ਖੇਤੀ ਬਿੱਲਾਂ ਖ਼ਿਲਾਫ਼ ਪਾਰਲੀਮੈਂਟ ਦਾ ਘਿਰਾਓ ਕਰਨ ਲਈ ਲੋਕ ਇਨਸਾਫ਼ ਪਾਰਟੀ ਕੱਢੇਗੀ ਰੈਲੀ: ਬੈਂਸ

9/19/2020 1:51:08 PM

ਅੰਮ੍ਰਿਤਸਰ (ਅਨਜਾਣ): ਲੋਕ ਇਨਸਾਫ਼ ਪਾਰਟੀ 23 ਸਤੰਬਰ ਨੂੰ ਫਤਹਿਗੜ੍ਹ ਸਾਹਿਬ ਤੋਂ ਹਜ਼ਾਰਾਂ ਦੀ ਗਿਣਤੀ 'ਚ ਇਕੱਤਰ ਹੋ ਕੇ ਮੋਟਰਸਾਈਕਲ ਰੈਲੀ ਕੱਢੇਗੀ ਤੇ ਪਾਰਲੀਮੈਂਟ ਦਾ ਘਿਰਾਓ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਨੇ ਆਪਣੀ ਅੰਮ੍ਰਿਤਸਰ ਫੇਰੀ 'ਤੇ ਪਾਰਟੀ ਦੇ ਮਾਝੇ ਦੇ ਪ੍ਰਧਾਨ ਅਮਰੀਕ ਸਿੰਘ ਵਰਪਾਲ, ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖ਼ਾਲਸਾ ਤੇ ਮਾਝੇ ਦੇ ਜਨਰਲ ਸਕੱਤਰ ਤੇ ਕੌਰ ਕਮੇਟੀ ਮੈਂਬਰ ਪ੍ਰਕਾਸ਼ ਸਿੰਘ ਮਾਹਲ ਨੂੰ ਨਾਲ ਲੈ ਕੇ ਸਥਾਨਕ ਹੋਟਲ 'ਚ ਪਾਰਟੀ ਦੀ ਮੀਟਿੰਗ ਦੌਰਾਨ ਕੀਤਾ।

ਇਹ ਵੀ ਪੜ੍ਹੋ: ਜਬਰ ਜ਼ਿਨਾਹ ਦੀ ਸ਼ਿਕਾਰ ਕੁੜੀ ਨੂੰ ਧੱਕੇ ਖਾਣ ਮਗਰੋਂ ਵੀ ਨਾ ਮਿਲਿਆ ਇਨਸਾਫ਼, ਚੁੱਕਿਆ ਖ਼ੌਫ਼ਨਾਕ ਕਦਮ

ਕਿਸਾਨੀ ਆਰਡੀਨੈਂਸ ਖਿਲਾਫ ਸੰਘਰਸ਼ ਦਾ ਐਲ਼ਾਨ ਕਰਦਿਆਂ ਬੈਂਸ ਨੇ ਕਿਹਾ ਕਿ ਪਹਿਲਾਂ ਵੀ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਅੰਮ੍ਰਿਤਸਰ ਤੋਂ ਇਕ ਸਾਈਕਲ ਮਾਰਚ ਕੱਢ ਕੇ ਮੁੱਖ ਮੰਤਰੀ ਪੰਜਾਬ ਨੂੰ ਕਿਸਾਨੀ ਆਰਡੀਨੈਂਸ ਰੱਦ ਕਰਨ ਲਈ ਮੰਗ ਪੱਤਰ ਸੌਂਪਿਆ ਸੀ। ਜਿਸਨੂੰ ਪਾਰਲੀਮੈਂਟ ਵਿਚ ਦੋ ਦਿਨ ਪਹਿਲਾਂ ਮਨਜ਼ੂਰ ਕੀਤਾ ਗਿਆ ਹੈ ਤੇ ਹਾਲੇ ਵੀ ਕਿਸਾਨਾਂ ਖ਼ਿਲਾਫ ਇਸ ਕਾਲੇ ਕਾਨੂੰਨ ਨੂੰ ਰਾਸ਼ਟਰਪਤੀ ਦੇ ਦਸਤਖਤਾਂ ਤੋਂ ਪਹਿਲਾਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨ ਨੂੰ ਮਹਿਜ਼ ਦਿਹਾੜੀਦਾਰ ਬਣਾ ਕੇ ਰੱਖ ਦੇਵੇਗਾ ਜਿਸ ਕਾਰਨ ਕਿਸਾਨ ਆਪਣੇ ਕਿੱਤੇ ਨੂੰ ਛੱਡਣ ਨੂੰ ਮਜ਼ਬੂਰ ਹੋ ਜਾਵੇਗਾ। ਉਨ੍ਹਾਂ ਕਿਸਾਨੀ ਆਰਡੀਨੈਂਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਕੈਪਟਨ ਸਾਹਿਬ ਤਾਂ ਮਗਰਮੱਛ ਦੇ ਹੰਝੂ ਵਹਾਉਂਦੇ ਹਨ। ਜੋ ਸਾਨੂੰ ਸੰੰਘਰਸ਼ ਕਰਨ ਵੇਲੇ ਡਾਂਗਾ ਮਾਰਦੇ ਹਨ ਤੇ ਮੁਕੱਦਮੇ ਦਰਜ ਕਰਦੇ ਹਨ ਪਰ ਹੁਣ ਕਹਿੰਦੇ ਹਨ ਕਿ ਮੈਂ ਵੀ ਤੁਹਾਡੇ ਨਾਲ ਚੱਲਾਂਗਾ। ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਬਾਦਲ ਨੇ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਵਾਸਤੇ ਅਸਤੀਫ਼ਾ ਦਿੱਤਾ ਹੈ ਨਾ ਕਿ ਕਿਸਾਨਾਂ ਲਈ ਹਮਦਰਦੀ ਖਾਤਿਰ। ਉਨ੍ਹਾਂ ਕਿਹਾ ਜੇਕਰ ਹੁਣ ਆਵਾਜ਼ ਨਾ ਉਠਾਈ ਗਈ ਤਾਂ ਖੇਤ ਤਾਂ ਕਿਸਾਨ ਦਾ ਹੀ ਹੋਵੇਗਾ ਪਰ ਕਿਸਾਨ ਉਸ 'ਚ ਸਿਰਫ਼ ਮਜ਼ਦੂਰ ਦੀ ਤਰ੍ਹਾਂ ਕੰਮ ਕਰੇਗਾ।


Shyna

Content Editor Shyna