ ਹਨ ਅਤੇ ਘਰਘਰਾਹਟ, ਛਾਤੀ ਦੀ ਜਕੜ, ਖੰਘ ਅਤੇ ਸਾਹ ਚੜ੍ਹਨਾ ਸ਼ਾਮਲ ਹੋ ਸਕਦੇ ਹਨ। ਸਹੀ ਪ੍ਰਬੰਧਨ ਅਤੇ ਜਾਣੇ-ਪਛਾਣੇ ਟਰਿੱਗਰਾਂ ਤੋਂ ਬਚਣ ਨਾਲ, ਦਮੇ ਵਾਲੇ ਬਹੁਤ ਸਾਰੇ ਲੋਕ ਸਰਗਰਮ ਅਤੇ ਸੰਪੂਰਨ ਜੀਵਨ ਜਿਊਣ ਦੇ ਯੋਗ ਹੁੰਦੇ ਹਨ।

ਕ੍ਰੋਨਿਕ ਆਬਸਟ੍ਰਕਟਿਵ ਪਲਮਨਰੀ ਡਿਸੀਜ਼ (ਸੀ. ਓ. ਪੀ. ਡੀ) : ਡਾ. ਚਾਵਲਾ ਅਨੁਸਾਰ ਸੀ. ਓ. ਪੀ. ਡੀ. ਇਕ ਆਮ ਸ਼ਬਦ ਹੈ, ਜਿਸ ’ਚ ਕ੍ਰੋਨਿਕ ਬ੍ਰਾਨਕਾਈਟਿਸ ਅਤੇ ਐਮਫੀਸੀਮਾ ਸ਼ਾਮਲ ਹਨ। ਇਹ ਆਮ ਤੌਰ ’ਤੇ ਸਾਲਾਂ ਤਕ ਫੇਫੜਿਆਂ ਦੀ ਸੋਜਸ਼ ਤੋਂ ਬਾਅਦ ਵਿਕਸਤ ਹੁੰਦੇ ਹਨ, ਜੋ ਅਕਸਰ ਸਿਗਰਟਨੋਸ਼ੀ ਜਾਂ ਪ੍ਰਦੂਸ਼ਣ ਦੇ ਲੰਬੇ ਸਮੇਂ ਤਕ ਸੰਪਰਕ ਕਾਰਨ ਹੁੰਦਾ ਹੈ। ਇਹ ਸਮੇਂ ਦੇ ਨਾਲ ਹੌਲੀ-ਹੌਲੀ ਵਿਗੜਦਾ ਜਾਂਦਾ ਹੈ, ਇਸ ਲਈ ਜਲਦ ਹੱਲ ਅਤੇ ਜੀਵਨ ਸ਼ੈਲੀ ’ਚ ਤਬਦੀਲੀਆਂ ਇਸ ਦੀ ਪ੍ਰਗਤੀ ਨੂੰ ਹੌਲੀ ਕਰਨ ’ਚ ਮਦਦ ਕਰ ਸਕਦੀਆਂ ਹਨ।

ਨਮੂਨੀਆ : ਨਮੂਨੀਆ ਇਕ ਇਨਫੈਕਸ਼ਨ ਹੈ, ਜੋ ਫੇਫੜਿਆਂ ’ਚ ਹਵਾ ਦੀਆਂ ਥੈਲੀਆਂ ਦੀ ਸੋਜਸ਼ ਦਾ ਕਾਰਨ ਬਣਦੀ ਹੈ। ਇਹ ਥੈਲੀਆਂ ਤਰਲ ਜਾਂ ਪੂਸ ਨਾਲ ਭਰ ਸਕਦੀਆਂ ਹਨ, ਜਿਸ ਨਾਲ ਖੰਘ, ਬੁਖਾਰ, ਠੰਢ ਅਤੇ ਸਾਹ ਚੜ੍ਹਨ ਦੀ ਸਮੱਸਿਆ ਬਣ ਸਕਦੀ ਹੈ। ਇਹ ਬੈਕਟੀਰੀਆ, ਵਾਇਰਸ ਜਾਂ ਫੰਜਾਈ ਕਾਰਨ ਹੋ ਸਕਦਾ ਹੈ ਅਤੇ ਹਲਕੇ ਤੋਂ ਲੈ ਕੇ ਜਾਨਲੇਵਾ ਤਕ ਹੋ ਸਕਦਾ ਹੈ। ਰੋਕਥਾਮ ਅਤੇ ਰਿਕਵਰੀ ਲਈ ਟੀਕਾਕਰਨ ਅਤੇ ਸਮੇਂ ਸਿਰ ਡਾਕਟਰੀ ਦੇਖਭਾਲ ਬਹੁਤ ਜ਼ਰੂਰੀ ਹੈ।

ਟੀ. ਬੀ. : ਉਨ੍ਹਾਂ ਦੱਸਿਆ ਕਿ ਟੀ. ਬੀ. ਇਕ ਗੰਭੀਰ ਸਥਿਤੀ ਹੈ। ਟੀ. ਬੀ. ਇਕ ਛੂਤ ਵਾਲੇ ਬੈਕਟੀਰੀਆ ਦੀ ਲਾਗ ਹੈ, ਜੋ ਮੁੱਖ ਤੌਰ ’ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ ਪਰ ਸਰੀਰ ਦੇ ਹੋਰ ਹਿੱਸਿਆਂ ’ਚ ਵੀ ਫੈਲ ਸਕਦੀ ਹੈ। ਇਹ ਉਦੋਂ ਪੈਦਾ ਹੋਣ ਵਾਲੀਆਂ ਬੂੰਦਾਂ ਰਾਹੀਂ ਫੈਲਦੀ ਹੈ, ਜਦੋਂ ਇਕ ਇਨਫੈਕਟਿਡ ਵਿਅਕਤੀ ਖੰਘਦਾ ਜਾਂ ਛਿਕਦਾ ਹੈ। ਹਾਲਾਂਕਿ ਟੀ. ਬੀ. ਇਲਾਜਯੋਗ ਹੈ ਪਰ ਦੁਬਾਰਾ ਹੋਣ ਜਾਂ ਵਿਰੋਧ ਨੂੰ ਰੋਕਣ ਲਈ ਇਕ ਪੂਰੀ ਤਰ੍ਹਾਂ ਦਵਾਈ ਦੀ ਵਿਧੀ ਦੀ ਲੋੜ ਹੁੰਦੀ ਹੈ।

ਫੇਫੜਿਆਂ ਦਾ ਕੈਂਸਰ : ਫੇਫੜਿਆਂ ਦਾ ਕੈਂਸਰ ਦੁਨੀਆ ਭਰ ’ਚ ਫੇਫੜਿਆਂ ਦੀਆਂ ਸਭ ਤੋਂ ਗੰਭੀਰ ਬੀਮਾਰੀਆਂ ’ਚੋਂ ਇਕ ਹੈ। ਸਿਗਰਟਨੋਸ਼ੀ ਮੁੱਖ ਕਾਰਨ ਹੈ ਪਰ ਦੂਜੇ ਹੱਥ ਦੇ ਧੂੰਏਂ, ਰੇਡੋਨ ਗੈਸ, ਐਸਬੈਸਟਸ, ਜਾਂ ਪਰਿਵਾਰਕ ਇਤਿਹਾਸ ਦੇ ਸੰਪਰਕ ’ਚ ਆਉਣ ਨਾਲ ਵੀ ਜੋਖਿਮ ਵੱਧ ਸਕਦਾ ਹੈ। ਲੰਬੇ ਸਮੇਂ ਤਕ ਖੰਘ, ਛਾਤੀ ’ਚ ਦਰਦ, ਬਿਨਾਂ ਕਿਸੇ ਕਾਰਨ ਦੇ ਵਜ੍ਹਾ ਘੱਟ ਹੋਣਾ ਜਾ ਖੰਘ ਨਾਲ ਖੂਨ ਆਉਣ ਵਰਗੇ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਫੇਫੜਿਆਂ ਦੀ ਸਿਹਤ ਦੀ ਰੱਖਿਆ ਲਈ ਇੱਥੇ ਕੁਝ ਮਹੱਤਵਪੂਰਨ ਉਪਾਅ

ਛਾਤੀ ਦੇ ਮਾਹਿਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਘਟ ਕਰੋ। ਬਾਹਰੀ ਅਤੇ ਅੰਦਰੂਨੀ ਪ੍ਰਦੂਸ਼ਣ ਦੋਵੇਂ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉੱਚ ਪ੍ਰਦੂਸ਼ਣ ਦੇ ਪੱਧਰਾਂ ਦੌਰਾਨ ਬਾਹਰ ਸਮਾਂ ਸੀਮਤ ਕਰਨਾ, ਧੂੰਏਂ ਵਾਲੇ ਖੇਤਰਾਂ ’ਚ ਮਾਸਕ ਦੀ ਵਰਤੋਂ ਕਰਨਾ, ਚੰਗੀ ਅੰਦਰੂਨੀ ਹਵਾਦਾਰੀ ਯਕੀਨੀ ਬਣਾਉਣਾ ਅਤੇ ਲੋੜ ਪੈਣ ’ਤੇ ਏਅਰ ਪਿਊਰੀਫਾਈ ਦੀ ਵਰਤੋਂ ਸਾਹ ਪ੍ਰਣਾਲੀ ਦੀ ਰੱਖਿਆ ’ਚ ਮਦਦ ਕਰ ਸਕਦੀ ਹੈ।

ਡਾ. ਰਜਨੀਸ਼ ਅਨੁਸਾਰ ਉਹ ਕੰਮ ਵਾਲੀਆਂ ਥਾਵਾਂ, ਜਿੱਥੇ ਲੋਕ ਧੂੜ, ਧੂੰਏਂ ਅਤੇ ਰਸਾਇਣਾਂ ਦੇ ਸੰਪਰਕ ’ਚ ਆਉਂਦੇ ਹਨ, ਫੇਫੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਦੇ ਜੋਖਿਮ ਨੂੰ ਵਧਾਉਂਦੇ ਹਨ। ਸੁਰੱਖਿਆ ਉਪਕਰਨਾਂ ਦੀ ਵਰਤੋਂ, ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਅਤੇ ਨਿਯਮਿਤ ਸਿਹਤ ਜਾਂਚ ਕਰਵਾਉਣ ਨਾਲ ਕਿੱਤਾਮੁਖੀ ਖਤਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰੀਰਕ ਗਤੀਵਿਧੀ ਫੇਫੜਿਆਂ ਦੀ ਸਮਰੱਥਾ ਅਤੇ ਸਮੁੱਚੇ ਸਾਹ ਕਾਰਜ ਨੂੰ ਬਿਹਤਰ ਬਣਾਉਂਦੀ ਹੈ। ਐਂਟੀਆਕਸੀਡੈਂਟਸ ਨਾਲ ਭਰਪੂਰ ਸੰਤੁਲਿਤ ਖੁਰਾਕ ਖਾਣ, ਲੋੜੀਂਦਾ ਪਾਣੀ ਪੀਣਾ ਅਤੇ ਸਿਹਤਮੰਦ ਭਾਰ ਬਣਾਈ ਰੱਖਣ ਨਾਲ ਫੇਫੜਿਆਂ ਦੀ ਸਿਹਤ ’ਚ ਸੁਧਾਰ ਹੁੰਦਾ ਹੈ ਅਤੇ ਸਬੰਧਤ ਬੀਮਾਰੀਆਂ ਦਾ ਜੋਖਿਮ ਘੱਟ ਜਾਂਦਾ ਹੈ।


author

Shivani Bassan

Content Editor

Related News